1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਜਬਰਨ ਵਸੂਲੀ ਦੇ ਮਾਮਲੇ ਚ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫ਼ੋਰਸ ਨੇ ਪੰਜ ਜਣੇ ਕਾਬੂ ਕੀਤੇ

ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ

ਸਾਊਥ ਏਸ਼ੀਅਨ ਕਾਰੋਬਾਰੀਆਂ ਵਿਰੁੱਧ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰ ਰਹੀ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੇ ਹੋਰ ਪੀੜਤ ਵੀ ਹੋ ਸਕਦੇ ਹਨ।

ਸਾਊਥ ਏਸ਼ੀਅਨ ਕਾਰੋਬਾਰੀਆਂ ਵਿਰੁੱਧ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰ ਰਹੀ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੇ ਹੋਰ ਪੀੜਤ ਵੀ ਹੋ ਸਕਦੇ ਹਨ।

ਤਸਵੀਰ: (Michael Charles Cole/CBC)

RCI

ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫ਼ੋਰਸ ਜਬਰਨ ਵਸੂਲੀ ਦੇ 29 ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਦਰਜਨਾਂ ਦੋਸ਼ ਆਇਦ ਕੀਤੇ ਗਏ ਹਨ।

ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਫ਼ਿਰੌਤੀਆਂ ਅਤੇ ਧਮਕੀਆਂ ਦੇ ਸਿਲਸਿਲੇ ਤੋਂ ਬਾਅਦ ਦਸੰਬਰ ਮਹੀਨੇ ਪੀਲ ਪੁਲਿਸ ਦੀ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫ਼ੋਰਸ ਦਾ ਗਠਨ ਕੀਤਾ ਗਿਆ ਸੀ।

ਬੁੱਧਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਵਿਚ ਟਾਸਕ ਫ਼ੋਰਸ ਦੀ ਮੁਖੀ, ਸੁਪਰਡੈਂਟ ਸ਼ੈਲੀ ਥੌਮਪਸਨ ਨੇ ਦੱਸਿਆ ਕਿ ਜਾਂਚ ਅਧੀਨ ਜਬਰਨ ਵਸੂਲੀ ਦੇ 29 ਮਾਮਲਿਆਂ ਵਿਚ ਕੁਲ 24 ਦੋਸ਼ ਆਇਦ ਕੀਤੇ ਗਏ ਹਨ।

ਥੌਮਪਸਨ ਨੇ ਦੱਸਿਆ ਕਿ 9 ਵਾਰਦਾਤਾਂ ਵਿਚ ਕਾਰੋਬਾਰੀ ਟਿਕਾਣਿਆਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਹਨਾਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

ਜਿਨ੍ਹਾਂ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ ਵਿਚ ਰੈਸਟੋਰੈਂਟ, ਬੇਕਰੀਆਂ, ਟਰੱਕਿੰਗ ਅਤੇ ਟ੍ਰਾਂਸਪੋਰਟ ਕੰਪਨੀਆਂ ਅਤੇ ਕਾਰ ਡੀਲਰਸ਼ਿਪਾਂ ਸ਼ਾਮਲ ਹਨ। ਥੌਮਪਸਨ ਨੇ ਦੱਸਿਆ ਕਿ ਇਹ ਸਾਰੇ ਬਿਜ਼ਨਸ ਸਾਊਥ ਏਸ਼ੀਅਨ ਭਾਈਚਾਰੇ ਦੇ ਹਨ।

ਕਾਰੋਬਾਰੀਆਂ ਨੂੰ ਫ਼ੋਨ, ਸੋਸ਼ਲ ਮੀਡੀਆ ਐਪਸ ਜਾਂ ਵ੍ਹਾਟਸਐਪ ਤੋਂ ਵੀਡੀਓ ਕਾਲ ਰਾਹੀਂ ਸੰਪਰਕ ਕੀਤਾ ਗਿਆ ਸੀ।

ਸਾਰਿਆਂ ਕੋਲੋਂ ਵੱਖੋ ਵੱਖਰੀ ਫ਼ਿਰੌਤੀ ਦੀ ਰਕਮ ਮੰਗੀ ਗਈ ਸੀ, ਪਰ ਥੌਮਸਨ ਨੇ ਦੱਸਿਆ ਕਿ ਪੀੜਤਾਂ ਕੋਲੋਂ ਕੈਨੇਡੀਅਨ ਡਾਲਰ ਜਾਂ ਭਾਰਤੀ ਰੁਪਏ ਵਿਚ ਪੈਸੇ ਦੀ ਮੰਗ ਕੀਤੀ ਗਈ ਸੀ।

ਫ਼ਿਲਹਾਲ ਅਜਿਹੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਜਿਸ ਨਾਲ ਇਹ ਸੰਕੇਤ ਮਿਲਣ ਕਿ ਪੀਲ ਰੀਜਨ ਵਿਚ ਫ਼ਿਰੌਤੀਆਂ ਦੀਆਂ ਕੋਸ਼ਿਸ਼ਾਂ ਦਾ ਭਾਰਤ ਦੇ ਕਿਸੇ ਵੱਡੇ ਸੰਗਠਤ ਗਿਰੋਹ ਨਾਲ ਸਬੰਧ ਹੈ, ਪਰ ਇਸ ਸੰਭਾਵਨਾ ਦੀ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੀਲ ਪੁਲਿਸ ਦਾ ਮੰਨਣਾ ਹੈ ਕਿ ਇਸ ਦੇ ਹੋਰ ਪੀੜਤ ਵੀ ਹੋ ਸਕਦੇ ਹਨ।

ਬੁੱਧਵਾਰ ਨੂੰ ਦੱਸੀਆਂ ਗਈਆਂ ਪੰਜ ਗ੍ਰਿਫ਼ਤਾਰੀਆਂ ਵਿੱਚੋਂ ਚਾਰ ਜਣੇ ਕੈਲਡਨ ਦੇ ਇੱਕ ਕਾਰੋਬਾਰੀ ਕੋਲੋਂ ਦਸੰਬਰ ਅਤੇ ਜਨਵਰੀ ਵਿਚ ਫ਼ਿਰੌਤੀ ਮੰਗਣ ਦੇ ਮਾਮਲੇ ਨਾਲ ਸਬੰਧਤ ਹਨ।

ਬ੍ਰੈਂਪਟਨ ਵਿਚ ਕੀਤੀ ਛਾਪੇਮਾਰੀ ਦੌਰਾਨ 50 ਸੈੱਲ ਫ਼ੋਨ, 11 ਲੈਪਟੌਪ, ਵੱਡੀ ਮਾਤਰਾ ਵਿਚ ਨਕਦੀ, ਹਥਿਆਰ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਪੀਲ ਪੁਲਿਸ ਦੀ ਰਿਲੀਜ਼ ਅਨੁਸਾਰ (ਨਵੀਂ ਵਿੰਡੋ) ਪੰਜ ਜਣੇ ਗ੍ਰਿਫ਼ਤਾਰ ਹੋਏ ਹਨ, ਜਿਨ੍ਹਾਂ ਦੇ ਨਾਮ ਗਗਨ ਅਜੀਤ ਸਿੰਘ (23), ਅਨਮੋਲਦੀਪ ਸਿੰਘ (23), ਹਸ਼ਮੀਤ ਕੌਰ (25), ਆਇਮਨਜੀਤ ਕੌਰ (21) ਅਤੇ ਅਰੁਨਦੀਪ ਥਿੰਦ (39) ਦੱਸੇ ਗਏ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ