1. ਮੁੱਖ ਪੰਨਾ
  2. ਸਮਾਜ

ਜੀਟੀਏ ਦੇ ਸਿਨੇਮਾ ਘਰਾਂ ਵਿਚ ‘ਅਣਜਾਣ ਪਦਾਰਥ’ ਸਪ੍ਰੇਅ ਕੀਤੇ ਜਾਣ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ

ਵੌਨ, ਸਕਾਰਬ੍ਰੋਅ ਅਤੇ ਬ੍ਰੈਂਪਟਨ ਦੇ ਸਿਨੇਮਾ ਘਰਾਂ ਵਿਚ ਵਾਪਰੀਆਂ ਘਟਨਾਵਾਂ

ਪੁਲਿਸ ਸਾਏਰਨ

ਜੀਟੀਏ ਦੀਆਂ ਤਿੰਨ ਪੁਲਿਸ ਫ਼ੋਰਸਾਂ ਦਾ ਕਹਿਣਾ ਹੈ ਕਿ ਉਹ ਇਸ ਹਫ਼ਤੇ ਅਲੱਗ ਅਲੱਗ ਸਿਨੇਮਾ ਘਰਾਂ ਦੇ ਅੰਦਰ ਕਿਸੇ ਕਿਸਮ ਦੇ ਪਦਾਰਥ ਸਪ੍ਰੇਅ ਕੀਤੇ ਜਾਣ ਦੀ ਘਟਨਾ ਦੀ ਜਾਂਚ ਕਰ ਰਹੀਆਂ ਹਨ।

ਤਸਵੀਰ: (Gian-Paolo Mendoza/CBC)

RCI

ਗ੍ਰੇਟਰ ਟੋਰੌਂਟੋ ਏਰੀਆ ਦੀਆਂ ਤਿੰਨ ਪੁਲਿਸ ਫ਼ੋਰਸਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਹਫ਼ਤੇ ਅਲੱਗ ਅਲੱਗ ਸਿਨੇਮਾ ਘਰਾਂ ਦੇ ਅੰਦਰ ਕਿਸੇ ਕਿਸਮ ਦੇ ਪਦਾਰਥ ਸਪ੍ਰੇਅ ਕੀਤੇ ਜਾਣ ਦੀ ਘਟਨਾ ਦੀ ਜਾਂਚ ਕਰ ਰਹੇ ਹਨ। ਸਪ੍ਰੇਅ ਦੀ ਘਟਨਾ ਕਾਰਨ ਸਿਨੇਮਾ ਘਰਾਂ ਨੂੰ ਖ਼ਾਲੀ ਕਰਵਾਉਣਾ ਪਿਆ ਸੀ।

ਯੌਰਕ ਰੀਜਨਲ ਪੁਲਿਸ ਅਨੁਸਾਰ ਮੰਗਲਵਾਰ ਰਾਤੀਂ 9:20 ਵਜੇ ਵੌਨ ਸ਼ਹਿਰ ਵਿਚ ਹਾਈਵੇਅ 7 ਅਤੇ ਹਾਈਵੇਅ 400 ਨੇੜੇ ਸਥਿਤ ਸਿਨੇਮਾ ਘਰ ਵਿਚ ਇਸ ਤਰ੍ਹਾਂ ਦੀ ਘਟਨਾ ਵਾਪਰੀ।

ਪੁਲਿਸ ਅਨੁਸਾਰ ਮਾਸਕ ਅਤੇ ਹੁੱਡ ਪਹਿਨੇ ਦੋ ਵਿਅਕਤੀਆਂ ਨੇ ਥੇਟਰ ਅੰਦਰ ਕੋਈ ਅਣਜਾਣ ਪਦਾਰਥ ਸਪ੍ਰੇਅ ਕਰ ਦਿੱਤਾ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਖ਼ਾਂਸੀ ਛਿੜ ਗਈ।

ਉਸ ਸਮੇਂ ਸਿਨੇਮਾ ਘਰ ਵਿਚ ਕਰੀਬ 200 ਲੋਕ ਸਨ। ਨਿਊਜ਼ ਰਿਲੀਜ਼ ਅਨੁਸਾਰ ਐਮਰਜੈਂਸੀ ਦਸਤਿਆਂ ਨੂੰ ਬੁਲਾਇਆ ਗਿਆ ਅਤੇ ਸਿਨੇਮਾ ਘਰ ਨੂੰ ਖ਼ਾਲੀ ਕਰਾ ਕੇ ਕਈ ਲੋਕਾਂ ਨੂੰ ਉਸ ਪਦਾਰਥ ਦੇ ਸੰਪਰਕ ਵਿਚ ਆਉਣ ‘ਤੇ ਜ਼ੇਰੇ ਇਲਾਜ ਕੀਤਾ ਗਿਆ।

ਇਸ ਘਟਨਾ ਵਿਚ ਕੋਈ ਗੰਭੀਰ ਜ਼ਖ਼ਮੀ ਨਹੀਂ ਹੋਇਆ। ਜਾਂਚ ਅਧਿਕਾਰੀਆਂ ਅਨੁਸਾਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਦੋ ਸ਼ੱਕੀ ਉੱਥੋਂ ਫ਼ਰਾਰ ਹੋ ਗਏ। ਪੁਲਿਸ ਅਨੁਸਾਰ ਘਟਨਾ ਦੇ ਸਮੇਂ ਸਿਨੇਮਾ ਘਰ ਵਿਚ ਹਿੰਦੀ ਫ਼ਿਲਮ ਦਿਖਾਈ ਜਾ ਰਹੀ ਸੀ।

ਯੌਰਕ ਪੁਲਿਸ ਵੱਲੋਂ ਜਾਰੀ ਸ਼ੱਕੀਆਂ ਦੀ ਤਸਵੀਰ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਯੌਰਕ ਪੁਲਿਸ ਵੱਲੋਂ ਜਾਰੀ ਸ਼ੱਕੀਆਂ ਦੀ ਤਸਵੀਰ।

ਤਸਵੀਰ: (York Regional Police)

ਪੁਲਿਸ ਅਨੁਸਾਰ ਇੱਕ ਸ਼ੱਕੀ ਸਿਆਹਫ਼ਾਮ ਵਿਅਕਤੀ ਹੈ ਅਤੇ ਦੂਸਰਾ ਸ਼ੱਕੀ ਭੂਰਾ ਹੈ। ਯੌਰਕ ਪੁਲਿਸ ਦਾ ਕਹਿਣਾ ਹੈ ਕਿ ਉਹ ਪੀਲ ਪੁਲਿਸ ਅਤੇ ਟੋਰੌਂਟੋ ਪੁਲਿਸ ਨਾਲ ਵੀ ਤਾਲਮੇਲ ਵਿਚ ਹਨ, ਜਿੱਥੇ ਇਸ ਹਫ਼ਤੇ ਇਸੇ ਕਿਸਮ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਪੀਲ ਪੁਲਿਸ ਨੇ ਸੀਬੀਸੀ ਨੂੰ ਪੁਸ਼ਟੀ ਕੀਤੀ ਕਿ ਮੰਗਲਵਾਰ ਨੂੰ ਬ੍ਰੈਂਪਟਨ ਦੇ ਬੋਵੇਡ ਡਰਾਈਵ ਅਤੇ ਗ੍ਰੇਟ ਲੇਕਸ ਡਰਾਈਵ ‘ਤੇ ਸਥਿਤ ਸਿਨੇਮਾ ਘਰ ਅੰਦਰ ਕੋਈ ਪਦਾਰਥ ਸਪ੍ਰੇਅ ਕੀਤੇ ਜਾਣ ਦੀ ਘਟਨਾ ਲਈ ਪੁਲਿਸ ਨੂੰ ਬੁਲਾਇਆ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਇਮਾਰਤ ਨੂੰ ਖ਼ਾਲੀ ਕਰਵਾਇਆ ਗਿਆ ਸੀ। ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਵੀ ਨਹੀਂ ਹੋਈ ਹੈ।

ਮੰਗਲਵਾਰ ਰਾਤ ਨੂੰ ਹੀ ਸਕਾਰਬ੍ਰੋਅ ਟਾਊਨ ਸੈਂਟਰ ਦੇ ਥੇਟਰ ਤੋਂ ਕਿਸੇ ਨੇ ਟੋਰੌਂਟੋ ਪੁਲਿਸ ਨੂੰ ਕਿਸੇ ਵੱਲੋਂ ਇੱਕ ਬਦਬੂਦਾਰ ਬੰਬ ਚਲਾਏ ਜਾਣ ਦੀ ਰਿਪੋਰਟ ਕੀਤੀ ਸੀ।

ਇਹਨਾਂ ਮਾਮਲਿਆਂ ਬਾਰੇ ਕੋਈ ਵੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ