1. ਮੁੱਖ ਪੰਨਾ
  2. ਸਮਾਜ

ਸਾਊਥ ਸਰੀ ‘ਚ ਇੱਕ ਸਿੱਖ ਕਾਰਕੁਨ ਦੇ ਘਰ ‘ਤੇ ਚੱਲੀਆਂ ਗੋਲੀਆਂ ਦੇ ਮਾਮਲੇ ਚ ਦੋ ਗ੍ਰਿਫ਼ਤਾਰ

ਬਾਅਦ ਵਿਚ ਦੋਵੇਂ ਨੌਜਵਾਨਾਂ ਨੂੰ ਬਗ਼ੈਰ ਚਾਰਜ ਦੇ ਛੱਡ ਦਿੱਤਾ ਗਿਆ

1 ਫ਼ਰਵਰੀ ਨੂੰ ਸਿੱਖ ਕਾਰਕੁਨ ਸਿਮਰਨਜੀਤ ਸਿੰਘ ਦੇ ਘਰ 'ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ।

1 ਫ਼ਰਵਰੀ ਨੂੰ ਸਿੱਖ ਕਾਰਕੁਨ ਸਿਮਰਨਜੀਤ ਸਿੰਘ ਦੇ ਘਰ 'ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ।

ਤਸਵੀਰ: (Ben Nelms/CBC)

ਤਾਬਿਸ਼ ਨਕਵੀ

1 ਫ਼ਰਵਰੀ ਨੂੰ ਸਾਊਥ ਸਰੀ ਵਿਚ ਰਹਿੰਦੇ ਇੱਕ ਸਿੱਖ ਕਾਰਕੁਨ ਦੇ ਘਰ ‘ਤੇ ਗੋਲੀਆਂ ਵਰ੍ਹਾਉਣ ਦੇ ਮਾਮਲੇ ਵਿਚ ਲੰਘੇ ਮੰਗਲਵਾਰ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਵੀਰਵਾਰ ਨੂੰ ਇੱਕ ਨਿਊਜ਼ ਰਿਲੀਜ਼ (ਨਵੀਂ ਵਿੰਡੋ) ਵਿਚ ਸਰੀ ਆਰਸੀਐਮਪੀ ਨੇ ਦੱਸਿਆ ਕਿ 6 ਫ਼ਰਵਰੀ ਨੂੰ ਪੁਲਿਸ ਨੇ 140 ਸਟ੍ਰੀਟ ਦੇ 7700 ਬਲੌਕ ਚ ਪੈਂਦੇ ਇੱਕ ਘਰ ਵਿਚ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਪੁਲਿਸ ਨੂੰ ਘਰ ਚੋਂ ਤਿੰਨ ਹਥਿਆਰ ਅਤੇ ਕਈ ਇਲੈਕਟ੍ਰੌਨਿਕ ਡਿਵਾਈਸਾਂ ਬਰਾਮਦ ਹੋਈਆਂ।

ਸਰੀ ਦੇ ਰਹਿਣ ਵਾਲੇ 16-16 ਸਾਲ ਦੇ ਦੋ ਮੁੰਡਿਆਂ ਨੂੰ ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ ਕਰਨ ਅਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਰਿਲੀਜ਼ ਅਨੁਸਾਰ ਇਸ ਸਮੇਂ ਨੌਜਵਾਨਾਂ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਹੈ।

ਇਸ ਗੋਲੀਬਾਰੀ ਦੀ ਘਟਨਾ ਦੇ ਕਾਰਨਾਂ ਅਤੇ ਇਸ ਬਾਬਤ ਹੋਰ ਸਬੂਤ ਇਕੱਠੇ ਕਰਨ ਲਈ ਪੁਲਿਸ ਦੀ ਜਾਂਚ ਜਾਰੀ ਹੈ।

1 ਫ਼ਰਵਰੀ ਦੀ ਇਸ ਘਟਨਾ ਤੋਂ ਬਾਅਦ ਬੀਸੀ ਗੁਰਦੁਆਰਾਜ਼ ਕੌਂਸਲ ਦੇ ਬੁਲਾਰੇ ਨੇ ਦੱਸਿਆ ਸੀ ਕਿ ਇਹ ਘਰ ਸਿਮਰਨਜੀਤ ਸਿੰਘ ਨਾਂ ਦੇ ਵਿਅਕਤੀ ਦਾ ਹੈ ਜੋਕਿ ਖ਼ਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ ਦੋਸਤ ਹੈ।

CBC ਵੱਲੋਂ ਜਾਣਕਾਰੀ ਸਹਿਤ।
ਤਾਬਿਸ਼ ਨਕਵੀ

ਸੁਰਖੀਆਂ