1. ਮੁੱਖ ਪੰਨਾ
  2. ਵਾਤਾਵਰਨ

COP28: ਦੁਨੀਆ ਦੇ ਪਹਿਲੇ ‘ਜਲਵਾਯੂ ਨੁਕਸਾਨ ਫ਼ੰਡ’ ‘ਤੇ ਬਣੀ ਸਹਿਮਤੀ

ਦੁਬਈ ਵਿਚ ਹੋ ਰਿਹਾ ਹੈ 28ਵਾਂ ਵਾਤਾਵਰਣ ਸਿੱਖਰ ਸੰਮੇਲਨ

COP28 ਦੇ ਪ੍ਰੈਜ਼ੀਡੈਂਟ ਸੁਲਤਾਨ ਅਲ-ਜਾਬੇਰ ਵੀਰਵਾਰ ਨੂੰ ਦੁਬਈ ਵਿਚ ਆਯੋਜਿਤ ਸੰਯੁਕਤ ਰਾਸ਼ਟਰ ਦੇ ਕਲਾਈਮੇਟ ਸੰਮੇਲਨ ਵਿਚ ਬੋਲਦੇ ਹੋਏ।

COP28 ਦੇ ਪ੍ਰੈਜ਼ੀਡੈਂਟ ਸੁਲਤਾਨ ਅਲ-ਜਾਬੇਰ ਵੀਰਵਾਰ ਨੂੰ ਦੁਬਈ ਵਿਚ ਆਯੋਜਿਤ ਸੰਯੁਕਤ ਰਾਸ਼ਟਰ ਦੇ ਕਲਾਈਮੇਟ ਸੰਮੇਲਨ ਵਿਚ ਬੋਲਦੇ ਹੋਏ।

ਤਸਵੀਰ: Associated Press / Peter Dejong

RCI

ਦੁਬਈ ਵਿੱਚ ਸੰਯੁਕਤ ਰਾਸ਼ਟਰ ਦਾ ਕਲਾਈਮੇਟ ਸੰਮੇਲਨ COP 28 ਆਯੋਜਿਤ ਹੋਇਆ ਹੈ ਜਿੱਥੇ ਦੇਸ਼ ਜਲਵਾਯੂ ਤਬਦੀਲੀ ਨਾਲ ਨਜਿੱਠਣ ਬਾਰੇ ਵਿਚਾਰ-ਵਟਾਂਦਰੇ ਲਈ ਇਕੱਠੇ ਹੋਏ ਹਨ। ਇਸ ਸੰਮੇਲਨ ਦੇ ਪਹਿਲੇ ਦਿਨ ਹੀ ਦੇਸ਼ ਇੱਕ ਅਹਿਮ ਨੁਕਤੇ ‘ਤੇ ਸਹਿਮਤ ਹੋ ਗਏ।

COP 28 ਸੰਮੇਲਨ ਦੌਰਾਨ ਦੁਨੀਆ ਦਾ ਪਹਿਲਾ ਜਲਵਾਯੂ ਨੁਕਸਾਨ ਫ਼ੰਡ ਬਣਾਏ ਜਾਣ ‘ਤੇ ਆਰਜ਼ੀ ਸਮਝੌਤਾ ਹੋਇਆ ਹੈ। ਇਹ ਫ਼ੰਡ ਜਲਵਾਯੂ ਤਬਦੀਲੀ ਕਰਕੇ ਉੱਭਰ ਰਹੀਆਂ ਆਫ਼ਤਾਂ ਜਿਵੇਂ ਹੜ, ਸੋਕੇ ਅਤੇ ਵਧਦੇ ਸਮੁੰਦਰੀ ਪੱਧਰ ਨਾਲ ਸਿੱਝਣ ਲਈ ਗ਼ਰੀਬ ਦੇਸ਼ਾਂ ਦੀ ਮਦਦ ਕਰੇਗਾ।

ਯੂਏਈ ਅਤੇ ਜਰਮਨੀ ਦੋਵਾਂ ਨੇ ਇਸ ਫ਼ੰਡ ਵਿਚ 100 ਮਿਲੀਅਨ ਅਮਰੀਕੀ ਡਾਲਰ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ ਹੈ।

ਇਹ ਸਮਝੌਤਾ ਉਦੋਂ ਆਇਆ ਹੈ ਜਦੋਂ ਵਰਡਲ ਮਿਟਿਓਰੋਲੌਜਿਕਲ ਆਰਗੇਨਾਈਜ਼ੇਸ਼ਨ ਨੇ ਹਾਲ ਹੀ ਵਿਚ ਦੱਸਿਆ ਸੀ ਕਿ ਸਾਲ 2023 ਮਨੁੱਖੀ ਇਤਿਹਾਸ ਦਾ ਸਭ ਤੋਂ ਗਰਮ ਸਾਲ ਹੋਵੇਗਾ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਡੈਲੀਗੇਟਾਂ ਨੂੰ ਕਿਹਾ, ਅਸੀਂ ਅਸਲ ਵਿੱਚ ਜਲਵਾਯੂ ਦੇ ਪਤਨ ਦੇ ਦੌਰ ਵਿੱਚ ਜੀ ਰਹੇ ਹਾਂ ਅਤੇ ਇਸਦਾ ਪ੍ਰਭਾਵ ਵਿਨਾਸ਼ਕਾਰੀ ਹੈ। 

ਉਨ੍ਹਾਂ ਕਿਹਾ, ਰਿਕਾਰਡ ਗਲੋਬਲ ਹੀਟਿੰਗ ਕਰਕੇ ਵਿਸ਼ਵ ਲੀਡਰਾਂ ਨੂੰ ਕੰਬਣੀ ਛਿੜਨੀ ਚਾਹੀਦੀ ਹੈ, ਅਤੇ ਉਨ੍ਹਾਂ ਨੂੰ ਕੰਮ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ

ਯੂਏਈ ਨੇ ਸਰਕਾਰੀ ਤੇਲ ਕੰਪਨੀ ADNOC ਦੇ ਮੁੱਖ ਕਾਰਜਕਾਰੀ ਸੁਲਤਾਨ ਅਲ-ਜਾਬੇਰ ਨੂੰ COP 28 ਵਾਰਤਾ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ। ਕੁਝ ਵਾਤਾਵਰਣਵਾਦੀ ਅਲ-ਜਾਬੇਰ ਦੀਆਂ ਦੋਹਰੀਆਂ ਭੂਮਿਕਾਵਾਂ ਨੂੰ ਹਿੱਤਾ ਦਾ ਟਕਰਾਅ ਦੱਸ ਰਹੇ ਹਨ।

ਇੱਕ ਸ਼ੁਰੂਆਤੀ ਨਿਊਜ਼ ਕਾਨਫਰੰਸ ਦੌਰਾਨ, ਅਲ-ਜਾਬੇਰ ਨੇ ਉਕਤ ਦਾਅਵਿਆਂ ਦੀ ਵੈਧਤਾ ਤੋਂ ਇਨਕਾਰ ਕੀਤਾ।

ਉਹਨਾਂ ਕਿਹਾ ਕਿ ਇੱਕ ਤੇਲ ਕੰਪਨੀ ਦੇ ਸੀਈਓ ਵਜੋਂ ਉਹਨਾਂ ਦੀ ਭੂਮਿਕਾ ਉਹਨਾਂ ਨੂੰ ਤੇਲ ਉਦਯੋਗ ਅਤੇ ਹੋਰ ਤੇਲ ਉਤਪਾਦਕ ਦੇਸ਼ਾਂ ਨੂੰ ਗੱਲਬਾਤ ਵਿਚ ਸ਼ਾਮਲ ਕਰਨ ਵਿੱਚ ਸਹਾਇਤਾ ਕਰੇਗੀ।

ਇਹ ਸੰਮੇਲਨ ਪਹਿਲੀ ਵਾਰੀ OPEC (ਤੇਲ ਉਤਪਾਦਕ ਦੇਸ਼ਾਂ ਦਾ ਸਮੂਹ) ਖੇਤਰ ਵਿੱਚ ਆਯੋਜਿਤ ਕੀਤਾ ਜਾ ਗਿਆ ਹੈ। 600 ਤੋਂ ਵੱਧ ਤੇਲ ਅਤੇ ਕੋਲਾ ਉਦਯੋਗ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਦੇ ਸੰਮੇਲਨ ਲਈ ਰਜਿਸਟਰ ਕੀਤਾ ਸੀ, ਅਤੇ ਇਸ ਸਾਲ ਤਾਂ ਇਸ ਤੋਂ ਵੀ ਵੱਧ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਡੈਲੀਗੇਟਾਂ ਨੂੰ ਵੀਰਵਾਰ ਨੂੰ ਆਪਣੇ ਉਦਘਾਟਨੀ ਭਾਸ਼ਣ ਵਿੱਚ, ਅਲ-ਜਾਬੇਰ ਨੇ ਦੁਬਾਰਾ ਤੇਲ ਉਦਯੋਗ ਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਸੈਕਟਰ ਨਾਲ ਉਨ੍ਹਾਂ ਦੀ ਚਰਚਾ ਦੇ ਨਤੀਜੇ ਵਜੋਂ ਹੋਰ ਕੰਪਨੀਆਂ ਨੇ 2050 ਲਈ ਸ਼ੁੱਧ-ਜ਼ੀਰੋ ਨਿਕਾਸੀ ਟੀਚਿਆਂ ਦੀ ਘੋਸ਼ਣਾ ਕੀਤੀ ਹੈ।

ਦੋ ਹਫ਼ਤਿਆਂ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ 198 ਦੇਸ਼ਾਂ ਦੇ ਮੰਤਰੀ ਅਤੇ ਉੱਚ ਦਰਜੇ ਦੇ ਅਧਿਕਾਰੀ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਨਵੇਂ ਉਪਾਵਾਂ 'ਤੇ ਸਹਿਮਤ ਹੋਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਵਿਸ਼ਵ ਤਾਪਮਾਨ ਵਧਦਾ ਜਾ ਰਿਹਾ ਹੈ ਅਤੇ ਦੁਨੀਆ ਭਰ ਵਿੱਚ ਕਾਰਬਨ ਨਿਕਾਸੀ ਵੀ ਲਗਾਤਾਰ ਵਧ ਰਹੀ ਹੈ।

ਕੈਨੇਡਾ ਨੇ ਵੀਰਵਾਰ ਨੂੰ ਨਵੇਂ ਜਲਵਾਯੂ ਨੁਕਸਾਨ ਫੰਡ ਲਈ ਯੋਗਦਾਨ ਦਾ ਐਲਾਨ ਨਹੀਂ ਕੀਤਾ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਿਸ਼ਵ ਲੀਡਰਾਂ ਦੇ ਸੰਬੋਧਨ ਦੀ ਵਾਰੀ ਦੌਰਾਨ ਵਿਕਸਤ ਦੇਸ਼ਾਂ 'ਤੇ ਯੋਗਦਾਨਾਂ ਦਾ ਐਲਾਨ ਕਰਨ ਦਾ ਦਬਾਅ ਹੋਵੇਗਾ।

ਸ਼ੁਰੂਆਤੀ ਸਫਲਤਾ COP 28 'ਤੇ ਹੋਰ ਸਮਝੌਤਿਆਂ ਲਈ ਉਮੀਦਾਂ ਵਧਾ ਰਹੀ ਹੈ, ਜਿਸ ਵਿਚ 2030 ਤੱਕ ਵਿਸ਼ਵ ਨਵਿਆਉਣਯੋਗ ਊਰਜਾ ਨੂੰ ਤਿੰਨ ਗੁਣਾ ਕਰਨ ਦੀ ਉਮੀਦ ਸ਼ਾਮਲ ਹੈ।

ਕਿੰਗ ਚਾਰਲਸ, ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਗਲੋਬਲ ਲੀਡਰ ਅਤੇ ਸਰਕਾਰੀ ਅਧਿਕਾਰੀ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਚੀਨ ਦੇ ਸ਼ੀ ਜਿਨਪਿੰਗ ਦੇ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ।

ਕੈਨੇਡੀਅਨ ਸਰਕਾਰ ਵੱਲੋਂ ਨਵੇਂ ਮੀਥੇਨ ਟੀਚਿਆਂ ਅਤੇ ਤੇਲ ਉਤਪਾਦਨ ਦੇ ਨਿਕਾਸ 'ਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀਮਾ ਦਾ ਐਲਾਨ ਕਰਨ ਦੀ ਉਮੀਦ ਹੈ।

ਕਾਈਲ ਬੈਕਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ