1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਕੈਨੇਡਾ ਵਿਚ ਕੈਂਟਾਲੋਪ ਰਾਹੀਂ ਫ਼ੈਲੇ ਸੈਲਮੋਨੈਲਾ ਕਰਕੇ ਮੌਤਾਂ ਦੀ ਗਿਣਤੀ 5 ਹੋਈ

ਛੇ ਸੂਬਿਆਂ ਵਿਚ 129 ਲੋਕ ਬਿਮਾਰ

ਕੈਂਟਾਲੋਪ ਖ਼ਰਬੂਜ਼ੇ ਦੀ ਇੱਕ ਕਿਸਮ ਹੈ। ਇਸ ਫਲ ਰਾਹੀਂ ਸੈਲਮੋਨੈਲਾ ਇਨਫ਼ੈਕਸ਼ਨ ਫ਼ੈਲਣ ਕਰਕੇ ਕੈਨੇਡਾ ਵਿਚ ਹੁਣ ਤੱਕ ਪੰਜ ਜੀਆਂ ਦੀ ਮੌਤ ਹੋ ਚੁੱਕੀ ਹੈ।

ਕੈਂਟਾਲੋਪ ਖ਼ਰਬੂਜ਼ੇ ਦੀ ਇੱਕ ਕਿਸਮ ਹੈ। ਇਸ ਫਲ ਰਾਹੀਂ ਸੈਲਮੋਨੈਲਾ ਇਨਫ਼ੈਕਸ਼ਨ ਫ਼ੈਲਣ ਕਰਕੇ ਕੈਨੇਡਾ ਵਿਚ ਹੁਣ ਤੱਕ ਪੰਜ ਜੀਆਂ ਦੀ ਮੌਤ ਹੋ ਚੁੱਕੀ ਹੈ।

ਤਸਵੀਰ: Pixabay/ImagesBG

RCI

ਫ਼ੈਡਰਲ ਅਧਿਕਾਰੀਆਂ ਅਨੁਸਾਰ, ਕੈਨੇਡਾ ਵਿੱਚ ਕੈਂਟਾਲੋਪ (ਖਰਬੂਜ਼ੇ ਦੀ ਇੱਕ ਕਿਸਮ) ਦੇ ਦੋ ਬ੍ਰਾਂਡਾਂ ਨਾਲ ਫ਼ੈਲੇ ਸੈਲਮੋਨੈਲਾ ਦੇ ਇਨਫ਼ੈਕਸ਼ਨ ਕਾਰਨ ਹੁਣ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ।

ਸੈਲਮੋਨੈਲਾ ਬੈਕਟੀਰੀਆ ਦੀ ਇੱਕ ਕਿਸਮ ਹੈ। ਭੋਜਨ ਰਾਹੀਂ ਇਹ ਬੈਕਟੀਰੀਆ ਮਨੁੱਖਾਂ ਅੰਦਰ ਦਾਖ਼ਲ ਹੋ ਜਾਂਦਾ ਹੈ। ਸੈਲਮੋਨੈਲਾ ਇਨਫ਼ੈਕਸ਼ਨ ਵਿਚ ਪੇਟ ਦਰਦ, ਬੁਖ਼ਾਰ, ਦਸਤ ਅਤੇ ਉਲਟੀਆਂ ਵਰਗੇ ਲੱਛਣ ਹੁੰਦੇ ਹਨ।

ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਨੇ ਵੀਰਵਾਰ ਨੂੰ ਆਪਣੇ ਤਾਜ਼ਾ ਅਪਡੇਟ ਵਿੱਚ ਮੌਤਾਂ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਹੋਰ ਵੇਰਵੇ ਨਹੀਂ ਦਿੱਤੇ ਗਏ।

ਮੈਲੀਚੀਟਾ ਅਤੇ ਰੂਡੀ ਬ੍ਰੈਂਡ ਦੇ ਕੈਂਟਾਲੋਪ ਦੇ ਸੈਲਮੋਨੈਲਾ ਨਾਲ ਸੰਕ੍ਰਮਿਤ ਹੋਣ ਕਰਕੇ ਹੋਈ ਇਸ ਆਊਟਬ੍ਰੇਕ ਨਾਲ ਹੁਣ ਤੱਕ ਛੇ ਸੂਬਿਆਂ ਵਿਚ 129 ਲੋਕ ਬਿਮਾਰ ਹੋ ਚੁੱਕੇ ਹਨ। 1 ਦਸੰਬਰ ਤੋਂ ਬਾਅਦ ਬਿਮਾਰਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਨੇ ਰੂਡੀ ਅਤੇ ਮੈਲੀਚੀਟਾ ਬ੍ਰਾਂਡ ਦੇ ਕੈਂਟਾਲੋਪ ਨੂੰ ਰੀਕਾਲ ਕੀਤਾ ਸੀ।

ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਨੇ ਰੂਡੀ ਅਤੇ ਮੈਲੀਚੀਟਾ ਬ੍ਰਾਂਡ ਦੇ ਕੈਂਟਾਲੋਪ ਨੂੰ ਰੀਕਾਲ ਕੀਤਾ ਸੀ।

ਤਸਵੀਰ: (Supplied by Public Health Agency of Canada)

ਕਿਊਬੈਕ ਵਿਚ 91 ਮਾਮਲੇ, ਓਨਟੇਰਿਓ ਵਿਚ 17, ਬੀਸੀ ਵਿਚ 15 ਅਤੇ ਦੋ ਦੋ ਮਾਮਲੇ ਨਿਊ ਬ੍ਰੰਜ਼ਵਿਕ, ਪੀਈਆਈ ਅਤੇ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਵਿਚ ਰਿਪੋਰਟ ਹੋਏ ਹਨ।

ਰੀਕਾਲ ਕੀਤਾ ਗਿਆ ਮੈਲੀਚੀਟਾ ਕੈਂਟਾਲੋਪ ਕੈਨੇਡਾ ਵਿਚ 11 ਅਕਤੂਬਰ ਤੋਂ 14 ਨਵੰਬਰ ਦੇ ਦਰਮਿਆਨ ਵੇਚਿਆ ਗਿਆ ਸੀ ਅਤੇ ਰੂਡੀ ਬ੍ਰਾਂਡ ਦਾ ਕੈਂਟਾਲੋਪ 10 ਅਕਤੂਬਰ ਤੋਂ 24 ਨਵੰਬਰ ਦਰਮਿਆਨ ਵੇਚਿਆ ਗਿਆ ਸੀ।

ਹੈਲਥ ਏਜੰਸੀ ਦੀ ਅਪਡੇਟ ਅਨੁਸਾਰ, "ਜਿਹੜੇ ਲੋਕ ਸੈਲਮੋਨੈਲਾ ਬੈਕਟੀਰੀਆ ਨਾਲ ਸੰਕ੍ਰਮਿਤ ਹੁੰਦੇ ਹਨ, ਉਹ ਸੰਕ੍ਰਮਿਤ ਹੋਣ ਦੇ ਕਈ ਦਿਨਾਂ ਤੋਂ ਕਈ ਹਫ਼ਤਿਆਂ ਬਾਅਦ ਦੂਜੇ ਲੋਕਾਂ ਵਿੱਚ ਸੈਲਮੋਨੈਲਾ ਫੈਲਾ ਸਕਦੇ ਹਨ, ਭਾਵੇਂ ਉਹਨਾਂ ਵਿੱਚ ਲੱਛਣ ਨਾ ਹੋਣ"।

ਲੋਕਾਂ ਨੂੰ ਮੈਲੀਚੀਟਾ ਜਾਂ ਰੂਡੀ ਬ੍ਰਾਂਡ ਦੇ ਕੈਂਟਾਲੋਪ ਨੂੰ ਖਰੀਦਣ, ਖਾਣ ਜਾਂ ਵੇਚਣ ਤੋਂ ਵਰਜਿਆ ਗਿਆ ਹੈ।

ਅਮਰੀਕਾ ਵਿਚ ਵੀ ਕੈਂਟਾਲੋਪ ਸੈਲਮੋਨੈਲਾ ਸੰਕ੍ਰਮਣ ਦੇ ਮਾਮਲੇ ਵਧ ਰਹੇ ਹਨ। 38 ਸੂਬਿਆਂ ਵਿਚ 230 ਲੋਕ ਬਿਮਾਰ ਹੋ ਚੁੱਕੇ ਹਨ, ਜਿਹਨਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ