1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਸਪੀਕਰ ਦੇ ਵੀਡੀਓ ਵਿਵਾਦ ਨੂੰ ਕਮੇਟੀ ਕੋਲ ਭੇਜਣ ਬਾਰੇ ਵੋਟਿੰਗ ਕਰਨਗੇ ਐਮਪੀਜ਼

ਓਨਟੇਰਿਓ ਲਿਬਰਲ ਕਨਵੈਨਸ਼ਨ ਵਿੱਚ ਵੀਡੀਓ ਸੰਦੇਸ਼ ਤੋਂ ਬਾਅਦ ਛਿੜਿਆ ਵਿਵਾਦ

ਸਪੀਕਰ ਗ੍ਰੈਗ ਫ਼ਰਗਸ ਨੇ ਓਨਟੇਰਿਓ ਲਿਬਰਲ ਪਾਰਟੀ ਦੇ ਅੰਤਰਿਮ ਲੀਡਰ ਦੀ ਸਰਾਹਨਾ ਵੱਜੋਂ ਇੱਕ ਵੀਡੀਓ ਸੰਦੇਸ਼ ਰਿਕਾਰਡ ਕੀਤਾ ਸੀ, ਜਿਸ ਤੋ ਬਾਅਦ ਉਹਨਾਂ ਦੀ ਨਿਰਪੱਖਤਾ ਨੂੰ ਲੈਕੇ ਵਿਵਾਦ ਖੜਾ ਹੋ ਗਿਆ ਹੈ।

ਸਪੀਕਰ ਗ੍ਰੈਗ ਫ਼ਰਗਸ ਨੇ ਓਨਟੇਰਿਓ ਲਿਬਰਲ ਪਾਰਟੀ ਦੇ ਅੰਤਰਿਮ ਲੀਡਰ ਦੀ ਸਰਾਹਨਾ ਵੱਜੋਂ ਇੱਕ ਵੀਡੀਓ ਸੰਦੇਸ਼ ਰਿਕਾਰਡ ਕੀਤਾ ਸੀ, ਜਿਸ ਤੋ ਬਾਅਦ ਉਹਨਾਂ ਦੀ ਨਿਰਪੱਖਤਾ ਨੂੰ ਲੈਕੇ ਵਿਵਾਦ ਖੜਾ ਹੋ ਗਿਆ ਹੈ।

ਤਸਵੀਰ: YouTube/Parti libéral de l'Ontario

RCI

ਹਾਊਸ ਔਫ਼ ਕੌਮਨਜ਼ ਵਿਚ ਇਸ ਗੱਲ 'ਤੇ ਬਹਿਸ ਚਲ ਰਹੀ ਹੈ ਕਿ ਕੀ ਸਪੀਕਰ ਗ੍ਰੇਗ ਫ਼ਰਗਸ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਫ਼ੈਸਲੇ ਲਈ ਕਮੇਟੀ ਬਿਠਾਉਣੀ ਚਾਹੀਦੀ ਹੈ ਜਾਂ ਨ੍ਹੀਂ।

ਦਰਅਸਲ ਹਾਊਸ ਸਪੀਕਰ ਇੱਕ ਵੀਡੀਓ ਨੂੰ ਲੈਕੇ ਵਿਵਾਦਾਂ ਵਿਚ ਘਿਰ ਗਏ ਹਨ। ਵੀਡੀਓ ਵਿੱਚ, ਫ਼ਰਗਸ ਸਪੀਕਰ ਦੇ ਚੈਂਬਰ ਤੋਂ ਸਪੀਕਰ ਦੀ ਰਵਾਇਤੀ ਪੁਸ਼ਾਕ ਵਿੱਚ ਦਿਖਾਈ ਦਿੰਦੇ ਹਨ, ਜਿਸ ਵਿਚ ਉਹ ਓਨਟੇਰਿਓ ਦੇ ਸਾਬਕਾ ਲਿਬਰਲ ਲੀਡਰਾਂ ਦਾ ਧੰਨਵਾਦ ਕਰਦੇ ਹਨ। ਇਹ ਵੀਡੀਓ ਲੰਘੇ ਵੀਕੈਂਡ ਓਨਟੇਰਿਓ ਲਿਬਰਲ ਪਾਰਟੀ ਦੀ ਕਨਵੈਂਸ਼ਨ ਵਿਚ ਚਲਾਇਆ ਗਿਆ ਸੀ।

ਕੰਜ਼ਰਵੇਟਿਵ ਹਾਊਸ ਲੀਡਰ ਐਂਡਰੂ ਸ਼ੀਅਰ ਚਾਹੁੰਦੇ ਹਨ ਕਿ ਇਸ ਮੁੱਦੇ ‘ਤੇ ਸੰਸਦੀ ਕਮੇਟੀ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਪੀਕਰ ਦੀ ਭੂਮਿਕਾ ਬਿਲਕੁਲ ਨਿਰਪੱਖ ਹੋਕੇ ਸੇਵਾ ਕਰਨ ਦੀ ਹੁੰਦੀ ਹੈ।

ਫਰਗਸ ਦੇ ਡਿਪਟੀ, ਕ੍ਰਿਸ ਡੀ ਐਂਟਰਮੋਂਟ ਨੇ ਅੱਜ ਦੁਪਹਿਰ ਨੂੰ ਹਾਊਸ ਵਿੱਚ ਇਸ ਮਤੇ 'ਤੇ ਬਹਿਸ ਕਰਨ ਦੀ ਇਜਾਜ਼ਤ ਦਿੱਤੀ ਹੈ।

ਸਪੀਕਰ ਗ੍ਰੈਗ ਫ਼ਰਗਸ ਨੇ ਮੁਆਫ਼ੀ ਮੰਗਦਿਆਂ ਆਪਣੀ ਸਫ਼ਾਈ ਵਿਚ ਕਿਹਾ ਸੀ ਕਿ ਉਹ ਵੀਡੀਓ ਉਹਨਾਂ ਨੇ ਜੌਹਨ ਫਰੇਜ਼ਰ, ਜਿਹਨਾਂ ਨੂੰ ਫ਼ਰਗਸ ਆਪਣਾ ਪੁਰਾਣਾ ਦੋਸਤ ਆਖਦੇ ਹਨ, ਦੇ ਕੀਤੇ ਕੰਮਾਂ ਦੀ ਸਰਾਹਨਾ ਵਜੋਂ ਇੱਕ ਨਿੱਜੀ ਇਕੱਠ ਲਈ ਬਣਾਈ ਸੀ।

ਕਿਊਬਿਕ ਤੋਂ ਐਮਪੀ ਗ੍ਰੈਗ ਫ਼ਰਗਸ ਨੇ ਐਮਪੀਜ਼ ਨੂੰ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਵੀਡੀਓ ਨੂੰ ਹੋਰ ਤਰੀਕਿਆਂ ਨਾਲ ਵਰਤਿਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਇਸ ਨੂੰ ਪੱਖਪਾਤੀ ਨਜ਼ਰੀਏ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।

ਬੁੱਧਵਾਰ ਨੂੰ, ਕੰਜ਼ਰਵੇਟਿਵ ਐਮਪੀ ਜੇਮਸ ਬੇਜ਼ਨ ਨੇ ਬੋਰਡ ਔਫ਼ ਇੰਟਰਨਲ ਇਕੌਨਮੀ ਨੂੰ ਪੱਤਰ ਲਿਖ ਕੇ ਫ਼ਰਗਸ ਵੱਲੋਂ ਦਫਤਰ ਵਿੱਚ ਸਪੀਕਰ ਦੀ ਪੋਸ਼ਾਕ ਵਿਚ ਵੀਡੀਓ ਰਿਕਾਰਡ ਕਰਕੇ ਹਾਊਸ ਔਫ਼ ਕੌਮਨਜ਼ ਦੇ ਸਰੋਤਾਂ ਦੀ ਅਣਉਚਿਤ ਵਰਤੋਂ ਵੱਜੋਂ ਵਿਚਾਰ ਕਰਨ ਲਈ ਆਖਿਆ ਸੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ