1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

‘ਸੰਕਟ ਚ ਹਨ ਅੰਤਰਰਾਸ਼ਟਰੀ ਵਿਦਿਆਰਥੀ’, ਚੈਰਿਟੀਜ਼ ਵੱਲੋਂ ਸਰਕਾਰਾਂ ਨੂੰ ਜ਼ਿੰਮੇਵਾਰੀ ਚੁੱਕਣ ਦੀ ਅਪੀਲ

ਹਿਮਾਇਤੀਆਂ ਦਾ ਕਹਿਣਾ ਹੈ ਕਿ ਵਿੱਦਿਅਕ ਅਦਾਰਿਆਂ ਨੂੰ ਸਰਕਾਰੀ ਫੰਡਾਂ ਦੀ ਘਾਟ ਵੀ ਸਮੱਸਿਆ ਦਾ ਵੱਡਾ ਕਾਰਨ

ਖ਼ਾਲਸਾ ਏਡ ਦੇ ਜਿੰਦੀ ਸਿੰਘ ਦਾ ਕਹਿਣਾ ਹੈ ਕਿ ਬ੍ਰੈਂਪਟਨ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਥਿਤੀ ਵਧੇਰੇ ਗੰਭੀਰ ਹੈ।

ਖ਼ਾਲਸਾ ਏਡ ਦੇ ਜਿੰਦੀ ਸਿੰਘ ਦਾ ਕਹਿਣਾ ਹੈ ਕਿ ਬ੍ਰੈਂਪਟਨ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਥਿਤੀ ਵਧੇਰੇ ਗੰਭੀਰ ਹੈ।

ਤਸਵੀਰ: (Submitted by Jindi Singh)

RCI

ਕੈਨੇਡਾ ਵਿਚ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਥਿਤੀ ਹੋਰ ਗੰਭੀਰ ਹੁੰਦੀ ਜਾਪ ਰਹੀ ਹੈ।

ਚੈਰਿਟੀ ਸੰਸਥਾ ਖ਼ਾਲਸਾ ਏਡ ਦੀ ਕੈਨੇਡੀਅਨ ਬ੍ਰਾਂਚ ਦਾ ਕਹਿਣਾ ਹੈ ਕਿ ਉਸਨੂੰ ਬ੍ਰੈਂਪਟਨ ਵਿਚ ਪਿਛਲੇ ਸਾਲ ਕੱਪੜੇ, ਭੋਜਨ ਅਤੇ ਰਿਹਾਇਸ਼ ਦੀ ਮਦਦ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਇੱਕ ਹਫ਼ਤੇ ਵਿਚ ਪੰਜ ਕਾਲਾਂ ਆਉਂਦੀਆਂ ਸਨ, ਪਰ ਵਰਤਮਾਨ ਵਿਚ ਹਰ ਰੋਜ਼ ਅਜਿਹੀਆਂ ਪੰਜ ਕਾਲਾਂ ਆ ਰਹੀਆਂ ਹਨ, ਜਿਸ ਕਰਕੇ ਸੰਸਥਾ ‘ਤੇ ਤਣਾਅ ਬਣ ਰਿਹਾ ਹੈ।

ਖ਼ਾਲਸਾ ਏਡ ਕੈਨੇਡਾ ਇਸ ਸਮੇਂ ਮੁਲਕ ਭਰ ਵਿਚ ਭੋਜਨ, ਕੱਪੜੇ ਅਤੇ ਆਸਰੇ ਲਈ ਜੂਝਦੇ 8,200 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ। ਇਸ ਚੈਰਿਟੀ ਸੰਸਥਾ ਦਾ ਕਹਿਣਾ ਹੈ ਕਿ ਪੋਸਟ-ਸੈਕੰਡਰੀ ਅਦਾਰਿਆਂ ਅਤੇ ਸਰਕਾਰ ਦੋਵਾਂ ਨੂੰ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਹੋਰ ਕੰਮ ਕਰਨਾ ਚਾਹੀਦਾ ਹੈ।

ਚੈਰਿਟੀ ਸੰਸਥਾ ਖ਼ਾਲਸਾ ਏਡ ਦੀ ਕੈਨੇਡੀਅਨ ਬ੍ਰਾਂਚ ਦੇ ਨੈਸ਼ਨਲ ਡਾਇਰੈਕਟਰ, ਜਿੰਦੀ ਸਿੰਘ

ਚੈਰਿਟੀ ਸੰਸਥਾ ਖ਼ਾਲਸਾ ਏਡ ਦੀ ਕੈਨੇਡੀਅਨ ਬ੍ਰਾਂਚ ਦੇ ਨੈਸ਼ਨਲ ਡਾਇਰੈਕਟਰ, ਜਿੰਦੀ ਸਿੰਘ

ਤਸਵੀਰ: (Submitted by Jindi Singh)

ਇਕੱਲੇ ਜੀਟੀਏ ਵਿਚ 500,000 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਹਨ। ਖ਼ਾਲਸਾ ਏਡ ਦੇ ਨੈਸ਼ਨਲ ਡਾਇਰੈਕਟਰ ਜਿੰਦੀ ਸਿੰਘ ਦਾ ਕਹਿਣਾ ਹੈ ਕਿ ਚੈਰਿਟੀਜ਼ ਅਤੇ ਸਹਾਇਤਾ ਸਮੂਹ ਤਣਾਅ ਹੇਠ ਹਨ ਅਤੇ ਆਪਣੀ ਗੁੰਜਾਇਸ਼ ਨਾਲੋਂ ਵੱਧ ਮਦਦ ਕਰ ਰਹੇ ਹਨ।

ਉਨ੍ਹਾਂ ਕਿਹਾ, ਅਸੀਂ ਸਚਮੁਚ ਮਹਿਸੂਸ ਕਰ ਰਹੇ ਹਾਂ ਕਿ ਇਹ ਸਾਡਾ ਕੰਮ ਨਹੀਂ ਹੈ

ਜਿੰਦੀ ਸਿੰਘ ਨੇ ਕਿਹਾ ਕਿ ਪੋਸਟ-ਸੈਕੰਡਰੀ ਅਦਾਰੇ ਇਸ ਸਥਿਤੀ ਵਿਚੋਂ ਕਈ ਬਿਲੀਅਨ ਡਾਲਰਾਂ ਦੀ ਕਮਾਈ ਕਰ ਰਹੇ ਹਨ, ਪਰ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਕੁਝ ਨਹੀਂ ਕਰ ਰਹੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਥਿਤੀ ਲਈ ਜ਼ਿੰਮੇਵਾਰ ਪੋਸਟ-ਸੈਕੰਡਰੀ ਸੰਸਥਾਵਾਂ ਅਤੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਲੈਣ ਅਤੇ ਸਮੱਸਿਆ ਦੀ ਜੜ੍ਹ ਤੱਕ ਜਾਣ।

ਕਾਲਜ ਸਟੂਡੈਂਟ ਅਲਾਇੰਸ ਦੇ ਪ੍ਰੈਜ਼ੀਡੈਂਟ, ਅਜ਼ੀ ਅਫ਼ੂਸੀ ਨੇ ਜਿੰਦੀ ਨਾਲ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਕਿਫ਼ਾਇਤ ਦੀ ਕਮੀ ਸਥਿਤੀ ਨੂੰ ਹੋਰ ਗੰਭੀਰ ਬਣਾ ਰਹੀ ਹੈ। ਅਫ਼ੂਸੀ ਨੇ ਕਿਹਾ ਕਿ ਓਨਟੇਰਿਓ ਭਰ ਦੀਆਂ ਸਟੂਡੈਂਟ ਯੂਨੀਅਨਾਂ ਨੂੰ ਰਿਹਾਇਸ਼ ਸਬੰਧੀ ਜੱਦੋ-ਜਿਹਦ ਦੀਆਂ ਜ਼ਿਆਦਾ ਕਾਲਾਂ ਪ੍ਰਾਪਤ ਹੋ ਰਹੀਆਂ ਹਨ। ਅਫੂਸੀ ਨੇ ਦੱਸਿਆ ਕਿ ਉਸਦਾ ਖ਼ੁਦ ਦਾ ਇੱਕ ਸਹਿਕਰਮੀ 15 ਜਣਿਆਂ ਨਾਲ ਘਰ ਸਾਂਝਾ ਕਰਦਾ ਹੈ।

ਜਿੰਦੀ ਸਿੰਘ ਦਾ ਕਹਿਣਾ ਹੈ ਕਿ ਹਾਊਸਿੰਗ ਅਤੇ ਭੋਜਨ ਦੀ ਅਣਹੋਂਦ ਵਿਚ ਇਹ ਇੱਕ ਬੇਘਰਿਆਂ ਦੇ ਕੈਂਪ ਵਰਗੀ ਸਥਿਤੀ ਬਣ ਰਹੀ ਹੈ।

ਪੀਲ ਰੀਜਨ ਦੀਆਂ ਚੈਰਿਟੀਜ਼ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਤਣਾਅ ਹੇਠ ਹਨ। ਪਿਛਲੇ ਜੂਨ ਤੋਂ ਹੁਣ ਤੱਕ ਖ਼ਾਲਸਾ ਏਡ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 5,000 ਤੋਂ ਵੱਧ ਖਾਣੇ ਨਾਲ ਭਰੇ ਬੈਗ ਵੰਡ ਚੁੱਕੀ ਹੈ।

ਪੀਲ ਰੀਜਨ ਦੀਆਂ ਚੈਰਿਟੀਜ਼ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਤਣਾਅ ਹੇਠ ਹਨ। ਪਿਛਲੇ ਜੂਨ ਤੋਂ ਹੁਣ ਤੱਕ ਖ਼ਾਲਸਾ ਏਡ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 5,000 ਤੋਂ ਵੱਧ ਖਾਣੇ ਨਾਲ ਭਰੇ ਬੈਗ ਵੰਡ ਚੁੱਕੀ ਹੈ।

ਤਸਵੀਰ: (Submitted by Jindi Singh)

ਉਨ੍ਹਾਂ ਕਿਹਾ ਕਿ ਬ੍ਰੈਂਪਟਨ ਵਿਚ ਸਥਿਤੀ ਜ਼ਿਆਦਾ ਗੰਭੀਰ ਹੈ। ਬ੍ਰੈਂਪਟਨ ਵਿਚ ਫ਼ੈਡਰਲ ਸਰਕਾਰ ਕੋਲੋਂ ਲਾਇਸੈਂਸ ਪ੍ਰਾਪਤ 35 ਕਾਲਜ ਹਨ ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਦਾਖ਼ਲੇ ਲੈਂਦੇ ਹਨ। ਪਿਛਲੇ ਜੂਨ ਤੋਂ ਹੁਣ ਤੱਕ ਖ਼ਾਲਸਾ ਏਡ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 5,000 ਤੋਂ ਵੱਧ ਖਾਣੇ ਨਾਲ ਭਰੇ ਬੈਗ ਵੰਡ ਚੁੱਕੀ ਹੈ।

ਅੰਤਰਰਾਸ਼ਟਰੀ ਵਿਦਿਆਰਥੀ ਘਰੇਲੂ ਵਿਦਿਆਰਥੀਆਂ ਨਾਲੋਂ ਚਾਰ ਗੁਣਾ ਵੱਧ ਫੀਸ ਭਰਦੇ ਹਨ। ਜਿੰਦੀ ਨੇ ਕਿਹਾ ਕਿ ਕਾਲਜਾਂ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਰਿਹਾਇਸ਼, ਭੋਜਨ ਅਤੇ ਨੌਕਰੀਆਂ ਵਿਚ ਮਦਦ ਨਾ ਕਰਨਾ ਨਿਰੀ-ਮੁਨਾਫ਼ਾਖੋਰੀ ਹੈ।

ਅਫੂਸੀ ਦਾ ਕਹਿਣਾ ਹੈ ਕਿ ਓਨਟੇਰਿਓ ਸਰਕਾਰ ਵੱਲੋਂ ਉਚਿਤ ਫ਼ੰਡਿੰਗ ਨਾ ਦਿੱਤੇ ਜਾਣ ਕਰਕੇ ਇਹ ਸਮੱਸਿਆ ਹੋ ਡੂੰਘੀ ਹੋ ਰਹੀ ਹੈ।

2021 ਦੀ ਸੂਬਾਈ ਆਡੀਟਰ ਜਨਰਲ ਦੀ ਰਿਪੋਰਟ ਅਨੁਸਾਰ, ਓਨਟੇਰਿਓ ਦੇ 24 ਕਾਲਜਾਂ ਦੀ ਫ਼ੀਸ ਦੀ ਆਮਦਨ ਦਾ 68% ਹਿੱਸਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਆਉਂਦਾ ਹੈ। ਕਈ ਉੱਤਰੀ ਓਨਟੇਰਿਓ ਦੇ ਕਾਲਜਾਂ ਚ ਇਹ ਹਿੱਸਾ 90% ਤੋਂ ਵੀ ਵੱਧ ਹੈ।

ਸਤੰਬਰ 2023 ਦੀ ਇੱਕ ਰਿਪੋਰਟ ਅਨੁਸਾਰ, ਇਕੱਲੇ ਭਾਰਤ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਓਨਟੇਰਿਓ ਦੇ ਕਾਲਜਾਂ ਨੂੰ 2 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ, ਜਦਕਿ ਸੂਬਾ ਸਰਕਾਰ ਵੱਲੋਂ ਕਾਲਜਾਂ ਨੂੰ ਯੋਗਦਾਨ ਤਕਰੀਬਨ 1.8 ਬਿਲੀਅਨ ਸੀ।

ਸੂਬੇ ਵੱਲੋਂ ਫ਼ੰਡਿੰਗ ਵਧਾਉਣ ਬਾਰੇ ਪੁੱਛੇ ਜਾਣ ਦਾ ਓਨਟੇਰਿਓ ਮਿਨਿਸਟਰੀ ਔਫ਼ ਕਾਲਜੇਜ਼ ਐਂਡ ਯੂਨੀਵਰਸਿਟੀਜ਼ ਦੇ ਬੁਲਾਰੇ ਨੇ ਜਵਾਬ ਨਹੀਂ ਦਿੱਤਾ। ਪਰ ਬੁਲਾਰੇ ਨੇ ਜਨਵਰੀ ਦੀ ਇੱਕ ਨਿਊਜ਼ ਰਿਲੀਜ਼ ਦਾ ਹਵਾਲਾ ਦਿੱਤਾ ਜਿਸ ਵਿਚ ਸੂਬਾ ਸਰਕਾਰ ਵੱਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਗਾਰੰਟੀਡ ਹਾਊਸਿੰਗ ਵਿਕਲਪ ਜ਼ਰੂਰੀ ਕਰਨ ‘ਤੇ ਵਿਚਾਰ ਦਾ ਜ਼ਿਕਰ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰ ਰਹੀ ਸੰਸਥਾ, ਸੁਖਮਨੀ ਹੇਵਨ ਦੀ ਬੋਰਡ ਮੈਂਬਰ ਦੀਪਾ ਮੱਟੂ ਅਤੇ ਜਿੰਦੀ ਸਿੰਘ ਦੋਵਾਂ ਨੇ ਸਰਕਾਰ ਵੱਲੋਂ ਸਟਡੀ ਪਰਮਿਟ ਦੀ ਗਿਣਤੀ ਸੀਮਤ ਕਰਨ ਦੇ ਫ਼ੈਸਲੇ ਦਾ ਸੁਆਗਤ ਕੀਤਾ, ਪਰ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੋਰ ਮਦਦ ਕਰਨ ਦੀ ਵੀ ਅਪੀਲ ਕੀਤੀ।

ਦੀਪਾ ਨੇ ਕਿਹਾ ਕਿ ਸਟਡੀ ਪਰਮਿਟਾਂ ਦੀ ਗਿਣਤੀ ਸੀਮਤ ਕਰਨ ਨਾਲ ਵਿਦਿਆਰਥੀਆਂ ਦੀ ਹਾਊਸਿੰਗ ਸਮੱਸਿਆ ਨੂੰ ਕੁਝ ਕੁ ਰਾਹਤ ਭਾਵੇਂ ਮਿਲੇ, ਪਰ ਇਹ ਫ਼ੈਸਲਾ ਕੈਨੇਡਾ ਵਿਚ ਪਹਿਲਾਂ ਤੋਂ ਹੀ ਮੌਜੂਦ ਵਿਦਿਆਰਥੀਆਂ ਦੀ ਮਦਦ ਲਈ ਕੁਝ ਨਹੀਂ ਕਰਦਾ।

ਜਿੰਦੀ ਸਿੰਘ ਨੇ ਫ਼ੈਡਰਲ ਸਰਕਾਰ ‘ਤੇ ਬੇਤਹਾਸ਼ਾ ਅੰਤਰਰਾਸ਼ਟਰੀ ਵਿਦਿਆਰਥੀ ਸੱਦਣ ਦਾ ਵੀ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਲੋੜੀਂਦੀ ਹਾਊਸਿੰਗ ਨੂੰ ਧਿਆਨ ਵਿਚ ਰੱਖੇ ਬਗ਼ੈਰ, 2022 ਵਿਚ ਕੈਨੇਡਾ ਵਿਚ 800,000 ਅੰਤਰਰਾਸ਼ਟਰੀ ਵਿਦਿਆਰਥੀ ਅਤੇ 2023 ਵਿਚ 90,000 ਅੰਤਰਰਾਸ਼ਟਰੀ ਵਿਦਿਆਰਥੀ ਸੱਦੇ ਗਏ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰ ਰਹੀ ਸੰਸਥਾ, ਸੁਖਮਨੀ ਹੇਵਨ ਦੀ ਬੋਰਡ ਮੈਂਬਰ ਦੀਪਾ ਮੱਟੂ।

ਸੁਖਮਨੀ ਹੇਵਨ ਦੀ ਬੋਰਡ ਮੈਂਬਰ ਦੀਪਾ ਮੱਟੂ

ਤਸਵੀਰ: (Submitted by Deepa Mattoo)

ਇਮੀਗ੍ਰੇਸ਼ਨ ਵਿਭਾਗ ਦੀ ਬੁਲਾਰਨ, ਜੂਲੀ ਲਾਫ਼ਾਰਚੂਨ ਨੇ ਸੀਬੀਸੀ ਨੂੰ ਇੱਕ ਬਿਆਨ ਵਿਚ ਕਿਹਾ ਕਿ ਹਾਊਸਿੰਗ ਦੀ ਘਾਟ ਲਈ ਅੰਤਰਰਾਸ਼ਟਰੀ ਵਿਦਿਆਰਥੀ ਜ਼ਿੰਮੇਵਾਰ ਨਹੀਂ ਹਨ।

ਦਸੰਬਰ ਵਿਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਲਈ ਵਿੱਤੀ ਲੋੜ, ਯਾਨੀ ਕੈਨੇਡਾ ਵਿਚ ਰਹਿਣ-ਸਹਿਣ ਲਈ ਚਾਹੀਦੀ ਨਿਰਧਾਰਿਤ ਰਕਮ, ਨੂੰ 10,000 ਡਾਲਰ ਤੋਂ ਵਧਾਕੇ 20,635 ਡਾਲਰ ਕਰਨ ਦਾ ਐਲਾਨ ਕੀਤਾ ਸੀ।

ਲਾਫ਼ਾਰਚੂਨ ਨੇ ਕਿਹਾ ਕਿ ਇਹ ਰਾਸ਼ੀ ਹਰ ਸਾਲ ਐਡਜਸਟ ਕੀਤੀ ਜਾਵੇਗੀ ਤਾਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਆਪਣੇ ਗੁਜ਼ਾਰੇ ਲਈ ਲੋੜੀਂਦੇ ਪੈਸੇ ਹੋਣ।

ਉਹਨਾਂ ਕਿਹਾ ਕਿ ਇੱਕ ਵਿਦਿਆਰਥੀ ਜੋ ਲੋੜੀਂਦੇ ਫ਼ੰਡ ਤੋਂ ਬਗ਼ੈਰ ਕੈਨੇਡਾ ਪਹੁੰਚਦਾ ਹੈ ਉਸਨੂੰ ਵਧੇਰੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਸਨੂੰ ਮਾੜੇ ਹਾਲਾਤ ਵਿਚ ਰਹਿਣ ਲਈ ਮਜਬੂਰ ਹੋਣ ਦਾ ਜ਼ਿਆਦਾ ਖ਼ਦਸ਼ਾ ਹੁੰਦਾ ਹੈ।

ਮਿਸਿਸਾਗਾ ਅਧਾਰਤ ਸੁਖਮਨੀ ਹੇਵਨ ਨੇ ਕਿਰਾਏ ‘ਤੇ ਘਰ ਲਿਆ ਹੋਇਆ ਹੈ ਜਿੱਥੇ ਇਸ ਸਮੇਂ 8 ਅੰਤਰਰਾਸ਼ਟਰੀ ਵਿਦਿਆਰਥੀ ਮੁਫ਼ਤ ਰਹਿ ਰਹੇ ਹਨ। ਪਰ ਸੰਸਥਾ ਦਾ ਕਹਿਣਾ ਹੈ ਕਿ ਉਹ ਇਸ ਸਹਾਇਤਾ ਨੂੰ ਜਾਰੀ ਰੱਖਣ ਦੀ ਆਪਣੀ ਸਮਰੱਥਾ ਨੂੰ ਲੈਕੇ ਵੀ ਫ਼ਿਕਰਮੰਦ ਹੈ।

ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਗੈਰ-ਲਾਭਕਾਰੀ ਸੰਸਥਾਵਾਂ ਕਿਫਾਇਤੀ ਰਿਹਾਇਸ਼ਾਂ ਅਤੇ ਆਸਰਾ ਸਥਾਨਾਂ ਦੇ ਨਿਰਮਾਣ, ਰੱਖ-ਰਖਾਅ ਅਤੇ ਮੁਰੰਮਤ ਲਈ ਅਫ਼ੋਰਡੇਬਲ ਹਾਊਸਿੰਗ ਫੰਡ ਲਈ ਅਰਜ਼ੀ ਦੇਣ ਦੇ ਯੋਗ ਹੁੰਦੀਆਂ ਹਨ।

ਸਲੋਨੀ ਭੁਗਰਾ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ