1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕਿੰਗ ਚਾਰਲਜ਼ ਦਾ ਕੈਨੇਡਾ ਦੌਰਾ ਮੁਲਤਵੀ

ਸੂਤਰਾਂ ਅਨੁਸਾਰ ਮਈ 2024 ਵਿਚ ਕਿੰਗ ਚਾਰਲਜ਼ ਅਤੇ ਰਾਣੀ ਕੈਮਿਲਾ ਨੇ ਕੈਨੇਡਾ ਆਉਣਾ ਸੀ

ਕਿੰਗ ਚਾਰਲਜ਼ ਅਤੇ ਰਾਣੀ ਕੈਮਿਲਾ 29 ਜਨਵਰੀ 2024 ਨੂੰ ਲੰਡਨ ਕਲੀਨਿਕ ਚੋਂ ਨਿਕਲਦੇ ਹੋਏ।

ਕਿੰਗ ਚਾਰਲਜ਼ ਅਤੇ ਰਾਣੀ ਕੈਮਿਲਾ 29 ਜਨਵਰੀ 2024 ਨੂੰ ਲੰਡਨ ਕਲੀਨਿਕ ਚੋਂ ਨਿਕਲਦੇ ਹੋਏ।

ਤਸਵੀਰ: Getty Images / Peter Nicholls

RCI

ਬਤੌਰ ਰਾਜ ਪ੍ਰਮੁਖ ਕਿੰਗ ਚਾਰਲਜ਼ ਦਾ ਕੈਨੇਡਾ ਦੌਰਾ ਮੁਲਤਵੀ ਹੋ ਗਿਆ ਹੈ।

ਚਾਰਲਜ਼ ਨੂੰ ਕੈਂਸਰ ਦੀ ਤਸ਼ਖ਼ੀਸ ਹੋਣ ਤੋਂ ਬਾਅਦ ਇਹ ਦੌਰਾ ਮੁਲਤਵੀ ਕੀਤਾ ਗਿਆ ਹੈ।

ਭਾਵੇਂ ਬਕਿੰਘਮ ਪੈਲੇਸ ਨੇ ਅਧਿਕਾਰਤ ਤੌਰ ‘ਤੇ ਕਦੇ ਵੀ ਇਸ ਦੌਰੇ ਦੀ ਪੁਸ਼ਟੀ ਨਹੀਂ ਕੀਤੀ ਸੀ, ਪਰ ਸੀਬੀਸੀ ਨੂੰ ਕੈਨੇਡਾ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਸੀ ਕਿ ਕਿੰਗ ਚਾਰਲਜ਼ ਅਤੇ ਰਾਣੀ ਕੈਮਿਲਾ ਨੇ ਮਈ 2024 ਵਿਚ ਕੈਨੇਡਾ ਆਉਣਾ ਸੀ। ਬ੍ਰਿਟਿਸ਼ ਮੀਡੀਆ ਵਿਚ ਵੀ ਇਸ ਪਲਾਨ ਕੀਤੀ ਗਈ ਫੇਰੀ ਦੀ ਖ਼ਬਰ ਛਪੀ ਸੀ।

ਇਸ ਮਹੀਨੇ ਦੇ ਸ਼ੁਰੂ ਵਿਚ ਹੀ ਬਕਿੰਘਮ ਪੈਲੇਸ ਨੇ ਕਿਹਾ ਸੀ ਕਿ ਮੈਡੀਕਲ ਸਟਾਫ਼ ਨੇ ਚਾਰਲਜ਼ ਵਿਚ ਇੱਕ ਕੈਂਸਰ ਦੀ ਪਛਾਣ ਕੀਤੀ ਹੈ। ਗ਼ੌਰਤਲਬ ਹੈ ਕਿ 75 ਸਾਲ ਦੇ ਕਿੰਗ ਚਾਰਲਜ਼ ਦੀ ਹਾਲ ਹੀ ਵਿਚ ਪ੍ਰੋਸਟੇਟ ਸਰਜਰੀ ਵੀ ਹੋਈ ਹੈ।

ਹਾਲਾਂਕਿ ਪੈਲੇਸ ਨੇ ਇਹ ਨਹੀਂ ਦੱਸਿਆ ਸੀ ਕਿ ਚਾਰਲਜ਼ ਨੂੰ ਕਿਸ ਤਰ੍ਹਾਂ ਦਾ ਕੈਂਸਰ ਹੋਇਆ ਹੈ ਅਤੇ ਉਹਨਾਂ ਦੀ ਕਿਹੜਾ ਇਲਾਜ ਚਲ ਰਿਹਾ ਹੈ।

ਪਰ ਪੈਲੇਸ ਨੇ ਦੱਸਿਆ ਸੀ ਕਿ ਕਿੰਗ ਚਾਰਲਜ਼ ਦੇ ਨਿਰੰਤਰ ਇਲਾਜ ਦੀ ਮਿਆਦ ਸ਼ੁਰੂ ਹੋ ਗਈ ਹੈ। ਇੱਕ ਬਿਆਨ ਵਿਚ ਪੈਲੇਸ ਨੇ ਕਿਹਾ ਸੀ ਕਿ ਕਿੰਗ ਚਾਲਰਜ਼ ਆਪਣੇ ਇਲਾਜ ਬਾਰੇ ਪੂਰੀ ਤਰ੍ਹਾਂ ਸਕਾਰਾਤਮਕ ਹਨ ਅਤੇ ਜਲਦੀ ਤੋਂ ਜਲਦੀ ਪੂਰੀ ਜਨਤਕ ਡਿਊਟੀ ‘ਤੇ ਵਾਪਸ ਆਉਣ ਦੀ ਉਮੀਦ ਕਰਦੇ ਹਨ।

ਸੀਬੀਸੀ ਨਿਊਜ਼ ਦੀ ਸੂਚਨਾ-ਤੱਕ-ਪਹੁੰਚ ਦੀ ਬੇਨਤੀ ਦੇ ਜਵਾਬ ਵਿੱਚ, ਇੱਕ ਕੈਨੇਡੀਅਨ ਅਧਿਕਾਰੀ ਨੇ ਦੱਸਿਆ ਕਿ ਕਿੰਗ ਚਾਰਲਜ਼ ਦੀ ਕੈਂਸਰ ਦੀ ਘੋਸ਼ਣਾ ਤੋਂ ਬਾਅਦ, 2024 ਲਈ ਕੈਨੇਡਾ ਵਿੱਚ ਉਹਨਾਂ ਦੇ ਕਿਸੇ ਹੋਰ ਟੂਰ ਦੀ ਯੋਜਨਾ ਨਹੀਂ ਹੈ,  ਅਤੇ ਨਾ ਹੀ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਕਿਸੇ ਟੂਰ ਦੀ ਯੋਜਨਾ ਹੈ।

ਸੂਤਰ, ਜਿਹੜੇ ਜਨਤਕ ਤੌਰ ‘ਤੇ ਇਸ ਬਾਰੇ ਗੱਲ ਨਹੀਂ ਕਰ ਸਕਦੇ, ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਸ਼ਾਹੀ ਦੌਰੇ ਦੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਬਕਿੰਘਮ ਪੈਲੇਸ ਨੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।

ਸ਼ਾਹੀ ਟਿੱਪਣੀਕਾਰ ਅਤੇ ਲੇਖਕ ਵਿਕਟੋਰੀਆ ਮਰਫੀ ਨੇ ਕਿਹਾ ਕਿ ਕਿਉਂਕਿ ਕਿਸੇ ਵੀ ਟੂਰ ਦਾ ਜਨਤਕ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਸੀ ਇਸ ਕਰਕੇ ਸ਼ਾਹੀ ਪਰਿਵਾਰ ਨੂੰ ਜਨਤਕ ਤੌਰ 'ਤੇ ਕੁਝ ਵੀ ਰੱਦ ਨਹੀਂ ਕਰਨਾ ਪਵੇਗਾ।

ਸੀਬੀਸੀ ਨਿਊਜ਼ ਨੂੰ ਇੱਕ ਇੰਟਰਵਿਊ ਵਿਚ ਮਰਫ਼ੀ ਨੇ ਕਿਹਾ, ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਦੇ ਦੇ ਪਿੱਛੇ ਯੋਜਨਾਬੰਦੀ ਦੀਆਂ ਚਰਚਾਵਾਂ ਸਨ ਜੋ ਹੁਣ ਇਸ ਤਸ਼ਖ਼ੀਸ ਦੇ ਕਾਰਨ ਰੁਕ ਗਈਆਂ ਹਨ

ਪਿਛਲੇ ਸਾਲ ਮਈ ਵਿੱਚ ਆਪਣੀ ਤਾਜਪੋਸ਼ੀ ਤੋਂ ਬਾਅਦ ਕਿੰਗ ਚਾਰਲਜ਼ ਨੇ ਬਹੁਤ ਸਾਰੇ ਰਾਸ਼ਟਰਮੰਡਲ ਦੇਸ਼ਾਂ ਦੀ ਯਾਤਰਾ ਨਹੀਂ ਕੀਤੀ ਹੈ।

ਕਿੰਗ ਚਾਰਲਜ਼ ਜਰਮਨੀ, ਰੋਮਾਨੀਆ, ਫ਼੍ਰਾਂਸ, ਕੀਨੀਆ ਦਾ ਦੌਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੇ ਜਲਵਾਯੂ ਸੰਮੇਲਨ ਵਿਚ ਯੂਏਈ ਦਾ ਦੌਰਾ ਕੀਤਾ ਸੀ।

ਆਖ਼ਰੀ ਵਾਰ ਕਿੰਗ ਚਾਰਲਜ਼ ਮਈ 2022 ਵਿੱਚ ਕੈਨੇਡਾ ਆਏ ਸਨ ਜਦੋਂ ਉਹਨਾਂ ਨੇ ਨਿਊਫ਼ੰਡਲੈਂਡ, ਔਟਵਾ ਅਤੇ ਨੌਰਥ ਵੈਸਟ ਟੈਰੀਟ੍ਰੀਜ਼ ਦਾ ਦੌਰਾ ਕੀਤਾ ਸੀ। ਉਸ ਫੇਰੀ ਦੌਰਾਨ, ਉਸ ਸਮੇਂ ਦੀ ਅਸੈਂਬਲੀ ਔਫ਼ ਫਸਟ ਨੇਸ਼ਨਜ਼ ਦੀ ਰਾਸ਼ਟਰੀ ਮੁਖੀ, ਰੋਜ਼ੇਨ ਆਰਚੀਬਾਲਡ ਨੇ ਮਹਾਰਾਣੀ ਐਲੀਜ਼ਾਬੈਥ ਨੂੰ ਮੂਲਨਿਵਾਸੀ ਲੋਕਾਂ ਕੋਲੋਂ ਆਪਣੇ ਸੰਧੀ ਸਮਝੌਤਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਲਈ ਮੁਆਫੀ ਮੰਗਣ ਲਈ ਕਿਹਾ ਸੀ।

ਆਰਚੀਬਾਲਡ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਚਾਰਲਜ਼ ਨੇ ਬੇਨਤੀ ਸੁਣੀ ਅਤੇ ਉਹਨਾਂ ਦਾ ਰਵੱਈਆ ਇਸ ਪ੍ਰਤੀ ਬਹੁਤ ਹਮਦਰਦੀ ਵਾਲਾ ਸੀ।

ਕੇਟ ਮਕੈਨਾ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ