1. ਮੁੱਖ ਪੰਨਾ
  2. ਵਾਤਾਵਰਨ
  3. ਜਲਵਾਯੂ ਪਰਿਵਰਤਨ

ਕੈਨੇਡਾ ਨੇ ਨਵੇਂ ਗਲੋਬਲ ਕਲਾਈਮੇਟ ਫ਼ੰਡ ਵਿਚ $16 ਮਿਲੀਅਨ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ

ਹੋਰ ਦੇਸ਼ਾਂ ਨੇ ਵੀ 10 ਮਿਲੀਅਨ ਤੋਂ 100 ਮਿਲੀਅਨ ਦੇ ਵਿਚਕਾਰ ਯੋਗਦਾਨ ਦੀ ਗੱਲ ਆਖੀ ਹੈ

COP28 ਵਿਚ ਸ਼ਾਮਲ ਹੋਣ ਦੁਬਈ ਪਹੁੰਚੇ ਕੈਨੇਡਾ ਦੇ ਵਾਤਾਵਰਣ ਮੰਤਰੀ ਸਟੀਵਨ ਗਿਲਬੌ ਦੀ ਤਸਵੀਰ।

COP28 ਵਿਚ ਸ਼ਾਮਲ ਹੋਣ ਦੁਬਈ ਪਹੁੰਚੇ ਕੈਨੇਡਾ ਦੇ ਵਾਤਾਵਰਣ ਮੰਤਰੀ ਸਟੀਵਨ ਗਿਲਬੌ ਦੀ ਤਸਵੀਰ।

ਤਸਵੀਰ:  (Kyle Bakx/CBC)

RCI

COP28 ਦੇ ਪਹਿਲੇ ਦਿਨ ਦੇਸ਼ਾਂ ਵਿਚਕਾਰ ਇੱਕ ਨਵਾਂ ਕਲਾਈਮੇਟ ਫ਼ੰਡ ਸਥਾਪਿਤ ਕਰਨ ਦਾ ਇਤਿਹਾਸਕ ਸਮਝੌਤਾ ਹੋਇਆ ਅਤੇ ਕੈਨੇਡਾ ਨੇ ਵੀ ਇਸ ਫ਼ੰਡ ਵਿਚ 16 ਮਿਲੀਅਨ ਡਾਲਰ ਦੇ ਯੋਗਦਾਨ ਦੀ ਵਚਨਬੱਧਤਾ ਪ੍ਰਗਟਾਈ।

ਫ਼ੈਡਰਲ ਵਾਤਾਵਰਣ ਮੰਤਰੀ ਸਟੀਵਨ ਗਿਲਬੌ ਨੇ ਨਵੇਂ ਸਥਾਪਿਤ ਹੋਣ ਵਾਲੇ ਜਲਵਾਯੂ ਨੁਕਸਾਨ ਫ਼ੰਡ ਵਿਚ ਕੈਨੇਡਾ ਵੱਲੋਂ ਸ਼ੁਰੂਆਤ ਵਿਚ 16 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ।

ਦੁਬਈ ਵਿਚ ਚਲ ਰਹੇ ਜਲਵਾਯੂ ਸਿੱਖਰ ਸੰਮੇਲਨ COP28 ਵਿਚ ਬੋਲਦਿਆਂ, ਗਿਲਬੌ ਨੇ ਕਿਹਾ, ਸਾਡਾ ਮੰਨਣਾ ਹੈ ਕਿ ਇਹ ਇੱਕ ਮਹੱਤਵਪੂਰਨ ਕਦਮ ਹੈ

ਕੈਨੇਡਾ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਦਲੀਲ ਦੇ ਰਿਹਾ ਹੈ ਕਿ ਸਾਨੂੰ [ਕਲਾਈਮੇਟ ਦੇ] ਨੁਕਸਾਨ ਬਾਰੇ ਗੰਭੀਰ ਗੱਲਬਾਤ ਕਰਨੀ ਚਾਹੀਦੀ ਹੈ, ਜਿਸਨੂੰ ਅਸੀਂ ਤਕਰੀਬਨ 30 ਸਾਲਾਂ ਤੋਂ ਨਜ਼ਰਅੰਦਾਜ਼ ਕਰਦੇ ਰਹੇ ਹਾਂ

ਇਹ ਫ਼ੰਡ ਜਲਵਾਯੂ ਤਬਦੀਲੀ ਕਰਕੇ ਉੱਭਰ ਰਹੀਆਂ ਆਫ਼ਤਾਂ ਜਿਵੇਂ ਹੜ, ਸੋਕੇ ਅਤੇ ਵਧਦੇ ਸਮੁੰਦਰੀ ਪੱਧਰ ਨਾਲ ਸਿੱਝਣ ਲਈ ਗ਼ਰੀਬ ਦੇਸ਼ਾਂ ਦੀ ਮਦਦ ਕਰੇਗਾ।

ਹੁਣ ਤੱਕ ਇਸ ਫ਼ੰਡ ਲਈ 400 ਮਿਲੀਅਨ ਡਾਲਰ ਜੁਟਾਏ ਜਾ ਚੁੱਕੇ ਹਨ ਜਿਸ ਵਿਚ ਯੂਏਈ ਅਤੇ ਜਰਮਨੀ ਵੱਲੋਂ $100 ਮਿਲੀਅਨ ਅਤੇ ਅਮਰੀਕਾ ਵੱਲੋਂ $17.5 ਮਿਲੀਅਨ ਦਾ ਯੋਗਦਾਨ ਪਾਇਆ ਗਿਆ ਹੈ। ਅਮਰੀਕੀ ਡਾਲਰਾਂ ਵਿੱਚ, ਕੈਨੇਡਾ ਦਾ ਯੋਗਦਾਨ ਲਗਭਗ $11.8 ਮਿਲੀਅਨ ਹੈ।

ਦੁਬਈ ਵਿਚ ਚਲ ਰਹੇ ਜਲਵਾਯੂ ਸੰਮੇਲਨ COP28 ਦੌਰਾਨ ਦੇਸ਼ਾਂ ਦੇ ਲੀਡਰਜ਼ ਦੀ ਗਰੁੱਪ ਫ਼ੋਟੋ।

ਦੁਬਈ ਵਿਚ ਚਲ ਰਹੇ ਜਲਵਾਯੂ ਸੰਮੇਲਨ COP28 ਦੌਰਾਨ ਦੇਸ਼ਾਂ ਦੇ ਲੀਡਰਜ਼ ਦੀ ਗਰੁੱਪ ਫ਼ੋਟੋ।

ਤਸਵੀਰ: Associated Press

ਕੈਨੇਡੀਅਨ ਪੈਵੇਲੀਅਨ ਦੇ ਉਦਘਾਟਨ ਸਮਾਰੋਹ ਵਿੱਚ, ਕੁਝ ਮੂਲਨਿਵਾਸੀ ਲੀਡਰਾਂ ਨੇ ਇਹ ਮੁੱਦਾ ਵੀ ਚੁੱਕਿਆ ਕਿ ਕੈਨੇਡਾ ਵਿੱਚ ਕਿੰਨੇ ਮੂਲਨਿਵਾਸੀ ਭਾਈਚਾਰਿਆਂ ਨੂੰ ਵੀ ਗੰਭੀਰ ਮੌਸਮੀ ਪ੍ਰਭਾਵਾਂ ਨਾਲ ਸਿੱਝਣ ਲਈ ਮਦਦ ਦੀ ਲੋੜ ਹੈ।

ਹਾਲਾਂਕਿ ਵੀਰਵਾਰ ਨੂੰ ਐਲਾਨਿਆ ਗਿਆ ਨਵਾਂ ਫ਼ੰਡ ਸਿਰਫ਼ ਵਿਕਾਸਸ਼ੀਲ ਦੇਸ਼ਾਂ ਲਈ ਹੈ, ਪਰ ਮਿਨਿਸਟਰ ਗਿਲਬੌ ਨੇ ਕਿਹਾ ਕਿ ਕੈਨੇਡਾ ਵਿੱਚ ਜਲਵਾਯੂ ਪਰਿਵਰਤਨ ਦੁਆਰਾ ਪ੍ਰਭਾਵਿਤ ਮੂਲਨਿਵਾਸੀ ਭਾਈਚਾਰਿਆਂ ਦੀ ਬਿਹਤਰ ਸਹਾਇਤਾ ਲਈ ਸਰਕਾਰ ਦੇ ਸਾਰੇ ਪੱਧਰ ਕੰਮ ਕਰਨਗੇ।

ਕੈਨੇਡੀਅਨ ਸਰਕਾਰ ਵੱਲੋਂ ਨਵੇਂ ਮੀਥੇਨ ਟੀਚਿਆਂ ਅਤੇ ਤੇਲ ਉਤਪਾਦਨ ਦੇ ਨਿਕਾਸ 'ਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀਮਾ ਦਾ ਐਲਾਨ ਕਰਨ ਦੀ ਉਮੀਦ ਹੈ।

ਗਿਲਬੌ ਨੇ ਕਿਹਾ ਕਿ ਇਸ ਸੰਮੇਲਨ ਦੌਰਾਨ ਕੈਨੇਡਾ 2050 ਤੱਕ ਬੇਰੋਕ ਜੈਵਿਕ ਇੰਧਨ ਨੂੰ ਪੜਾਅਵਾਰ ਖ਼ਤਮ ਕਰਨ ਲਈ ਇੱਕ ਇਕਰਾਰਨਾਮੇ ਲਈ ਜ਼ੋਰ ਦੇਵੇਗਾ।

COP28 ਦਾ ਫੋਕਸ ਗਲੋਬਲ ਵਾਰਮਿੰਗ ਨੂੰ ਪੂਰਵ-ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਲਈ ਨਿਕਾਸ ਨੂੰ ਘਟਾਉਣਾ ਹੈ, ਜੋ ਕਿ ਜਲਵਾਯੂ ਤਬਾਹੀ ਤੋਂ ਬਚਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਕਾਈਲ ਬੈਕਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ