1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕਾਰਜ ਸਥਾਨ ਵੱਜੋਂ CSIS ਦੇ ਇੱਕ ਘਟੀਆ ਥਾਂ ਹੋਣ ਦੇ ਦਾਅਵੇ ‘ਬਿਲਕੁਲ ਅਸਵੀਕਾਰਨਯੋਗ’: ਟ੍ਰੂਡੋ

ਏਜੰਸੀ ਖ਼ਿਲਾਫ਼ ਦਾਅਵਿਆਂ ਵਿਚ ਜਿਨਸੀ ਸ਼ੋਸ਼ਣ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਦਾਅਵੇ ਵੀ ਸ਼ਾਮਲ

29 ਨਵੰਬਰ 2023 ਨੂੰ ਔਟਵਾ ਵਿਚ ਕੌਕਸ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

29 ਨਵੰਬਰ 2023 ਨੂੰ ਔਟਵਾ ਵਿਚ ਕੌਕਸ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਤਸਵੀਰ: (Adrian Wyld/Canadian Press)

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਦੀ ਖ਼ੂਫ਼ੀਆ ਏਜੰਸੀ CSIS ਵਿੱਖੇ ਮੁਲਾਜ਼ਮਾਂ ’ਤੇ ਜਿਨਸੀ ਹਮਲੇ ਅਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਇਲਜ਼ਾਮ ‘ਤਬਾਹਕੁੰਨ’ ਅਤੇ ‘ਬਿਲਕੁਲ ਅਸਵੀਕਾਰਨਯੋਗ’ ਹਨ।

ਗ਼ੌਰਤਲਬ ਹੈ ਕਿ ਟ੍ਰੂਡੋ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਹਾਲ ਹੀ ਵਿਚ ਕੈਨੇਡੀਅਨ ਪ੍ਰੈੱਸ ਦੀ ਜਾਂਚ ਵਿਚ CSIS ਨਾਲ ਜੁੜੇ 4 ਅਫਸਰਾਂ ਨੇ ਏਜੰਸੀ ਦੇ ਬ੍ਰਿਟਿਸ਼ ਕੋਲੰਬੀਆ ਦੇ ਦਫ਼ਤਰ ਵਿਚ ਘਟੀਆ ਵਰਕ ਕਲਚਰ (ਕਾਰਜ ਸੱਭਿਆਚਾਰ) ਹੋਣ ਦਾ ਖ਼ੁਲਾਸਾ ਕੀਤਾ ਸੀ।

ਇੱਕ CSIS ਅਧਿਕਾਰੀ ਨੇ ਦੱਸਿਆ ਕਿ ਨਿਗਰਾਨੀ ਵਾਹਨਾਂ ਵਿੱਚ ਰਹਿੰਦੇ ਹੋਏ ਇੱਕ ਸੀਨੀਅਰ ਸਹਿਯੋਗੀ ਦੁਆਰਾ ਉਸ ਨਾਲ ਨੌਂ ਵਾਰ ਬਲਾਤਕਾਰ ਕੀਤਾ ਗਿਆ ਸੀ, ਜਦ ਕਿ ਇੱਕ ਹੋਰ CSIS ਅਧਿਕਾਰੀ ਨੇ ਦੱਸਿਆ ਕਿ ਉਸੇ ਆਦਮੀ ਦੁਆਰਾ ਉਸਦਾ ਵੀ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।

ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੀਨੀਅਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਵਿਅਕਤੀ ਨੂੰ ਨੌਜਵਾਨ ਔਰਤਾਂ ਤੋਂ ਦੂਰ ਰੱਖਣ ਦੀ ਲੋੜ ਹੈ।

ਓਨਟੇਰਿਓ ਦੇ ਏਜੈਕਸ ਵਿਚ ਇੱਕ ਸਰਕਾਰੀ ਐਲਾਨ ਲਈ ਪਹੁੰਚੇ ਟ੍ਰੂਡੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਇਲਜ਼ਾਮ ਬਹੁਤ, ਬਹੁਤ ਹੀ ਚਿੰਤਾਜਨਕ ਹਨ।

ਟ੍ਰੂਡੋ ਨੇ ਕਿਹਾ, ਇਹ ਦੋਸ਼ ਬਿਲਕੁਲ ਅਸਵੀਕਾਰਨਯੋਗ ਹਨ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਹਰ ਕੰਮ ਵਾਲੀ ਥਾਂ 'ਤੇ ਹਰ ਕੋਈ, ਭਾਵੇਂ ਉਹਨਾਂ ਦਾ ਕੰਮ ਕਿੰਨਾ ਵੀ ਨਾਜ਼ੁਕ ਜਾਂ ਸੰਵੇਦਨਸ਼ੀਲ ਜਾਂ ਗੁਪਤ ਕਿਉਂ ਨਾ ਹੋਵੇ, ਸੁਰੱਖਿਅਤ ਹੋਣ, ਖ਼ਾਸ ਕਰਕੇ ਉਹ ਲੋਕ ਜੋ ਆਪਣੇ ਦੇਸ਼ ਦੀ ਸੇਵਾ ਕਰਦੇ ਹਨ

ਕੈਨੇਡੀਅਨ ਪ੍ਰੈਸ ਨੇ ਅੱਗੇ ਆਈਆਂ ਔਰਤਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਹੈ ਕਿਉਂਕਿ ਜੇ ਉਹ ਆਪਣੀ ਪਛਾਣ ਪ੍ਰਗਟ ਕਰਦੀਆਂ ਹਨ ਤਾਂ ਉਹਨਾਂ ਨੂੰ ਕਾਨੂੰਨੀ ਅਤੇ ਪੇਸ਼ੇਵਰ ਨਤੀਜੇ ਜਾਂ CSIS ਤੋਂ ਬਦਲੇ ਦਾ ਡਰ ਹੈ।

ਔਰਤਾਂ ਦਾ ਕਹਿਣਾ ਹੈ ਕਿ ਸੁਪਰਵਾਈਜ਼ਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹੋਰ ਔਰਤਾਂ ਨੇ ਵੀ ਉਸ ਮਰਦ ਦੇ ਨਜ਼ਦੀਕ ਸੁਰੱਖਿਅਤ ਮਹਿਸੂਸ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ।

ਟ੍ਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਅਜਿਹੇ ਦੋਸ਼ਾਂ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ।

ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੰਤਰੀ ਅਤੇ ਸਾਡੀ ਪੂਰੀ ਸਰਕਾਰ ਇਹਨਾਂ ਮੁੱਦਿਆਂ ‘ਤੇ ਸਿੱਧੇ ਤੌਰ' ਤੇ ਰਾਬਤੇ ਵਿਚ ਹੈ

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ