1. ਮੁੱਖ ਪੰਨਾ
  2. ਸਮਾਜ

ਮੈਨੀਟੋਬਾ ਵਿਚ ਆਪਣੇ ਹੀ ਪਰਿਵਾਰ ਦੇ ਪੰਜ ਜੀਆਂ ਨੂੰ ਮਾਰਨ ਵਾਲੇ ਸ਼ੱਕੀ ‘ਤੇ ਕਤਲ ਦੇ ਦੋਸ਼ ਆਇਦ

ਮ੍ਰਿਤਕਾਂ ਵਿਚ 3 ਬੱਚੇ ਵੀ ਸ਼ਾਮਲ

ਕਾਰਮੈਨ ਦੇ ਇੱਕ ਘਰ ਦੇ ਵਿਹੜੇ ਵਿਚ ਪਏ ਬੱਚਿਆਂ ਦੇ ਖਿਡੌਣੇ। ਪੁਲਿਸ ਨੇ ਇਸ ਘਰ ਨੂੰ ਪੀਲੀ ਟੇਪ ਨਾਲ ਸੀਲ ਕਰ ਦਿੱਤਾ ਹੈ।

ਕਾਰਮੈਨ ਦੇ ਇੱਕ ਘਰ ਦੇ ਵਿਹੜੇ ਵਿਚ ਪਏ ਬੱਚਿਆਂ ਦੇ ਖਿਡੌਣੇ। ਪੁਲਿਸ ਨੇ ਇਸ ਘਰ ਨੂੰ ਪੀਲੀ ਟੇਪ ਨਾਲ ਸੀਲ ਕਰ ਦਿੱਤਾ ਹੈ।

ਤਸਵੀਰ: (CBC)

RCI

ਮੈਨੀਟੋਬਾ ਦੇ 29 ਸਾਲ ਦੇ ਇੱਕ ਵਿਅਕਤੀ ਨੂੰ ਆਪਣੇ ਹੀ ਪਰਿਵਾਰ ਦੇ 5 ਜੀਆਂ ਨੂੰ ਕਤਲ ਕਰਨ ਦੇ ਮਾਮਲੇ ਵਿਚ ਪਹਿਲੇ-ਦਰਜੇ-ਦੇ-ਕਤਲ ਲਈ ਚਾਰਜ ਕੀਤਾ ਗਿਆ ਹੈ।

ਮ੍ਰਿਤਕਾਂ ਵਿਚ ਮਸ਼ਕੂਕ ਦੀ 30 ਸਾਲ ਦੀ ਸਾਥੀ (common-law partner), ਉਹਨਾਂ ਦੇ ਤਿੰਨ ਬੱਚੇ ਅਤੇ ਸਾਥੀ ਦੀ ਭਤੀਜੀ ਸ਼ਾਮਲ ਹੈ।

ਆਰਸੀਐਮਪੀ ਨੂੰ ਐਤਵਾਰ ਵਾਲੇ ਦਿਨ ਮੈਨੀਟੋਬਾ ਦੇ ਛੋਟੇ ਜਿਹੇ ਕਸਬੇ ਕਾਰਮੈਨ ਵਿਚ ਇਹ ਲਾਸ਼ਾਂ ਬਰਾਮਦ ਹੋਈਆਂ ਸਨ।

ਸੋਮਵਾਰ ਦੁਪਹਿਰ ਨੂੰ ਆਰਸੀਐਪੀ ਨੇ ਦੱਸਿਆ ਕਿ ਇਹਨਾਂ ਕਤਲਾਂ ਦੇ ਸਬੰਧ ਵਿਚ ਕਾਰਮੈਨ ਦੇ ਰਹਿਣ ਵਾਲੇ 29 ਸਾਲ ਦੇ ਰਾਇਨ ਹਾਵਰਡ ਮੈਨੋਕੀਸਿਕ ‘ਤੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਮ੍ਰਿਤਕਾਂ ਵਿਚ ਉਸਦੀ ਛੇ ਸਾਲ ਦੀ ਬੇਟੀ, ਚਾਰ ਸਾਲ ਦਾ ਬੇਟਾ, ਢਾਈ ਮਹੀਨੇ ਦੀ ਬੇਟੀ ਅਤੇ ਉਸਦੀ ਸਾਥੀ ਦੀ 17 ਸਾਲ ਦੀ ਭਤੀਜੀ ਸ਼ਾਮਲ ਹਨ।

ਪੰਜੇ ਪੀੜਤ ਵਿਨੀਪੈਗ ਦੇ 75 ਕਿਲੋਮੀਟਰ ਦੱਖਣ ਵਿਚ ਪੈਂਦੇ ਕਾਰਮੈਨ ਕਸਬੇ ਵਿਚ ਇਕੱਠੇ ਰਹਿੰਦੇ ਸਨ। ਪੁਲਿਸ ਅਨੁਸਾਰ ਸੋਮਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ ਅਤੇ ਮੰਗਲਵਾਰ ਨੂੰ ਵੀ ਜਾਰੀ ਰਹੇਗਾ।

ਐਤਵਾਰ ਨੂੰ ਸਭ ਤੋਂ ਪਹਿਲਾਂ ਕਾਰਮੈਨ ਅਤੇ ਵਿੰਕਲਰ ਦਰਮਿਆਨ ਹਾਈਵੇਅ 3 ਉੱਪਰ ਇੱਕ ਹਿਟ-ਐਂਡ-ਰਨ ਦੀ ਰਿਪੋਰਟ ਮਿਲੀ ਸੀ, ਜਿਸ ਤੋਂ ਬਾਅਦ ਔਰਤ ਦੀ ਲਾਸ਼ ਬਰਾਮਦ ਹੋਈ। ਔਰਤ ਦੀ ਲਾਸ਼ ਹਾਈਵੇਅ ਦੇ ਨਾਲ ਲੱਗਦੇ ਸੜਕ ਦੇ ਨੀਵੇਂ ਹਿੱਸੇ ਵਿਚ ਬਰਾਮਦ ਹੋਈ ਸੀ। ਸੋਮਵਾਰ ਨੂੰ ਇਸ ਔਰਤ ਦੀ ਪਛਾਣ ਰਾਇਨ ਦੀ ਸਾਥੀ ਵੱਜੋਂ ਹੋਈ।

ਔਰਤ ਦੀ ਲਾਸ਼ ਮਿਲਣ ਦੇ ਕਰੀਬ ਢਾਈ ਘੰਟੇ ਬਾਦ ਕਾਰਮੈਨ ਤੋਂ 70 ਕਿਲੋਮੀਟਰ ਉੱਤਰ ਵੱਲ ਪੁਲਿਸ ਨੂੰ ਅੱਗ ਵਿਚ ਬਲਦੇ ਇੱਕ ਵਾਹਨ ਦੀ ਸੂਚਨਾ ਮਿਲੀ। ਪੁਲਿਸ ਨੇ ਤਿੰਨ ਬੱਚਿਆਂ ਦੀ ਲਾਸ਼ਾਂ ਬਰਾਮਦ ਕੀਤੀਆਂ ਅਤੇ ਰਾਇਨ ਨੂੰ ਹਿਰਾਸਤ ਵਿਚ ਲਿਆ।

ਸ਼ੁਰੂਆਤੀ ਪੁਲਿਸ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਇੱਕ ਚਸ਼ਮਦੀਦ ਨੇ ਬਲਦੇ ਵਾਹਨ ਚੋਂ ਬੱਚਿਆਂ ਨੂੰ ਬਾਹਰ ਕੱਢਿਆ ਸੀ, ਪਰ ਸੋਮਵਾਰ ਨੂੰ ਪੁਲਿਸ ਨੇ ਇਸ ਰਿਪੋਰਟ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੁਲਜ਼ਮ ਨੇ ਆਪ ਹੀ ਆਪਣੇ ਬੱਚੇ ਵਾਹਨ ਚੋਂ ਕੱਢੇ ਸਨ।

ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਪੁਲਿਸ ਕਾਰਮੈਨ ਵਿੱਖੇ ਇੱਕ ਘਰ ਵਿਚ ਪਹੁੰਚੀ ਜਿੱਥੇ ਉਨ੍ਹਾਂ ਨੂੰ ਇੱਕ ਹੋਰ ਲਾਸ਼ ਬਰਾਮਦ ਹੋਈ। ਸੋਮਵਾਰ ਨੂੰ ਆਰਸੀਐਮਪੀ ਨੇ ਉਸ ਮ੍ਰਿਤਕ ਦੀ ਪਛਾਣ ਰਾਇਨ ਦੀ ਸਾਥੀ ਦੀ ਭਤੀਜੀ ਵੱਜੋਂ ਕੀਤੀ।

ਇਸ ਘਟਨਾ ਤੋਂ ਬਾਅਦ ਪੂਰੇ ਕਾਰਮੈਨ ਕਸਬੇ ਵਿਚ ਸੁੰਨ ਪੱਸਰ ਗਈ ਹੈ ਅਤੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਇੰਨੀ ਬੇਰਹਿਮ ਘਟਨਾ ਉਨ੍ਹਾਂ ਦੇ ਨਿੱਕੇ ਜਿਹੇ ਕਸਬੇ ਵਿਚ ਵਾਪਰੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ