1. ਮੁੱਖ ਪੰਨਾ
  2. ਅਰਥ-ਵਿਵਸਥਾ

ਕੈਨੇਡਾ ਦੇ ਵੱਡੇ ਬੈਂਕਾਂ ਨੇ ਸੰਭਾਵੀ ‘ਬੈਡ ਲੋਨਜ਼’ ਕਵਰ ਕਰਨ ਲਈ ਖਿੱਚੀ ਤਿਆਰੀ

ਤਿੰਨੇ ਬੈਂਕਾਂ ਨੇ ਦਰਜ ਕੀਤੇ ਮੁਨਾਫ਼ੇ, ਲਾਭਅੰਸ਼ ਵਧਾਏ

ਕੈਨੇਡਾ ਦੇ ਛੇ ਵੱਡੇ ਬੈਂਕਾਂ ਵਿੱਚੋਂ ਚਾਰ ਨੇ ਇਸ ਹਫ਼ਤੇ ਤਿਮਾਹੀ ਨਤੀਜੇ ਜਾਰੀ ਕੀਤੇ ਹਨ, ਅਤੇ ਇਹ ਚਾਰੇ ਬੈਂਕ ਬੈਡ ਲੋਨਜ਼ ਨੂੰ ਕਵਰ ਕਰਨ ਲਈ ਵਧੇਰੇ ਪੈਸਾ ਰਾਖਵਾਂ ਕਰ ਰਹੇ ਹਨ।

ਕੈਨੇਡਾ ਦੇ ਛੇ ਵੱਡੇ ਬੈਂਕਾਂ ਵਿੱਚੋਂ ਚਾਰ ਨੇ ਇਸ ਹਫ਼ਤੇ ਤਿਮਾਹੀ ਨਤੀਜੇ ਜਾਰੀ ਕੀਤੇ ਹਨ, ਅਤੇ ਇਹ ਚਾਰੇ ਬੈਂਕ ਬੈਡ ਲੋਨਜ਼ ਨੂੰ ਕਵਰ ਕਰਨ ਲਈ ਵਧੇਰੇ ਪੈਸਾ ਰਾਖਵਾਂ ਕਰ ਰਹੇ ਹਨ।

ਤਸਵੀਰ:  (Brent Lewin/Bloomberg)

RCI

ਕੈਨੇਡਾ ਦੇ ਤਿੰਨ ਵੱਡੇ ਬੈਂਕਾਂ ਨੇ ਵੀਰਵਾਰ ਨੂੰ ਆਪਣੀ ਤਿਮਾਹੀ ਆਮਦਨ ਦੀ ਜਾਣਕਾਰੀ ਦਿੱਤੀ, ਜਿਸ ਤੋਂ ਪਤਾ ਚੱਲਦਾ ਹੈ ਕਿ ਬੈਂਕ ਅਜਿਹੇ ਕਰਜ਼ਿਆਂ ਨੂੰ ਕਵਰ ਕਰਨ ਲਈ ਵਧੇਰੇ ਪੈਸਾ ਸਾਂਭ ਰਹੀਆਂ ਹਨ ਜਿਹੜੇ ਕਰਜ਼ੇ ਬੈਡ ਲੋਨ ਵਿਚ ਤਬਦੀਲ ਹੋ ਸਕਦੇ ਹਨ ਯਾਨੀ ਕਿ ਫਸ ਸਕਦੇ ਹਨ।

ਆਰਬੀਸੀ, ਟੀਡੀ ਅਤੇ ਸੀਆਈਬੀਸੀ ਬੈਂਕਾਂ, ਤਿੰਨਾਂ ਦੀਆਂ ਤਿਮਾਹੀ ਆਮਦਨਾਂ ਵਿਚ ਭਾਵੇਂ ਮੁਨਾਫ਼ਾ ਦਰਜ ਹੋਇਆ ਹੈ, ਪਰ ਤਿੰਨਾਂ ਨੇ ਬੈਡ ਲੋਨਾਂ ਨੂੰ ਕਵਰ ਕਰਨ ਦੀ ਇਹਤਿਆਤ ਵੱਜੋਂ ਵਧੇਰੇ ਪੈਸਾ ਰਾਖਵਾਂ ਕੀਤਾ ਹੈ।

ਕੈਨੇਡਾ ਦੇ ਸਭ ਤੋਂ ਵੱਡੇ ਬੈਂਕ, ਆਰਬੀਸੀ ਨੇ 720 ਮਿਲੀਅਨ ਡਾਲਰ ਅਜਿਹੇ ਲੋਨਾਂ ਨੂੰ ਕਵਰ ਕਰਨ ਲਈ ਇੱਕ ਪਾਸੇ ਰੱਖੇ ਹਨ, ਜਿਹੜੇ ਲੋਨ ਜਾਂ ਤਾਂ ਯੋਜਨਾ ਅਨੁਸਾਰ ਵਾਪਸ ਨਹੀਂ ਹੋ ਰਹੇ ਜਾਂ ਬੈਂਕ ਦਾ ਮੰਨਣਾ ਹੈ ਕਿ ਜਲਦੀ ਹੀ ਅਜਿਹੀ ਸਥਿਤੀ ਹੋ ਸਕਦੀ ਹੈ। ਇਹ ਅੰਕੜਾ ਪਿਛਲੇ ਸਾਲ ਦੇ 382 ਮਿਲੀਅਨ ਦੀ ਤੁਲਨਾ ਵਿਚ 89% ਦਾ ਵਾਧਾ ਹੈ।

ਟੀਡੀ ਬੈਂਕ ਨੇ ਬੈਡ ਲੋਨਜ਼ ਦੀ ਵਿਵਸਥਾ ਲਈ 878 ਮਿਲੀਅਨ ਪਾਸੇ ਕੀਤੇ ਹਨ, ਜੋਕਿ ਪਿਛਲੇ ਸਾਲ ਦੇ 617 ਮਿਲੀਅਨ ਡਾਲਰ ਦੇ ਮੁਕਾਬਲੇ 42% ਵਾਧਾ ਹੈ।

ਸੀਆਈਬੀਸੀ ਨੇ 541 ਮਿਲੀਅਨ ਡਾਲਰ ਰਾਖਵੇਂ ਕੀਤੇ ਹਨ ਜੋਕਿ ਪਿਛਲੇ ਸਾਲ ਦੇ ਪੱਧਰ ਵਿਚ 24% ਦਾ ਇਜ਼ਾਫ਼ਾ ਹੈ।

ਸਕੋਸ਼ੀਆ ਬੈਂਕ ਨੇ ਇਸ ਹਫ਼ਤੇ ਖ਼ੁਲਾਸਾ ਕੀਤਾ ਸੀ ਕਿ ਉਸਨੇ ਸੰਭਾਵਿਤ ਫਸੇ ਕਰਜ਼ਿਆਂ ਨੂੰ ਕਵਰ ਕਰਨ ਲਈ 1.3 ਬਿਲੀਅਨ ਡਾਲਰ ਇੱਕ ਪਾਸੇ ਸਾਂਭ ਦਿੱਤੇ ਹਨ।

ਭਾਵੇਂ ਫਸਣ ਕੰਢੇ ਆਏ ਕਰਜ਼ੇ ਚਿੰਤਾਜਨਕ ਮੁੱਦਾ ਹੈ, ਪਰ ਜੇ ਤਿੰਨੇ ਬੈਂਕਾਂ ਦੇ ਤਿਮਾਹੀ ਮੁਨਾਫ਼ਿਆਂ ’ਤੇ ਨਜ਼ਰ ਮਾਰੀਏ ਤਾਂ ਇੱਕ ਵੱਖਰੀ ਤਸਵੀਰ ਉੱਭਰਦੀ ਹੈ।

ਆਰਬੀਸੀ ਨੇ 4.13 ਬਿਲੀਅਨ ਦਾ ਤਿਮਾਹੀ ਮੁਨਾਫ਼ਾ ਦਰਜ ਕੀਤਾ। ਪਿਛਲੇ ਸਾਲ ਇਹ ਮੁਨਾਫ਼ਾ 3.88 ਬਿਲੀਅਨ ਸੀ। ਆਰਬੀਸੀ ਨੇ ਪ੍ਰਤੀ ਸ਼ੇਅਰ (dividend) ਲਾਭਅੰਸ਼ ਵੀ ਵਧਾ ਕੇ 1.38 ਡਾਲਰ ਕੀਤਾ।

ਟੀਡੀ ਬੈਂਕ ਦਾ ਮੁਨਾਫ਼ਾ 6.67 ਬਿਲੀਅਨ ਤੋਂ ਘਟ ਕੇ 2.89 ਬਿਲੀਅਨ ਦਰਜ ਹੋਇਆ, ਪਰ ਟੀਡੀ ਨੇ ਵੀ ਪ੍ਰਤੀ ਸ਼ੇਅਰ ਲਾਭਅੰਸ਼ 96 ਸੈਂਟਸ ਤੋਂ ਵਧਾ ਕੇ 1.02 ਡਾਲਰ ਦਿੱਤਾ।

ਸੀਆਈਬੀਸੀ ਨੇ ਵੀ ਆਪਣਾ ਲਾਭਅੰਸ਼ 87 ਸੈਂਟਸ ਪ੍ਰਤੀ ਸ਼ੇਅਰ ਤੋਂ ਵਧਾ ਕੇ 90 ਸੈਂਟਸ ਕੀਤਾ ਅਤੇ ਇਸਦਾ ਮੁਨਾਫ਼ਾ 1.19 ਬਿਲੀਅਨ ਤੋਂ ਵਧ ਕੇ 1.48 ਬਿਲੀਅਨ ਦਰਜ ਹੋਇਆ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ