1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਵੱਡੀਆਂ ਗ੍ਰੋਸਰੀ ਕੰਪਨੀਆਂ ਗ੍ਰੋਸਰੀ ਦੀ ਆਚਾਰ ਸੰਹਿਤਾ ‘ਤੇ ਜਲਦੀ ਦਸਤਖ਼ਤ ਕਰਨ: ਫ਼ੈਡਰਲ ਖੇਤੀਬਾੜੀ ਮੰਤਰੀ

ਕੋਡ ‘ਤੇ ਦਸਤਖ਼ਤ ਨਾ ਹੋਣ ਦੀ ਸਥਿਤੀ ਵਿਚ ਸਰਕਾਰੀ ਦਖ਼ਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ

ਫ਼ੈਡਰਲ ਖੇਤੀਬਾੜੀ ਮੰਤਰੀ ਲੌਰੈਂਸ ਮੈਕਔਲੇ

ਫ਼ੈਡਰਲ ਖੇਤੀਬਾੜੀ ਮੰਤਰੀ ਲੌਰੈਂਸ ਮੈਕਔਲੇ ਦੀ 1 ਦਸੰਬਰ 2023 ਦੀ ਤਸਵੀਰ

ਤਸਵੀਰ: Adrian Wyld/The Canadian Press

RCI

ਫ਼ੈਡਰਲ ਖੇਤੀਬਾੜੀ ਮੰਤਰੀ ਲੌਰੈਂਸ ਮੈਕਆਲੇ ਨੇ ਸੂਬਾਈ ਜਾਂ ਫ਼ੈਡਰਲ ਸਰਕਾਰ ਦੇ ਦਖ਼ਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜੇਕਰ ਸਾਰੇ ਪ੍ਰਮੁੱਖ ਗ੍ਰੌਸਰੀ ਰਿਟੇਲਰ ਗ੍ਰੋਸਰੀ ਦੇ ਆਚਾਰ ਜ਼ਾਬਤੇ ਦਾ ਹਿੱਸਾ ਨਹੀਂ ਬਣਦੇ।

ਇੱਕ ਇੰਟਰਵਿਊ ਵਿੱਚ, ਮੈਕਔਲੇ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਫੈਡਰਲ ਉਦਯੋਗ ਮੰਤਰੀ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਅਤੇ ਸੂਬਾਈ ਮੰਤਰੀਆਂ ਨਾਲ ਮੀਟਿੰਗ ਕਰਨਗੇ ਤਾਂ ਜੋ ਸੂਬਾਈ ਅਤੇ ਫ਼ੈਡਰਲ ਸਰਕਾਰਾਂ ਦੋਵਾਂ ਉਹਨਾਂ ਵਿਕਲਪਾਂ ਬਾਰੇ ਚਰਚਾ ਕਰ ਸਕਣ ਜੇਕਰ ਵੱਡੇ ਰਿਟੇਲਰਜ਼ ਗ੍ਰੋਸਰੀ ਕੋਡ 'ਤੇ ਦਸਤਖ਼ਤ ਨਹੀਂ ਕਰਦੇ।

ਅੱਜ ਮੈਕਔਲੇ ਅਤੇ ਕਿਊਬੈਕ ਦੇ ਖੇਤੀਬਾੜੀ ਮੰਤਰੀ ਆਂਡਰੇ ਲੈਮੌਂਟੈਨ ਨੇ ਸਾਰੇ ਵੱਡੇ ਰਿਟੇਲਰਾਂ ਨੂੰ ਗ੍ਰੋਸਰੀ ਦੇ ਕੋਡ-ਔਫ਼-ਕੰਡਕਟ ਨੂੰ ਅਪਣਾਉਣ ਅਤੇ ਪਾਲਣਾ ਕਰਨ ਦੀ ਅਪੀਲ ਕੀਤੀ।

ਮੰਤਰੀਆਂ ਨੇ ਕਿਹਾ ਕਿ ਉਹ ਇਹ ਦੇਖ ਕੇ ਨਿਰਾਸ਼ ਹਨ ਕਿ ਕਈ ਸਾਲਾਂ ਦੇ ਕੰਮ ਤੋਂ ਬਾਅਦ ਵੀ ਗ੍ਰੋਸਰੀ ਦੀ ਆਚਾਰ ਸੰਹਿਤਾ ਲਾਗੂ ਨਹੀਂ ਹੋਈ ਹੈ ਅਤੇ ਕੁਝ ਰਿਟੇਲਰ ਤਾਂ ਦਸਤਖ਼ਤ ਕਰਨ ਤੋਂ ਝਿਜਕਦੇ ਹਨ।

ਅੱਜ ਸਵੇਰੇ ਔਟਵਾ ਵਿੱਚ ਹਾਊਸ ਔਫ਼ ਕੌਮਨਜ਼ ਦੀ ਐਗਰੀਕਲਚਰ ਕਮੇਟੀ ਦੀ ਮੀਟਿੰਗ ਵਿੱਚ, ਐਮਪੀਜ਼ ਨੇ ਵਾਲਮਾਰਟ ਕੈਨੇਡਾ ਦੇ ਸੀਈਓ ਗੋਂਜ਼ਾਲੋ ਗੇਬਾਰਾ ਅਤੇ ਲੌਬਲੌ ਦੇ ਚੇਅਰਮੈਨ ਗੈਲਨ ਵੈਸਟਨ ਉੱਤੇ ਦਬਾਅ ਪਾਇਆ ਕਿ ਉਨ੍ਹਾਂ ਦੀਆਂ ਕੰਪਨੀਆਂ ਨੇ ਅਜੇ ਤੱਕ ਕੋਡ ਉੱਤੇ ਦਸਤਖ਼ਤ ਕਿਉਂ ਨਹੀਂ ਕੀਤੇ ਹਨ।

ਵੈਸਟਨ ਨੇ ਐਮਪੀਜ਼ ਨੂੰ ਦੱਸਿਆ ਕਿ ਉਸਦੀ ਕੰਪਨੀ ਕੋਡ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਜਿਸ ਵਰਤਮਾਨ ਰੂਪ ਵਿਚ ਇਹ ਤਿਆਰ ਕੀਤਾ ਗਿਆ ਹੈ, ਇਹ ਖਪਤਕਾਰਾਂ ਲਈ ਕੀਮਤਾਂ ਵਧਾ ਸਕਦਾ ਹੈ।

ਰੋਜ਼ਾ ਸਬਾ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ