1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਦੀ ਕਿਚਨਰ ਰਾਈਡਿੰਗ ਦੀ ਸੂਬਾਈ ਜ਼ਿਮਨੀ ਚੋਣ ਵਿਚ ਗ੍ਰੀਨ ਪਾਰਟੀ ਜੇਤੂ

ਕੁਲ 18 ਉਮੀਦਵਾਰ ਚੋਣ ਮੈਦਾਨ ਚ ਸਨ, ਗ੍ਰੀਨ ਪਾਰਟੀ ਦੀ ਐਸਲਿਨ ਕਲੈਨਸੀ ਨੇ ਮਾਰੀ ਬਾਜ਼ੀ

ਓਨਟੇਰਿਓ ਜ਼ਿਮਨੀ ਚੋਣ ਵਿਚ ਗ੍ਰੀਨ ਪਾਰਟੀ ਦੀ ਉਮੀਦਵਾਰ ਐਸਲਿਨ ਕਲੈਨਸੀ ਨੇ ਕਿਚਨਰ ਸੈਂਟਰ ਰਾਈਡਿੰਗ ਤੋਂ ਜਿੱਤ ਦਰਜ ਕੀਤੀ ਹੈ। 13 ਨਵੰਬਰ ਨੂੰ ਇੱਕ ਕੈਂਪੇਨ ਇਵੈਂਟ ਦੌਰਾਨ ਕਲੈਨਸੀ ਦੀ ਗ੍ਰੀਨ ਪਾਰਟੀ ਲੀਡਰ ਮਾਈਕ ਸ਼੍ਰੀਨਰ ਨਾਲ ਤਸਵੀਰ।

ਓਨਟੇਰਿਓ ਜ਼ਿਮਨੀ ਚੋਣ ਵਿਚ ਗ੍ਰੀਨ ਪਾਰਟੀ ਦੀ ਉਮੀਦਵਾਰ ਐਸਲਿਨ ਕਲੈਨਸੀ ਨੇ ਕਿਚਨਰ ਸੈਂਟਰ ਰਾਈਡਿੰਗ ਤੋਂ ਜਿੱਤ ਦਰਜ ਕੀਤੀ ਹੈ। 13 ਨਵੰਬਰ ਨੂੰ ਇੱਕ ਕੈਂਪੇਨ ਇਵੈਂਟ ਦੌਰਾਨ ਕਲੈਨਸੀ ਦੀ ਗ੍ਰੀਨ ਪਾਰਟੀ ਲੀਡਰ ਮਾਈਕ ਸ਼੍ਰੀਨਰ ਨਾਲ ਤਸਵੀਰ।

ਤਸਵੀਰ:  (Carmen Groleau/CBC)

RCI

ਓਨਟੇਰਿਓ ਦੀ ਕਿਚਨਰ-ਸੈਂਟਰ ਰਾਈਡਿੰਗ ਨੂੰ ਸੂਬਾਈ ਲਜਿਸਲੇਚਰ ਵਿਚ ਆਪਣਾ ਨਵਾਂ ਨੁਮਾਇੰਦਾ ਮਿਲ ਗਿਆ ਹੈ।

ਗ੍ਰੀਨ ਪਾਰਟੀ ਦੀ ਐਸਲਿਨ ਕਲੈਨਸੀ ਨੇ ਜ਼ਿਮਨੀ ਚੋਣਾਂ ਵਿਚ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ। ਕਲੈਨਸੀ ਨੂੰ ਕੁਲ 11,334 ਚੋਟਾਂ ਪਈਆਂ, ਜੋਕਿ ਦੂਸਰੇ ਨੰਬਰ ‘ਤੇ ਰਹੀ ਐਨਡੀਪੀ ਉਮੀਦਵਾਰ ਡੈਬੀ ਚੈਪਮੈਨ ਨਾਲੋਂ ਪੰਜ ਹਜ਼ਾਰ ਤੋਂ ਵੀ ਵੱਧ ਵੋਟਾਂ ਦਾ ਫ਼ਰਕ ਹੈ।

ਇਹ ਸੀਟ ਪਹਿਲਾਂ ਐਨਡੀਪੀ ਕੋਲ ਸੀ। ਕਲੈਨਸੀ ਦੀ ਜਿੱਤ ਤੋਂ ਬਾਅਦ ਓਨਟੇਰਿਓ ਲਜਿਸਲੇਚਰ ਵਿਚ ਹੁਣ 2 ਗ੍ਰੀਨ ਐਮਪੀਪੀ ਹੋ ਜਾਣਗੇ। ਗ੍ਰੀਨ ਪਾਰਟੀ ਲੀਡਰ ਮਾਈਕ ਸ਼੍ਰੀਨਰ ਗੁਐਲਫ਼ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਹਨ।

ਵੀਰਵਾਰ ਰਾਤ ਨੂੰ ਗ੍ਰੀਨ ਪਾਰਟੀ ਦੇ ਜਿੱਤ ਦੇ ਜਸ਼ਨ ਵਿਚ ਪਾਰਟੀ ਲੀਡਰ ਮਾਈਕ ਸ਼੍ਰੀਨਰ ਅਤੇ ਕਿਚਨਰ ਸੈਂਟਰ ਤੋਂ ਗ੍ਰੀਨ ਐਮਪੀ ਮਾਈਕ ਮੌਰਿਸ ਵੀ ਹਾਜ਼ਰ ਰਹੇ।

ਜ਼ਿਮਨੀ ਚੋਣ ਵਿਚ ਕੁਲ 18 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜੋ ਕਿ ਓਨਟੇਰਿਓ ਵਿਚ ਕਿਸੇ ਚੋਣਾਂ ਵਿਚ ਇੱਕ ਰਾਈਡਿੰਗ ਤੋਂ ਉਮੀਦਵਾਰਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਸੂਬੇ ਵਿਚ ਸੱਤਾਧਾਰੀ ਪੀਸੀ ਪਾਰਟੀ ਦੇ ਉਮੀਦਵਾਰ ਰੌਬ ਐਲੀਅਟ 3,109 ਵੋਟਾਂ ਦੇ ਨਾਲ ਤੀਸਰੇ ਸਥਾਨ ‘ਤੇ ਰਹੇ ਅਤੇ ਲਿਬਰਲ ਉਮੀਦਵਾਰ ਕੈਲੀ ਸਟੀਸ 1,817 ਵੋਟਾਂ ਨਾਲ ਚੌਥੇ ਸਥਾਨ ‘ਤੇ ਰਹੀ।

ਨਿਊ ਬਲੂ ਉਮੀਦਵਾਰ ਪੌਲ ਸਿਮੌਜ਼ 536 ਵੋਟਾਂ ਨਾਲ ਪੰਜਵੇਂ ਸਥਾਨ ‘ਤੇ ਰਹੇ।

ਇਸ ਰਾਈਡਿੰਗ ਵਿਚ 87,151 ਰਜਿਸਟਰਡ ਵੋਟਰ ਹਨ। ਇਲੈਕਸ਼ਨਜ਼ ਕੈਨੇਡਾ ਅਨੁਸਾਰ 27.1% ਲੋਕਾਂ ਨੇ ਜ਼ਿਮਨੀ ਚੋਣ ਵਿਚ ਵੋਟ ਪਾਈ।

ਕਲੈਨਸੀ ਸਿਟੀ ਔਫ਼ ਕਿਚਨਰ ਵਿੱਖੇ ਕੌਂਸਲਰ ਹੈ। ਸੂਬਾਈ ਲਜਿਸਲੇਚਰ ਲਈ ਜੇਤੂ ਹੋਣ ਦਾ ਮਤਲਬ ਹੈ ਕਿ ਉਸਨੂੰ ਕੌਂਸਲਰ ਦੀ ਸੀਟ ਤੋਂ ਅਸਤੀਫ਼ਾ ਦੇਣਾ ਪਵੇਗਾ, ਕਿਉਂਕਿ ਓਨਟੇਰਿਓ ਮਿਉਂਸਿਪਲ ਐਕਟ ਦੇ ਤਹਿਤ, ਉਹ ਇੱਕੋ ਸਮੇਂ ‘ਤੇ ਦੋ ਸੀਟਾਂ ਦੀ ਨੁਮਾਇੰਦਗੀ ਨਹੀਂ ਕਰ ਸਕਦੀ।

ਸਿਟੀ ਕੌਂਸਲ ਸੀਟ ਖ਼ਾਲੀ ਹੋਣ ਦਾ ਐਲਾਨ ਕਰੇਗੀ ਅਤੇ ਸੀਟ ਨੂੰ ਦੁਬਾਰਾ ਭਰਨ ਬਾਰੇ ਫ਼ੈਸਲਾ ਕਰੇਗੀ।

ਕੌਂਸਲ ਕੋਲ ਦੋ ਵਿਕਲਪ ਹੋ ਸਕਦੇ ਹਨ:

  • ਕੌਂਸਲ ਕਿਸੇ ਨੂੰ ਇਸ ਸੀਟ ਲਈ ਨਿਯੁਕਤ ਕਰ ਸਕਦੀ ਹੈ।
  • ਜ਼ਿਮਨੀ ਚੋਣ ਕਰਾਈ ਜਾ ਸਕਦੀ ਹੈ।

ਕੇਟ ਬੁਕਰਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ