1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਬਹੁਗਿਣਤੀ ਕੈਨੇਡੀਅਨਜ਼ ਅਨੁਸਾਰ ਵਧੇਰੇ ਇਮੀਗ੍ਰੇਸ਼ਨ ਹਾਊਸਿੰਗ ਸੰਕਟ ਨੂੰ ਡੂੰਘਾ ਕਰ ਰਹੀ ਹੈ: ਸਰਵੇਖਣ

63 ਪ੍ਰਤੀਸ਼ਤ ਨੇ ਕਿਹਾ ਕਿ ਨਵੇਂ ਆਉਣ ਵਾਲਿਆਂ ਦੀ ਗਿਣਤੀ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਵੀ ਦਬਾਅ ਵਧਾ ਰਹੀ ਹੈ

26 ਅਕਤੂਬਰ 2023 ਨੂੰ ਬ੍ਰੈਂਡਨ, ਮੈਨੀਟੋਬਾ ਵਿੱਖੇ ਨਵੇਂ ਕੈਨੇਡੀਅਨਜ਼ ਨਾਗਰਿਕਤਾ ਦੀ ਸਹੁੰ ਚੁੱਕਦੇ ਹੋਏ।

26 ਅਕਤੂਬਰ 2023 ਨੂੰ ਬ੍ਰੈਂਡਨ, ਮੈਨੀਟੋਬਾ ਵਿੱਖੇ ਨਵੇਂ ਕੈਨੇਡੀਅਨਜ਼ ਨਾਗਰਿਕਤਾ ਦੀ ਸਹੁੰ ਚੁੱਕਦੇ ਹੋਏ।

ਤਸਵੀਰ: (Chelsea Kemp/CBC)

RCI

ਲੈਜਰ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਕੈਨੇਡੀਅਨਜ਼ ਇਸ ਗੱਲ ਨਾਲ ਸਹਿਮਤ ਹਨ ਕਿ ਵਧੇਰੇ ਇਮੀਗ੍ਰੇਸ਼ਨ ਹਾਊਸਿੰਗ ਸੰਕਟ ਨੂੰ ਡੂੰਘਾ ਕਰ ਰਹੀ ਹੈ ਅਤੇ ਹੈਲਥ ਕੇਅਰ ਸਿਸਟਮ ‘ਤੇ ਦਬਾਅ ਪਾ ਰਹੀ ਹੈ।

ਸ਼ੁੱਕਰਵਾਰ ਤੋਂ ਐਤਵਾਰ ਤੱਕ ਕਰਵਾਏ ਗਏ ਸਰਵੇਖਣ ਨੇ ਪਾਇਆ ਕਿ ਲਗਭਗ ਤਿੰਨ-ਚੌਥਾਈ ਉੱਤਰਦਾਤਾ ਇਸ ਗੱਲ ‘ਤੇ ਸਹਿਮਤ ਹਨ ਕਿ ਇਮੀਗ੍ਰੈਂਟਸ ਦੀ ਗਿਣਤੀ ਵਿੱਚ ਵਾਧਾ ਹਾਊਸਿੰਗ ਮਾਰਕੀਟ ਅਤੇ ਹੈਲਥ ਕੇਅਰ ਸਿਸਟਮ ਨੂੰ ਬੋਝਲ ਕਰ ਰਿਹਾ ਹੈ।

63 ਪ੍ਰਤੀਸ਼ਤ ਉੱਤਰਦਾਤਾਵਾਂ ਨੇ ਕਿਹਾ ਕਿ ਨਵੇਂ ਆਉਣ ਵਾਲਿਆਂ ਦੀ ਗਿਣਤੀ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਵੀ ਦਬਾਅ ਵਧਾ ਰਹੀ ਹੈ।

ਪਰ ਪੋਲ ਦਰਸਾਉਂਦਾ ਹੈ ਕਿ ਕੈਨੇਡੀਅਨਜ਼ ਨੂੰ ਵਧੇਰੇ ਇਮੀਗ੍ਰੇਸ਼ਨ ਦੇ ਕੁਝ ਲਾਭ ਵੀ ਨਜ਼ਰ ਆਉਂਦੇ ਹਨ।

ਲਗਭਗ ਤਿੰਨ-ਚੌਥਾਈ ਉੱਤਰਦਾਤਾਵਾਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਵਿੱਚ ਵਧੇਰੇ ਇਮੀਗ੍ਰੇਸ਼ਨ ਯੋਗਦਾਨ ਪਾਉਂਦੀ ਹੈ, ਅਤੇ 63 ਪ੍ਰਤੀਸ਼ਤ ਨੇ ਕਿਹਾ ਕਿ ਨੌਜਵਾਨ ਪਰਵਾਸੀਆਂ ਦੀ ਆਮਦ ਕੰਮਕਾਜੀ ਆਬਾਦੀ ਅਤੇ ਟੈਕਸ ਅਧਾਰ ਨੂੰ ਹੁਲਾਰਾ ਦਿੰਦੀ ਹੈ, ਜੋਕਿ ਬਜ਼ੁਰਗ ਆਬਾਦੀ ਦੀ ਸਹਾਇਤਾ ਲਈ ਜ਼ਰੂਰੀ ਪਹਿਲੂ ਹੈ।

ਲੈਜਰ ਨੇ 1,529 ਲੋਕਾਂ ਦਾ ਔਨਲਾਈਨ ਸਰਵੇਖਣ ਕੀਤਾ। ਭਾਵੇਂ ਸਰਵੇਖਣ ਨੂੰ ਕੈਨੇਡੀਅਨ ਆਬਾਦੀ ਦੇ ਪ੍ਰਤੀਨਿਧ ਨਮੂਨੇ ਵੱਜੋਂ ਯਕੀਨੀ ਬਣਾਉਣ ਲਈ ਉਮਰ, ਲਿੰਗ, ਮਾਤ-ਭਾਸ਼ਾ, ਖੇਤਰ, ਸਿੱਖਿਆ ਅਤੇ ਘਰ ਵਿੱਚ ਬੱਚਿਆਂ ਦੀ ਮੌਜੂਦਗੀ ਦੇ ਅਨੁਸਾਰ ਅੰਕੜਾਤਮਕ ਤੌਰ 'ਤੇ ਵਜ਼ਨ ਦਿੱਤਾ ਗਿਆ ਸੀ, ਪਰ ਔਨਲਾਈਨ ਸੈਂਪਲਾਂ ਨੂੰ ਬਿਲਕੁਲ ਰੈਂਡਮ ਸੈਂਪਲ ਨਹੀਂ ਮੰਨਿਆ ਜਾ ਸਕਦਾ।

ਸਰਵੇਖਣ ਦੇ ਨਤੀਜੇ ਇਮੀਗ੍ਰੇਸ਼ਨ ਦੇ ਪ੍ਰਭਾਵ ਬਾਰੇ ਕੈਨੇਡੀਅਨਜ਼ ਦੀਆਂ ਮਿਸ਼ਰਤ ਭਾਵਨਾਵਾਂ ਨੂੰ ਜ਼ਾਹਰ ਕਰਦੇ ਹਨ।

2022 ਵਿੱਚ, ਕੈਨੇਡਾ ਦੀ ਆਬਾਦੀ ਇੱਕ ਮਿਲੀਅਨ ਤੋਂ ਵੱਧ ਵਧੀ, ਇੱਕ ਸੰਖਿਆ ਜਿਸ ਵਿੱਚ 607,782 ਨੌਨ-ਪਰਮਾਨੈਂਟ ਰੈਜ਼ੀਡੈਂਟਸ ਅਤੇ 437,180 ਇਮੀਗ੍ਰੈਂਟਸ ਸ਼ਾਮਲ ਸਨ।

ਲੈਜਰ ਨੇ ਪਾਇਆ ਕਿ ਮਾਰਚ 2022 ਦੇ ਮੁਕਾਬਲੇ, ਕੈਨੇਡੀਅਨਜ਼ ਦੀ ਪ੍ਰਤੀਸ਼ਤਤਾ, ਜੋ ਕਹਿੰਦੇ ਹਨ ਕਿ ਕੈਨੇਡਾ ਪਹਿਲਾਂ ਨਾਲੋਂ ਵੱਧ ਪਰਵਾਸੀਆਂ ਦਾ ਸੁਆਗਤ ਕਰੇ, 17 ਪ੍ਰਤੀਸ਼ਤ ਤੋਂ ਘਟ ਕੇ 9 ਪ੍ਰਤੀਸ਼ਤ ਰਹਿ ਗਈ ਹੈ।

ਇਸ ਦੇ ਉਲਟ ਜੋ ਲੋਕ ਕਹਿੰਦੇ ਹਨ ਕਿ ਕੈਨੇਡਾ ਨੂੰ ਘੱਟ ਇਮੀਗ੍ਰੈਂਟਸ ਬੁਲਾਉਣੇ ਚਾਹੀਦੇ ਹਨ, ਦੀ ਸੰਖਿਆ 39% ਤੋਂ ਵਧ ਕੇ 48% ਹੋ ਗਈ ਹੈ।

ਲੈਜਰ ਦੇ ਐਗਜ਼ੈਕਟਿਵ ਵਾਈਸ-ਪ੍ਰੈਜ਼ੀਡੈਂਟ ਕ੍ਰਿਸਟੀਅਨ ਬੋਰਕ ਨੇ ਕਿਹਾ ਕਿ ਵਧੇਰੇ ਕੈਨੇਡੀਅਨਜ਼ ਇਮੀਗ੍ਰੇਸ਼ਨ ਨੂੰ ਹਾਊਸਿੰਗ ਵਰਗੀਆਂ ਸਮੱਸਿਆਵਾਂ ਨਾਲ ਜੋੜਦੇ ਪ੍ਰਤੀਤ ਹੁੰਦੇ ਹਨ।

ਕ੍ਰਿਸਟੀਅਨ ਨੇ ਕਿਹਾ, ਦੇਸ਼ ਦੀ ਬਣਤਰ, ਅਤੇ ਦੇਸ਼ ਨੂੰ ਦਰਪੇਸ਼ ਮੁੱਦੇ, ਮਹਾਂਮਾਰੀ ਤੋਂ ਪਹਿਲਾਂ ਨਾਲੋਂ ਥੋੜੇ ਵੱਖਰੇ ਹਨ

ਫ਼ੈਡਰਲ ਸਰਕਾਰ ਆਪਣੇ ਸਾਲਾਨਾ ਇਮੀਗ੍ਰੇਸ਼ਨ ਟੀਚਿਆਂ ਨੂੰ ਤੇਜ਼ੀ ਨਾਲ ਵਧਾਉਣ ਕਰਕੇ ਸਵਾਲਾਂ ਵਿਚ ਰਹੀ ਹੈ। ਦੂਜੇ ਪਾਸੇ ਦੇਸ਼ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਵੀ ਵਿਸਫੋਟਕ ਤੌਰ ‘ਤੇ ਵਧੀ ਹੈ।

ਕੈਨੇਡਾ 2024 ਅਤੇ 2025 ਵਿੱਚ ਕ੍ਰਮਵਾਰ 485,000 ਅਤੇ 500,000 ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਲ ਕਰਨ ਲਈ ਤਿਆਰ ਹੈ।

ਲੈਜਰ ਪੋਲ ਦੇ ਅੱਧੇ ਤੋਂ ਵੱਧ ਉੱਤਰਦਾਤਾਵਾਂ - 53 ਪ੍ਰਤੀਸ਼ਤ - ਨੇ ਕਿਹਾ ਕਿ ਇਹ ਸੰਖਿਆ ਬਹੁਤ ਜ਼ਿਆਦਾ ਹੈ, ਜਦ ਕਿ 28 ਪ੍ਰਤੀਸ਼ਤ ਨੇ ਇਸ ਸੰਖਿਆ ਨੂੰ ਸਹੀ ਦੱਸਿਆ। ਚਾਰ ਫੀਸਦੀ ਨੇ ਕਿਹਾ ਕਿ ਦੇਸ਼ ਲੋੜੀਂਦੇ ਪਰਵਾਸੀ ਨਹੀਂ ਬੁਲਾ ਰਿਹਾ।

ਫ਼ੈਡਰਲ ਲਿਬਰਲਜ਼ ਦੀ ਦਲੀਲ ਹੁੰਦੀ ਹੈ ਕਿ ਦੇਸ਼ ਦੀ ਆਬਾਦੀ ਵਿਚ ਵਾਧਾ ਕਾਮਿਆਂ ਦੀ ਘਾਟ ਅਤੇ ਬੁੱਢੀ ਹੋ ਰਹੀ ਕੈਨੇਡੀਅਨ ਆਬਾਦੀ ਨਾਲ ਡੀਲ ਕਰਨ ਲਈ ਜ਼ਰੂਰੀ ਹੈ। ਉਹਨਾਂ ਦੀ ਇਹ ਵੀ ਦਲੀਲ ਹੈ ਕਿ ਨਵੇਂ ਪਰਵਾਸੀ ਘਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਜਿਨ੍ਹਾਂ ਦੀ ਕੈਨੇਡੀਅਨਜ਼ ਨੂੰ ਸਖ਼ਤ ਲੋੜ ਹੈ।

ਪਰ ਇਸ ਬਾਰੇ ਬਹਿਸ-ਮੁਬਾਹਿਸੇ ਤੋਂ ਬਾਅਦ ਕਿ ਕੈਨੇਡਾ ਵਧੇਰੇ ਇਮੀਗ੍ਰੇਸ਼ਨ ਨੂੰ ਹੈਂਡਲ ਕਰ ਸਕਦਾ ਹੈ ਜਾਂ ਨਹੀਂ, ਕੁਝ ਹਫ਼ਤੇ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਕਿ ਸਰਕਾਰ 2026 ਵਿੱਚ 500,000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਲ ਕਰਨ ਦੇ ਆਪਣੇ ਟੀਚੇ ਨੂੰ ਬਰਕਰਾਰ ਰੱਖਣ ਦਾ ਟੀਚਾ ਰੱਖ ਰਹੀ ਹੈ।

ਫੈਡਰਲ ਵੋਟਿੰਗ ਬਾਬਤ ਲੈਜਰ ਦੇ ਤਾਜ਼ਾ ਪੋਲ ਦਰਸਾਉਂਦੇ ਹਨ ਕਿ ਕੰਜ਼ਰਵੇਟਿਵਜ਼ ਲਿਬਰਲਾਂ 'ਤੇ 14 ਅੰਕਾਂ ਦੀ ਬੜ੍ਹਤ ਨੂੰ ਬਰਕਰਾਰ ਰੱਖ ਰਹੇ ਹਨ। 40 ਪ੍ਰਤੀਸ਼ਤ ਉੱਤਰਦਾਤਾਵਾਂ ਨੇ ਕਿਹਾ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਉਹ ਸੰਭਾਵਤ ਤੌਰ 'ਤੇ ਕੰਜ਼ਰਵੇਟਿਵਜ਼ ਨੂੰ ਵੋਟ ਪਾਉਣਗੇ। 26 ਪ੍ਰਤੀਸ਼ਤ ਨੇ ਕਿਹਾ ਕਿ ਉਹ ਲਿਬਰਲਜ਼ ਨੂੰ ਵੋਟ ਪਾਉਣਗੇ, ਅਤੇ 20 ਪ੍ਰਤੀਸ਼ਤ ਨੇ ਐਨਡੀਪੀ ਨੂੰ ਵੋਟ ਪਾਉਣ ਦੀ ਗੱਲ ਆਖੀ।

ਸਿਰਫ 29 ਪ੍ਰਤੀਸ਼ਤ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਸਰਕਾਰ ਤੋਂ ਬਹੁਤ ਜਾਂ ਕੁਝ ਹੱਦ ਤੱਕ ਸੰਤੁਸ਼ਟ ਹਨ। ਇਹ ਗਿਣਤੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਘੱਟ ਰਹੀ ਹੈ।

ਨੋਜੂਦ ਅਲ ਮੱਲੀਸ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ