1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਪੀਲ ਰੀਜਨ ਨੂੰ ਭੰਗ ਕਰਨ ‘ਤੇ ਆਉਣ ਵਾਲੇ ਖ਼ਰਚੇ ਨੇ ਫ਼ੋਰਡ ਸਰਕਾਰ ਤੇ ਟ੍ਰਾਂਜ਼ੀਸ਼ਨ ਬੋਰਡ ਦੇ ਹੋਸ਼ ਉਡਾਏ: ਸੂਤਰ

ਸੂਤਰ ਅਨੁਸਾਰ ਸਰਕਾਰ ਪੁਲਿਸ ਅਤੇ ਪੈਰਾਮੈਡਿਕ ਸੇਵਾਵਾਂ ਦੀਆਂ ਯੂਨੀਅਨਾਂ ਦੁਆਰਾ ਪ੍ਰਗਟਾਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ

ਖੱਬਿਓਂ ਸੱਜੇ, ਬ੍ਰੈਂਪਟਨ ਮੇਅਰ ਪੈਟਰਿਕ ਬ੍ਰਾਊਨ, ਮਿਸਿਸਾਗਾ ਮੇਅਰ ਬੌਨੀ ਕ੍ਰੌਂਬੀ ਅਤੇ ਕੈਲਡਨ ਮੇਅਰ ਐਨੇਟ ਗ੍ਰੋਵਜ਼

ਖੱਬਿਓਂ ਸੱਜੇ, ਬ੍ਰੈਂਪਟਨ ਮੇਅਰ ਪੈਟਰਿਕ ਬ੍ਰਾਊਨ, ਮਿਸਿਸਾਗਾ ਮੇਅਰ ਬੌਨੀ ਕ੍ਰੌਂਬੀ ਅਤੇ ਕੈਲਡਨ ਮੇਅਰ ਐਨੇਟ ਗ੍ਰੋਵਜ਼

ਤਸਵੀਰ: (Chris Young/The Canadian Press, Evan Mitsui/CBC)

RCI

ਪੀਲ ਰੀਜਨ ਨੂੰ ਭੰਗ ਕਰਨ ‘ਤੇ ਹੋਣ ਵਾਲੇ ਖ਼ਰਚੇ ਅਤੇ ਇਸ ਫ਼ੈਸਲੇ ਮਗਰੋਂ ਤਿੰਨੇ ਸ਼ਹਿਰਾਂ ਵਿਚ ਟੈਕਸਾਂ ਵਿਚ ਜ਼ਬਰਦਸਤ ਵਾਧਿਆਂ ਦੀ ਸੰਭਾਵਨਾ ਨੇ ਫ਼ੋਰਡ ਸਰਕਾਰ ਅਤੇ ਰੀਜਨ ਨੂੰ ਭੰਗ ਕਰਨ ਦੀ ਨਿਗਰਾਨੀ ਲਈ ਨਿਯੁਕਤ ਕੀਤੇ ਟ੍ਰਾਂਜ਼ੀਸ਼ਨ ਬੋਰਡ ਦੇ ਹੋਸ਼ ਉਡਾ ਦਿੱਤੇ ਹਨ।

ਇਸ ਬਾਬਤ ਹੋਏ ਵਿਚਾਰ-ਵਟਾਂਦਰੇ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਸੀਬੀਸੀ ਨਿਊਜ਼ ਨੂੰ ਇਹ ਜਾਣਕਾਰੀ ਦਿੱਤੀ ਹੈ।

ਟੋਰੌਂਟੋ ਸਟਾਰ ਅਖ਼ਬਾਰ ਨੇ ਮੰਗਲਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਛਾਪੀ ਸੀ ਕਿ ਪ੍ਰੀਮੀਅਰ ਡਗ ਫ਼ੋਰਡ ਪੀਲ ਰੀਜਨ ਨੂੰ ਭੰਗ ਕਰਨ ਦੀ ਆਪਣੀ ਯੋਜਨਾ ਨੂੰ ਰੱਦ ਕਰਨ ਲਈ ਤਿਆਰ ਹਨ।

ਹਾਲਾਂਕਿ, ਸਰਕਾਰ ਵੱਲੋਂ ਇਸ ਬਾਬਤ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ।

ਪੀਲ ਰੀਜਨ ਵਿਚ ਮਿਸਿਸਾਗਾ, ਬ੍ਰੈਂਪਟਨ ਅਤੇ ਕੈਲਡਨ ਸ਼ਹਿਰ ਆਉਂਦੇ ਹਨ ਅਤੇ ਰੀਜਨ ਭੰਗ ਹੋਣ ਦਾ ਮਤਲਬ ਹੈ ਕਿ ਇਹ ਸ਼ਹਿਰ ਸੁਤੰਤਰ ਮਿਉਂਨਿਸਪੈਲਟੀਆਂ ਹੋਣਗੇ।

ਸੂਤਰ ਅਨੁਸਾਰ ਪੀਲ ਰੀਜਨਲ ਪੁਲਿਸ ਅਤੇ ਪੀਲ ਰੀਜਨਲ ਪੈਰਾਮੈਡਿਕ ਸੇਵਾਵਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਦੁਆਰਾ ਪ੍ਰਗਟਾਈਆਂ ਗਈਆਂ ਚਿੰਤਾਵਾਂ ਨੂੰ ਸੂਬਾ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ।

ਮੰਗਲਵਾਰ ਨੂੰ ਬ੍ਰੈਂਪਟਨ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਰੀਜਨ ਦੇ ਭੰਗ ਹੋਣ ਨਾਲ ਇਲਾਕੇ ਵਿੱਚ ਪੈਰਾਮੈਡਿਕ ਸੇਵਾਵਾਂ ਨੂੰ ਖ਼ਤਰਾ ਹੋ ਸਕਦਾ ਹੈ, ਜਦ ਕਿ ਕੈਲਡਨ ਦੀ ਮੇਅਰ ਐਨੇਟ ਗ੍ਰੋਵਜ਼ ਨੇ ਸੂਬੇ ਨੂੰ ਪੀਲ ਰੀਜਨ ਭੰਗ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।

ਸੀਬੀਸੀ ਨਾਲ ਬੁੱਧਵਾਰ ਸਵੇਰੇ ਗੱਲਬਾਤ ਵਿਚ ਮੇਅਰ ਬ੍ਰਾਊਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੂਬਾ ਸਰਕਾਰ ਆਪਣਾ ਫ਼ੈਸਲਾ ਵਾਪਸ ਲਵੇਗੀ।

ਮੇਅਰ ਬ੍ਰਾਊਨ ਨੇ ਕਿਹਾ, ਸਹੀ ਫੈਸਲਾ ਲੈਣ ਦਾ ਕਦੇ ਵੀ ਗ਼ਲਤ ਸਮਾਂ ਨਹੀਂ ਹੁੰਦਾ ਅਤੇ ਪੀਲ ਰੀਜਨ ਭੰਗ ਹੋਣ ਦੇ ਮਾਮਲੇ ਵਿੱਚ ਤੱਥ ਸਪੱਸ਼ਟ ਹੀ ਰਹੇ ਹਨ, ਅਤੇ ਟ੍ਰਾਂਜ਼ੀਸ਼ਨ ਬੋਰਡ ਵੱਲੋਂ ਦੇਖੇ ਜਾਣ ਤੋਂ ਬਾਅਦ ਇਹ ਹੋਰ ਵੀ ਪ੍ਰਤੱਖ ਹੋ ਗਏ ਹਨ

ਬ੍ਰਾਊਨ ਨੇ ਕਿਹਾ ਕਿ ਪੀਲ ਰੀਜਨ ਭੰਗ ਕਰਨ ਦਾ ਫ਼ੈਸਲਾ ਇੱਕ ਵਾਪਰਨ ਦੀ ਕਗਾਰ ‘ਤੇ ਪਹੁੰਚੇ ਭੈੜੇ ਰੇਲ ਹਾਦਸੇ ਵਾਂਗ ਹੈ, ਅਤੇ ਜਦ ਸਰਕਾਰ ਇਸਨੂੰ ਰੋਕ ਸਕਦੀ ਹੈ ਤਾਂ ਇਸਨੂੰ ਰੋਕਣਾ ਚਾਹੀਦਾ ਹੈ।

ਮਿਸਿਸਾਗਾ ਦੀ ਮੇਅਰ ਬੌਨੀ ਕਰੌਂਬੀ, ਜੋ ਲੰਘੇ ਵੀਕਐਂਡ ਓਨਟੇਰਿਓ ਲਿਬਰਲ ਪਾਰਟੀ ਦੀ ਲੀਡਰ ਚੁਣੀ ਗਈ ਹੈ, ਨੇ ਇਸ ਕਦਮ ਦਾ ਬਚਾਅ ਕੀਤਾ ਹੈ।

ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੇਅਰ ਕ੍ਰੌਂਬੀ ਨੇ ਕਿਹਾ, ਪ੍ਰੀਮੀਅਰ ਅਤੇ ਮੈਂ ਬਹੁਤ ਸਾਰੀਆਂ ਗੱਲਾਂ 'ਤੇ ਸਹਿਮਤ ਨਹੀਂ ਹਾਂ, ਪਰ ਅਸੀਂ ਪੀਲ ਰੀਜਨ ਨੂੰ ਭੰਗ ਕਰਨ 'ਤੇ ਸਹਿਮਤ ਹਾਂ

ਬੌਨੀ ਕ੍ਰੌਂਬੀ ਮਿਸਿਸਾਗਾ ਨੂੰ ਪੀਲ ਤੋਂ ਵੱਖ ਕਰਨ ਦੇ ਪੱਖ ਵਿਚ ਹਨ। ਉਨ੍ਹਾਂ ਕਿਹਾ ਕਿ ਪੀਲ ਰੀਜਨ ਵਿਚ ਕਈ ਸੇਵਾਵਾਂ ਵਿਚ ਡੁਪਲੀਕੇਸ਼ਨ ਯਾਨੀ ਦੁਹਰਾਅ ਹੈ ਕਿਉਂਕਿ ਕਈ ਸੇਵਾਵਾਂ ਰੀਜਨ ਅਤੇ ਮਿਉਂਸਿਪੈਲਟੀ ਦੋਵਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀ ਹਨ, ਜਿਹਨਾਂ ਵਿਚ ਯੋਜਨਾਬੰਦੀ, ਸੜਕਾਂ, ਬਿਜ਼ਨਸ ਸੇਵਾਵਾਂ ਅਤੇ ਪ੍ਰਸ਼ਾਸਨ ਸ਼ਾਮਲ ਹੈ। ਬੌਨੀ ਦਾ ਤਰਕ ਹੈ ਕਿ ਰੀਜਨ ਭੰਗ ਹੋਣ ਨਾਲ ਸੇਵਾਵਾਂ ਵਿਚ ਡੁਪਲੀਕੇਸ਼ਨ ਖ਼ਤਮ ਹੋ ਸਕੇਗਾ। 

ਬੌਨੀ ਕ੍ਰੌਂਬੀ ਦਾ ਕਹਿਣਾ ਹੈ, ਪੀਲ ਰੀਜਨ ਨੂੰ ਭੰਗ ਕਰਨਾ ਅਤੇ ਸਰਕਾਰ ਦੀ ਇੱਕ ਵਾਧੂ ਪਰਤ ਨੂੰ ਖ਼ਤਮ ਕਰਨਾ ਮਿਸਿਸਾਗਾ, ਬ੍ਰੈਂਪਟਨ ਅਤੇ ਕੈਲਡਨ ਨੂੰ ਵਧੇਰੇ ਕੁਸ਼ਲ ਬਣਨ, ਵਸਨੀਕਾਂ ਵਿੱਚ ਉਲਝਣ ਨੂੰ ਘਟਾਉਣ, ਸੇਵਾਵਾਂ ਦੀ ਡਿਲੀਵਰੀ ਨੂੰ ਸੁਚਾਰੂ ਬਣਾਉਣ, ਅਤੇ ਅੰਤ ਵਿੱਚ ਰੈਜ਼ੀਡੈਂਟਸ ਅਤੇ ਕਾਰੋਬਾਰਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਕਰਨ ਦੀ ਆਗਿਆ ਦਵੇਗਾ

ਫ਼ੋਰਡ ਨੇ ਮਈ ਵਿੱਚ ਐਲਾਨ ਕੀਤਾ ਸੀ ਕਿ ਪੀਲ ਰੀਜਨ ਨੂੰ ਹੇਜ਼ਲ ਮਕੈਲੀਅਨ ਐਕਟ ਦੁਆਰਾ ਜਨਵਰੀ 2025 ਵਿੱਚ ਭੰਗ ਕਰ ਦਿੱਤਾ ਜਾਵੇਗਾ। ਹੇਜ਼ਲ ਮਕੈਲੀਅਨ 36 ਸਾਲ ਤੱਕ ਮਿਸਿਸਾਗਾ ਦੀ ਮੇਅਰ ਰਹੀ ਸੀ ਅਤੇ ਇਸੇ ਸਾਲ ਜਨਵਰੀ ਵਿਚ 101 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋਇਆ ਸੀ।

ਕ੍ਰੌਂਬੀ ਨੇ ਕਿਹਾ ਕਿ ਰੀਜਨ ਭੰਗ ਹੋਣ ਦੀ ਰਾਹ ‘ਤੇ ਅੱਗੇ ਵਧਣਾ ਮਕੈਲੀਅਨ ਨੂੰ ਇੱਕ ਸ਼ਰਧਾਂਜਲੀ ਹੋਵੇਗਾ ਕਿਉਂਕਿ ਉਹ ਵੀ ਇਹੀ ਚਾਹੁੰਦੇ ਸਨ।

ਇਹ ਕਾਨੂੰਨ ਸੂਬੇ ਨੂੰ ਪੀਲ ਰੀਜਨ ਭੰਗ ਕਰਨ ਅਤੇ ਮਿਸੀਸਾਗਾ, ਬ੍ਰੈਂਪਟਨ ਤੇ ਕੈਲਡਨ ਨੂੰ ਸੁਤੰਤਰ ਮਿਉਂਸਿਪੈਲਟੀਆਂ ਵਿੱਚ ਬਦਲਣ ਦੇ ਯੋਗ ਬਣਾਉਂਦਾ ਹੈ।

ਫ਼ੋਰਡ ਸਰਕਾਰ ਨੇ ਇਸ ਕਾਰਜ ਬਾਬਤ ਓਨਟੇਰਿਓ ਦੀ ਮਿਨਿਸਟ੍ਰੀ ਆਫ਼ ਮਿਊਂਸੀਪਲ ਅਫੇਅਰਜ਼ ਐਂਡ ਹਾਊਸਿੰਗ ਨੂੰ ਸਿਫ਼ਾਰਸ਼ਾਂ ਕਰਨ ਲਈ ਇੱਕ ਟ੍ਰਾਂਜ਼ੀਸ਼ਨ ਬੋਰਡ ਨਿਯੁਕਤ ਕੀਤਾ ਸੀ। ਬੋਰਡ ਨੇ ਸਿਫ਼ਾਰਸ਼ਾਂ ਕਰਨੀਆਂ ਸਨ ਕਿ ਵਰਤਮਾਨ ਵਿੱਚ ਰੀਜਨ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਨਾਲ ਭਵਿੱਖ ਵਿਚ ਅੱਗੇ ਕਿਵੇਂ ਵਧਣਾ ਹੈ।

ਓਨਟੇਰਿਓ ਐਨਡੀਪੀ ਲੀਡਰ ਮੈਰਿਟ ਸਟਾਇਲਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਨੇ ਵੀ ਖ਼ਬਰਾਂ ਸੁਣੀਆਂ ਹਨ ਕਿ ਸਰਕਾਰ ਪੀਲ ਰੀਜਨ ਨੂੰ ਭੰਗ ਕਰਨ ਦੀਆਂ ਆਪਣੀਆਂ ਯੋਜਨਾਵਾਂ 'ਤੇ ਮੁੜ ਵਿਚਾਰ ਕਰ ਸਕਦੀ ਹੈ।

ਸਟਾਈਲਜ਼ ਨੇ ਕਿਹਾ, ਮੈਨੂੰ ਇਸ ਨਾਲ ਖ਼ੁਸ਼ੀ ਹੋਈ। ਮੈਨੂੰ ਲਗਦਾ ਹੈ ਕਿ ਇਹ ਇੱਕ ਬੁਰਾ ਫ਼ੈਸਲਾ ਸੀ। ਮੈਨੂੰ ਲੱਗਦਾ ਹੈ ਕਿ ਇਹ ਇੱਕ ਬੁਰੀ ਡੀਲ ਹੈ ਜੋ ਬੌਨੀ ਕ੍ਰੌਂਬੀ ਅਤੇ ਡੱਗ ਫ਼ੋਰਡ ਵਿਚਕਾਰ ਚੁਪ-ਚੁਪੀਤੇ ਹੋਈ ਸੀ ਜਿਸ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ

ਮਿਨਿਸਟਰ ਵੱਲੋਂ ਸਰਕਾਰ ਦੇ ਅਗਲੇ ਕਦਮ ਦੀ ਪੁਸ਼ਟੀ ਨਹੀਂ

ਓਨਟੇਰਿਓ ਦੇ ਮਿਉਂਸਿਪਲ ਅਫ਼ੇਅਰਜ਼ ਅਤੇ ਹਾਊਸਿੰਗ ਮਿਨਿਸਟਰ, ਪੌਲ ਕੈਲੰਡਰਾ ਨੂੰ ਮੰਗਲਵਾਰ ਨੂੰ ਪੀਲ ਰੀਜਨ ਭੰਗ ਹੋਣ ਨਾਲ ਬ੍ਰੈਂਪਟਨ ਦੇ ਲੋਕਾਂ ਦੇ ਟੈਕਸਾਂ ’ਤੇ ਪੈਣ ਵਾਲੇ ਸੰਭਾਵੀ ਪ੍ਰਭਾਵ ਬਾਰੇ ਸਵਾਲ ਪੁੱਛਿਆ ਗਿਆ।

ਮਿਨਿਸਟਰ ਕੈਲੰਡਰਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਟੈਕਸ ਘਟਾਉਣ ਅਤੇ ਵਧੇਰੇ ਘਰ ਬਣਾਉਣ ‘ਤੇ ਕੇਂਦਰਤ ਹੈ। ਅਸੀਂ ਨਿਸ਼ਚਤ ਤੌਰ 'ਤੇ ਕਦੇ ਵੀ ਕਿਸੇ ਸ਼ਹਿਰ ਨੂੰ ਇਵੇਂ ਟੈਕਸ ਵਧਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ ਜਿੱਥੇ ਰਹਿਣਾ ਲੋਕ ਅਫ਼ੋਰਡ ਹੀ ਨਾ ਕਰ ਸਕਣ

ਬਾਅਦ ਵਿੱਚ ਇੱਕ ਬਿਆਨ ਵਿੱਚ, ਕੈਲੰਡਰਾ ਦੇ ਕਾਰਜਕਾਰੀ ਪ੍ਰੈਸ ਸਕੱਤਰ ਅਲੈਗਜ਼ੈਂਡਰੂ ਸਿਓਬੈਨ ਨੇ ਕਿਹਾ ਕਿ ਟ੍ਰਾਂਜ਼ੀਸ਼ਨ ਬੋਰਡ ਰੀਜਨ ਅਤੇ ਵਿਅਕਤੀਗਤ ਮਿਉਂਸਿਪੈਲਟੀਆਂ ਨਾਲ ਕੰਮ ਕਰ ਰਿਹਾ ਹੈ।

ਕੈਲੰਡਰਾ ਨੇ ਮੰਗਲਵਾਰ ਦੁਪਹਿਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਪੁਸ਼ਟੀ ਨਹੀਂ ਕੀਤੀ ਕਿ ਸੂਬਾ ਪੀਲ ਰੀਜਨ ਭੰਗ ਕਰਨ ਦੇ ਫ਼ੈਸਲੇ ਨੂੰ ਉਲਟਾਏਗਾ ਜਾਂ ਨਹੀਂ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ