1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਰਾਜਨੀਤੀ

ਅਮਰੀਕੀ ਸੈਨੇਟਰ ਵੱਲੋਂ ਕੈਨੇਡਾ-ਅਮਰੀਕਾ ਚ ਕਤਲ ਦੀਆਂ ਸਾਜ਼ਿਸ਼ਾਂ ਚ ਭਾਰਤ ਦੀ ਕਥਿਤ ਭੂਮਿਕਾ ਦੀ ਆਲੋਚਨਾ

ਭਾਰਤ ਨਾਲ ਭੁ-ਰਾਜਨੀਤਿਕ ਸਾਂਝੇਦਾਰੀ ਵਧਾਉਂਦੇ ਅਮਰੀਕਾ ਲਈ ਕਸੂਤੀ ਸਥਿਤੀ

ਸਤੰਬਰ ਵਿੱਚ ਟੋਰੌਂਟੋ ਵਿੱਚ ਪ੍ਰਦਰਸ਼ਨਕਾਰੀ ਭਾਰਤ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ।

ਸਤੰਬਰ ਵਿੱਚ ਟੋਰੌਂਟੋ ਵਿੱਚ ਪ੍ਰਦਰਸ਼ਨਕਾਰੀ ਭਾਰਤ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ।

ਤਸਵੀਰ: (Evan Mitsui/CBC)

RCI

ਅਮਰੀਕਾ ਅਤੇ ਕੈਨੇਡਾ ਵਿਚ ਸਿੱਖ ਵੱਖਵਾਦੀਆਂ ਦੇ ਕਤਲ ਦੀਆਂ ਸਾਜ਼ਿਸ਼ਾਂ ਵਿਚ ਭਾਰਤ ਦੀ ਕਥਿਤ ਭੂਮਿਕਾ ਦੀ ਅਮਰੀਕੀ ਸੰਸਦ ਵਿਚ ਆਲੋਚਨਾ ਕੀਤੀ ਗਈ।

ਬੁੱਧਵਾਰ ਨੂੰ ਅਮਰੀਕਾ ਦੀ ਸੈਨੇਟ ਵਿਚ ਅੰਤਰ-ਰਾਸ਼ਟਰੀ ਦਮਨ ਬਾਰੇ ਹੋਈ ਸੁਣਵਾਈ ਦੌਰਾਨ ਭਾਰਤ ਦੀ ਕਥਿਤ ਭੂਮਿਕਾ ਦਾ ਕਈ ਵਾਰ ਜ਼ਿਕਰ ਆਇਆ। ਇਸ ਸੁਣਵਾਈ ਦੌਰਾਨ ਨੀਤੀਘਾੜੇ ਮੁੱਖ ਤੌਰ ‘ਤੇ ਚੀਨ, ਰੂਸ ਅਤੇ ਇਰਾਨ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ‘ਤੇ ਕੇਂਦਰਤ ਸਨ।

ਸੈਨੇਟ ਦੀ ਉਕਤ ਸੁਣਵਾਈ ਦੌਰਾਨ ਵਰਜੀਨੀਆ ਤੋਂ ਸੈਨੇਟਰ ਟਿਮ ਕੇਨ ਨੇ ਕਥਿਤ ਤੌਰ 'ਤੇ ਭਾਰਤ ਵੱਲੋਂ ਸਮਰਥਿਤ ਕਤਲਾਂ ਦੀ ਸਾਜ਼ਿਸ਼ ਦੀ ਨਿੰਦਾ ਕੀਤੀ, ਜੋਕਿ ਸ਼ਾਇਦ ਕਿਸੇ ਹਾਈ-ਪ੍ਰੋਫ਼ਾਈਲ ਵਿਅਕਤੀ ਦੁਆਰਾ ਪਹਿਲੀ ਆਲੋਚਨਾ ਸੀ।

ਸੈਨੇਟਰ ਟਿਮ ਨੇ ਕਿਹਾ, ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਹਾਂ - ਅਤੇ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ

ਪਰ ਇਹ ਇੱਕ ਸਨਮਾਨਯੋਗ ਲੋਕਤੰਤਰ ਦਾ ਵਿਹਾਰ ਨਹੀਂ ਹੈ

ਸੁਣਵਾਈ ਦੀ ਸ਼ੁਰੂਆਤ ਵਿਚ ਕਮੇਟੀ ਦੇ ਚੇਅਰ, ਜੋਕਿ ਇੱਕ ਡੈਮੋਕਰੈਟ ਹਨ, ਨੇ ਕੈਨੇਡਾ ਅਤੇ ਅਮਰੀਕਾ ਵਿਚ ਸਿੱਖ ਵੱਖਵਾਦੀਆਂ ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਜੁੜੇ ਹੋਣ ਦੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ।

ਸੈਨੇਟਰ ਟਿਮ ਕੇਨ ਨੇ ਵੌਲ ਸਟਰੀਟ ਜਰਨਲ ਅਖ਼ਬਾਰ ਦਾ ਇੱਕ ਆਰਟੀਕਲ (ਨਵੀਂ ਵਿੰਡੋ) ਵੀ ਪੜ੍ਹ ਕੇ ਸਾਂਝਾ ਕੀਤਾ ਜਿਸ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਹੱਤਿਆਵਾਂ ਦੀ ਸਾਜ਼ਿਸ਼ ਦੇ ਆਪਸ ਵਿਚ ਜੁੜੇ ਹੋਣ ਦੇ ਵੇਰਵੇ ਦਿੱਤੇ ਗਏ ਹਨ।

ਕੇਨ ਨੇ ਕਿਹਾ ਕਿ ਇਹ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ।

ਵਰਜੀਨੀਆ ਤੋਂ ਡੈਮੋਕਰੈਟ ਸੈਨੇਟਰ ਟਿਮ ਕੇਨ

ਵਰਜੀਨੀਆ ਤੋਂ ਡੈਮੋਕਰੈਟ ਸੈਨੇਟਰ ਟਿਮ ਕੇਨ

ਤਸਵੀਰ: Reuters / Leah Millis

ਉਹਨਾਂ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਪਹਿਲੀ ਵਾਰ ਬੀਸੀ ਵਿਚ ਹਰਦੀਪ ਸਿੰਘ ਨਿੱਝਰ ਦੀ ਜੂਨ ਵਿੱਚ ਹੋਈ ਹੱਤਿਆ ਨਾਲ ਭਾਰਤ ਦਾ ਸਬੰਧ ਹੋਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਕਿਵੇਂ ਇਹਨਾਂ ਦਾਅਵਿਆਂ ਨੂੰ ਖਾਰਜ ਕਰਦਾ ਰਿਹਾ ਸੀ।

ਕੇਨ ਨੇ ਕਿਹਾ ਕਿ ਨਿਊਯਾਰਕ ਵਿੱਚ ਇੱਕ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਨਾਕਾਮ ਕੋਸ਼ਿਸ਼ ਵਿੱਚ ਇੱਕ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦੇ ਅਮਰੀਕਾ ਦੇ ਇਲਜ਼ਾਮਾਂ 'ਤੇ ਭਾਰਤ ਦਾ ਰਿਸਪਾਂਸ ਕੁਝ ਵੱਖਰਾ ਰਿਹਾ ਹੈ।

ਭਾਰਤ ਨੇ ਹੁਣ ਅਮਰੀਕਾ ਦੇ ਮਾਮਲੇ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਸੇ ਤਰ੍ਹਾਂ ਦੀ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਹੈ, ਹਾਲਾਂਕਿ ਇਸ ਦੇ ਵੇਰਵੇ ਅਸਪਸ਼ਟ ਹਨ। ਕੇਨ ਨੇ ਕਿਹਾ, ਉਨ੍ਹਾਂ ਦੀਆਂ ਵਚਨਬੱਧਤਾਵਾਂ ਥੋੜ੍ਹੀਆਂ ਕੁ ਜ਼ਿਆਦਾ ਵਾਜਬ ਹਨ [ਅਮਰੀਕੀ ਮਾਮਲੇ ਦੇ ਰਿਸਪਾਂਸ ਵਿਚ]

ਚੀਨ ਦੇ ਉਭਾਰ ਦਾ ਸਾਹਮਣਾ ਕਰਨ ਲਈ ਅਮਰੀਕਾ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਇਸ ਕਰਕੇ ਅਮਰੀਕੀ ਅਧਿਕਾਰੀਆਂ ਲਈ ਭਾਰਤ ਦੀ ਆਲੋਚਨਾ ਉੰਨੀ ਸੌਖੀ ਨਹੀਂ ਹੈ।

ਕਤਲ ਦੀਆਂ ਸਾਜ਼ਿਸ਼ਾਂ ਦੇ ਇਲਜ਼ਾਮਾਂ ਨੇ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਪੇਚੀਦਗੀ ਪੈਦਾ ਕਰ ਦਿੱਤੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਜੂਨ ਵਿਚ ਵਹਾਈਟ ਹਾਊਸ ਵਿਚ ਮੁਲਾਕਾਤ ਕਰਦੇ ਹੋਏ। ਕਤਲ ਦੀਆਂ ਸਾਜ਼ਿਸ਼ਾਂ ਦੇ ਇਲਜ਼ਾਮਾਂ ਨੇ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਪੇਚੀਦਗੀ ਪੈਦਾ ਕਰ ਦਿੱਤੀ ਹੈ।

ਤਸਵੀਰ: Reuters / Evelyn Hockstein

ਅਮਰੀਕੀ ਅਧਿਕਾਰੀ ਸਤੰਬਰ ਤੋਂ ਇਨ੍ਹਾਂ ਮਾਮਲਿਆਂ ਬਾਰੇ ਕੈਨੇਡਾ ਲਈ ਆਪਣੇ ਸਮਰਥਨ ਦਾ ਪ੍ਰਗਟਾਵਾ ਕਰਦੇ ਹੋਏ ਸਖਤ ਬਿਆਨ ਦਿੰਦੇ ਰਹੇ ਹਨ ਅਤੇ ਬਹੁਤ ਸਾਰੀਆਂ ਨਿੱਜੀ ਮੀਟਿੰਗਾਂ ਵੀ ਕਰ ਚੁੱਕੇ ਹਨ, ਪਰ ਜਨਤਕ ਤੌਰ ‘ਤੇ ਉਹਨਾਂ ਦੀਆਂ ਟਿੱਪਣੀਆਂ ਨਪੀਆਂ-ਤੁਲੀਆਂ ਹੀ ਰਹੀਆਂ ਹਨ।

ਸੈਨੇਟਰ ਟਿਮ ਨੇ ਕਿਹਾ, ਜਦੋਂ ਕਿਸੇ ਅਜਿਹੇ ਦੇਸ਼ ਦੇ ਇਸ ਕਿਸਮ ਦੇ ਵਿਹਾਰ ਨਾਲ ਨਜਿੱਠਣਾ ਹੋਵੇ ਜਿਸਨੂੰ ਅਸੀਂ ਇੱਕ ਤਰ੍ਹਾਂ ਨਾਲ ਵਿਰੋਧੀ ਕੈਂਪ ਵੱਜੋਂ ਗਿਣਦੇ ਹਾਂ - ਜਿਵੇਂ ਚੀਨ, ਇਰਾਨ ਜਾਂ ਹੋਰ - ਤਾਂ ਇੱਕ ਗੱਲ ਹੈ। ਪਰ ਅਸੀਂ ਇਸ ਨਾਲ ਕਿਵੇਂ ਨਜਿੱਠੀਏ ਜਦੋਂ ਇਹ ਉਹ ਦੇਸ਼ ਹੈ ਜਿਸ ਨਾਲ ਅਸੀਂ ਸਾਂਝੇਦਾਰੀ ਵਿੱਚ ਹਾਂ?

ਉਹਨਾਂ ਨੇ ਫ੍ਰੀਡਮ ਹਾਊਸ ਦੇ ਪ੍ਰੈਜ਼ੀਡੈਂਟ (ਨਵੀਂ ਵਿੰਡੋ) ਮਾਈਕਲ ਅਬਰਾਮੋਵਿਟਜ਼ ਦਾ ਇਹ ਸਵਾਲ ਪੁੱਛਿਆ, ਜੋ ਸਾਲਾਨਾ ਫ੍ਰੀਡਮ ਇੰਡੈਕਸ ਤਿਆਰ ਕਰਦਾ ਹੈ।

ਇਸ ਸੂਚਕਾਂਕ (index) ਨੇ ਹਾਲ ਹੀ ਵਿੱਚ ਕਈ ਮਾਪਦੰਡਾਂ ਵਿੱਚ ਤਬਦੀਲੀ ਦੇ ਨਾਲ, ਭਾਰਤ ਨੂੰ ਆਜ਼ਾਦ ਦੇਸ਼ਾਂ ਦੀ ਸ਼੍ਰੇਣੀ ਤੋਂ ਬਦਲ ਕੇ ਕੁਝ ਹੱਦ ਤੱਕ ਆਜ਼ਾਦ ਦੇਸ਼ਾਂ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਇਹ ਗਿਰਾਵਟ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਦੇਖੀ ਗਈ ਹੈ।

ਅਬਰਾਮੋਵਿਟਜ਼ ਨੇ ਕਿਹਾ ਕਿ ਉਸਦਾ ਗਰੁੱਪ ਦੋ ਪਰੇਸ਼ਾਨਕੁੰਨ ਰੁਝਾਨਾਂ ਨੂੰ ਦੇਖਦਾ ਹੈ। ਇੱਕ ਤਾਨਾਸ਼ਾਹੀ ਸ਼ਾਸਨ ਹੈ ਜੋ ਹਾਲ ਦੇ ਸਾਲਾਂ ਵਿੱਚ ਫੈਲ ਰਿਹਾ ਹੈ। ਦੂਸਰਾ ਹੈ ਲੋਕਤੰਤਰ ਵਿਚ ਨਿਘਾਰ।

ਉਸਨੇ ਭਾਰਤ ਦੇ ਵਿਦੇਸ਼ੀ ਵਿਵਹਾਰ ਦੀ ਉਦਾਹਰਣ ਲੈਂਦਿਆਂ ਕਿਹਾ, ਸਪੱਸ਼ਟ ਤੌਰ 'ਤੇ, ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਇਸ ਤਰ੍ਹਾਂ ਦਾ ਨਿਘਾਰ ਹੋਇਆ ਹੈ

ਐਲਗਜ਼ੈਂਡਰ ਪਨੇਟਾ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ