1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਵੱਲੋਂ ਕਾਰ ਚੋਰਾਂ ਲਈ ਸਖ਼ਤ ਸਜ਼ਾਵਾਂ ਦਾ ਸੰਕੇਤ

ਔਟਵਾ ਵਿਚ ਕਾਰ ਚੋਰੀ ਦੇ ਮੁੱਦੇ ‘ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ 

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੀਰਵਾਰ ਨੂੰ ਆਟੋ ਚੋਰੀ ਸੰਮੇਲਨ ਵਿੱਚ ਆਪਣਾ ਆਗਾਜ਼ੀ ਭਾਸ਼ਣ ਦਿੰਦੇ ਹੋਏ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੀਰਵਾਰ ਨੂੰ ਆਟੋ ਚੋਰੀ ਸੰਮੇਲਨ ਵਿੱਚ ਆਪਣਾ ਆਗਾਜ਼ੀ ਭਾਸ਼ਣ ਦਿੰਦੇ ਹੋਏ।

ਤਸਵੀਰ: (Adrian Wyld/Canadian Press)

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲਿਬਰਲ ਸਰਕਾਰ ਕਾਰਾਂ ਚੋਰੀ ਕਰਨ ਵਾਲੇ ਅਪਰਾਧੀਆਂ ਲਈ ਸਖ਼ਤ ਸਜ਼ਾਵਾਂ 'ਤੇ ਵਿਚਾਰ ਕਰ ਰਹੀ ਹੈ।

ਟ੍ਰੂਡੋ ਨੇ ਇਹ ਟਿੱਪਣੀ ਔਟਵਾ ਵਿੱਚ ਕਾਰ ਚੋਰੀ ਦੇ ਮੁੱਦੇ ‘ਤੇ ਹੋ ਰਹੇ ਰਾਸ਼ਟਰੀ ਸੰਮੇਲਨ ਵਿਚ ਕੀਤੀ।

ਉਹਨਾਂ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਆਕਰਸ਼ਕ ਨਾਅਰੇ ਅਤੇ ਦੋ ਮਿੰਟ ਦੇ ਵੀਡੀਓ ਸਮੱਸਿਆ ਦਾ ਹੱਲ ਨਹੀਂ ਕਰਨਗੇ।

ਟ੍ਰੂਡੋ ਨੇ ਵਾਹਨ ਨਿਰਮਾਤਾਵਾਂ ਨੂੰ ਵਾਹਨਾਂ ਵਿੱਚ ਐਂਟੀ-ਥੈਫ਼ਟ (ਚੋਰੀ ਰੋਕਣ ਵਾਲੇ ਅਲਾਰਮ/ਟ੍ਰੈਕਰ) ਤਕਨੀਕ ਇੰਸਟਾਲ ਕਰਨ ਲਈ ਉਤਸ਼ਾਹਿਤ ਕਰਨ ਲਈ ਵਿੱਤੀ ਪ੍ਰੋਤਸਾਹਨ ਦੀ ਜ਼ਰੂਰਤ ਦਾ ਵੀ ਸੰਕੇਤ ਦਿੱਤਾ।

ਇਸ ਸੰਮੇਲਨ ਵਿੱਚ ਸਰਕਾਰ ਦੇ ਵੱਖ-ਵੱਖ ਪੱਧਰਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਅਤੇ ਕਾਰ ਉਦਯੋਗ ਦੇ ਅਧਿਕਾਰੀ ਸ਼ਾਮਲ ਹੋਏ ਹਨ।

ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਹਰ ਸਾਲ ਅੰਦਾਜ਼ਨ 90,000 ਕਾਰਾਂ ਚੋਰੀ ਹੁੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਕੈਨੇਡੀਅਨ ਬੀਮਾ ਪਾਲਿਸੀ-ਧਾਰਕਾਂ ਅਤੇ ਟੈਕਸਦਾਤਾਵਾਂ ਨੂੰ ਲਗਭਗ $1 ਬਿਲੀਅਨ ਦਾ ਨੁਕਸਾਨ ਹੁੰਦਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਆਟੋ ਚੋਰੀ ਵਿੱਚ ਸੰਗਠਿਤ ਅਪਰਾਧ ਸਮੂਹ ਸ਼ਾਮਲ ਹੁੰਦੇ ਹਨ, ਅਤੇ ਇਹਨਾਂ ਅਪਰਾਧਾਂ ਦੀ ਕਮਾਈ ਨੂੰ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਫੰਡ ਦੇਣ ਲਈ ਵਰਤਿਆ ਜਾਂਦਾ ਹੈ।

ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਭੇਜੇ ਗਏ ਜ਼ਿਆਦਾਤਰ ਚੋਰੀ ਹੋਏ ਵਾਹਨ ਅਫਰੀਕਾ ਅਤੇ ਮੱਧ ਪੂਰਬ ਵੱਲ ਭੇਜੇ ਗਏ ਹਨ।

ਬੁੱਧਵਾਰ ਨੂੰ ਸਰਕਾਰ ਨੇ ਚੋਰੀ ਹੋਏ ਵਾਹਨਾਂ ਦੇ ਨਿਰਯਾਤ ਨਾਲ ਨਜਿੱਠਣ ਵਿੱਚ ਮਦਦ ਲਈ $28 ਮਿਲੀਅਨ ਦੀ ਨਵੀਂ ਫ਼ੰਡਿੰਗ ਦਾ ਐਲਾਨ ਕੀਤਾ ਸੀ।

ਇਹ ਐਲਾਨ ਕੰਜ਼ਰਵੇਟਿਵਾਂ ਦੇ ਨਿਰੰਤਰ ਦਬਾਅ ਤੋਂ ਬਾਅਦ ਆਇਆ ਹੈ ਜੋ ਇਸ ਸਮੱਸਿਆ ਨਾਲ ਨਜਿੱਠਣ ਲਈ ਲਗਾਤਾਰ ਵਿਚਾਰ ਪੇਸ਼ ਕਰ ਰਹੇ ਹਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ