1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਭਾਰਤੀ ਅਧਿਕਾਰੀ ਨੇ ਰਚੀ ਸੀ ਅਮਰੀਕਾ ਵਿੱਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼: ਯੂ ਐਸ ਜਸਟਿਸ ਵਿਭਾਗ

ਉੱਤਰੀ ਅਮਰੀਕਾ ਵਿਚ ਕਈ ਕਤਲਾਂ ਦੀ ਸੀ ਸਾਜ਼ਿਸ਼

ਸਤੰਬਰ ਵਿੱਚ ਟੋਰੌਂਟੋ ਵਿੱਚ ਇੱਕ ਪ੍ਰਦਰਸ਼ਨਕਾਰੀ ਭਾਰਤ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ। ਉਦੋਂ ਕੈਨੇਡਾ ਨੇ ਪਹਿਲੀ ਵਾਰ ਇਹ ਦੋਸ਼ ਲਾਇਆ ਸੀ ਕਿ ਭਾਰਤ ਸਰਕਾਰ ਕੈਨੇਡਾ ਦੀ ਧਰਤੀ ਉੱਤੇ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਵਿੱਚ ਸ਼ਾਮਲ ਸੀ।

ਸਤੰਬਰ ਵਿੱਚ ਟੋਰੌਂਟੋ ਵਿੱਚ ਇੱਕ ਪ੍ਰਦਰਸ਼ਨਕਾਰੀ ਭਾਰਤ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ। ਉਦੋਂ ਕੈਨੇਡਾ ਨੇ ਪਹਿਲੀ ਵਾਰ ਇਹ ਦੋਸ਼ ਲਾਇਆ ਸੀ ਕਿ ਭਾਰਤ ਸਰਕਾਰ ਕੈਨੇਡਾ ਦੀ ਧਰਤੀ ਉੱਤੇ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਵਿੱਚ ਸ਼ਾਮਲ ਸੀ।

ਤਸਵੀਰ: Reuters / Carlos Osorio

RCI

ਅਮਰੀਕਾ ਦੇ ਜਸਟਿਸ ਵਿਭਾਗ ਨੇ ਬੁੱਧਵਾਰ ਨੂੰ ਇੱਕ ਸਿੱਖ ਵੱਖਵਾਦੀ ਦੇ ਅਮਰੀਕਾ ਦੀ ਧਰਤੀ ‘ਤੇ ਕਤਲ ਦੀ ਸਾਜਿਸ਼ ਰਚਣ ਵਾਲੇ ਮੁਲਜ਼ਿਮ ਖ਼ਿਲਾਫ਼ ਦੋਸ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨੇ ਕਤਲ ਦੀ ਇਸ ਅਸਫਲ ਸਾਜ਼ਿਸ਼ ਦੇ ਨਿਰਦੇਸ਼ ਦਿੱਤੇ ਸਨ।

ਮੈਨਹਟਨ ਵਿੱਚ ਫ਼ੈਡਰਲ ਪ੍ਰੌਸਿਕਿਊਟਰਾਂ ਨੇ ਕਿਹਾ ਕਿ 52 ਸਾਲ ਦਾ ਨਿਖਿਲ ਗੁਪਤਾ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨਾਲ ਕੰਮ ਕਰ ਰਿਹਾ ਸੀ, ਜਿਸ ਦੀ ਨਿਊ ਯੌਰਕ ਸਿਟੀ ਦੇ ਵਸਨੀਕ ਅਤੇ ਵੱਖਰੇ ਸਿੱਖ ਰਾਜ ਦੀ ਹਿਮਾਇਤ ਕਰਨ ਵਾਲੇ ਵਿਅਕਤੀ ਦੇ ਕਤਲ ਦੀ ਸਾਜ਼ਿਸ਼ ਵਿਚ ਸੁਰੱਖਿਆ ਅਤੇ ਖ਼ੂਫ਼ੀਆ ਜਾਣਕਾਰੀਆਂ ਦੀ ਜ਼ਿੰਮੇਵਾਰੀ ਸੀ।

ਸਰਕਾਰੀ ਵਕੀਲਾਂ ਨੇ ਭਾਰਤੀ ਅਧਿਕਾਰੀ ਦਾ ਨਾਂ ਨਹੀਂ ਲਿਆ। ਗੁਪਤਾ ਨੂੰ ਚੈੱਕ ਰਿਪਬਲਿਕ ਦੇ ਅਧਿਕਾਰੀਆਂ ਨੇ ਜੂਨ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਸਦੀ ਹਵਾਲਗੀ ਦੀ ਉਡੀਕ ਚਲ ਰਹੀ ਹੈ। ਟਿੱਪਣੀ ਲਈ ਉਸ ਨਾਲ ਸੰਪਰਕ ਨਹੀਂ ਹੋ ਸਕਿਆ।

ਮੈਨਹੈਟਨ ਵਿਚ ਫ਼ੈਡਰਲ ਵਕੀਲ, ਡੇਮੀਅਨ ਵਿਲੀਅਮਜ਼ ਨੇ ਕਿਹਾ, ਬਚਾਅ ਪੱਖ ਨੇ, ਇੱਥੇ ਨਿਊਯਾਰਕ ਸਿਟੀ ਵਿੱਚ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ, ਜਿਸਨੇ ਸਿੱਖਾਂ ਲਈ ਇੱਕ ਵੱਖਰੇ ਰਾਜ ਦੀ ਸਥਾਪਨਾ ਦੀ ਜਨਤਕ ਤੌਰ 'ਤੇ ਵਕਾਲਤ ਕੀਤੀ ਹੈ, ਦੀ ਭਾਰਤ ਤੋਂ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ

9 ਜੂਨ 2023 ਨੂੰ ਨਿਖਿਲ ਗੁਪਤਾ ਦੇ ਇੱਕ ਸਾਥੀ, ਜਿਸਨੂੰ ਕਤਲ ਦੀ ਸਾਜ਼ਿਸ਼ ਵਿਚ ਚਾਰਜ ਕੀਤਾ ਗਿਆ ਹੈ, ਨੇ ਅਮਰੀਕੀ ਅੰਡਰਕਵਰ ਏਜੰਟ ਨੂੰ 15,000 ਡਾਲਰ ਦਿੱਤੇ, ਜਿਸਨੂੰ ਜਸਟਿਸ ਵਿਭਾਗ ਨੇ ਪੇਸ਼ਗੀ ਰਕਮ ਦੱਸਿਆ ਹੈ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

9 ਜੂਨ 2023 ਨੂੰ ਨਿਖਿਲ ਗੁਪਤਾ ਦੇ ਇੱਕ ਸਾਥੀ, ਜਿਸਨੂੰ ਕਤਲ ਦੀ ਸਾਜ਼ਿਸ਼ ਵਿਚ ਚਾਰਜ ਕੀਤਾ ਗਿਆ ਹੈ, ਨੇ ਅਮਰੀਕੀ ਅੰਡਰਕਵਰ ਏਜੰਟ ਨੂੰ 15,000 ਡਾਲਰ ਦਿੱਤੇ, ਜਿਸਨੂੰ ਜਸਟਿਸ ਵਿਭਾਗ ਨੇ ਪੇਸ਼ਗੀ ਰਕਮ ਦੱਸਿਆ ਹੈ।

ਤਸਵੀਰ: U.S. District Court/SDNY/Handout via REUTERS

ਇਹ ਖ਼ਬਰ ਉਦੋਂ ਆਈ ਹੈ ਜਦੋਂ ਪਿਛਲੇ ਹਫ਼ਤੇ ਬਾਈਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਅਮਰੀਕਾ ਵਿੱਚ ਇੱਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਸੀ ਅਤੇ ਇਸ ਸਬੰਧ ਵਿਚ ਭਾਰਤ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ।

ਉਸ ਅਧਿਕਾਰੀ ਨੇ ਕਿਹਾ ਸੀ ਕਿ ਗੁਰਪਤਵੰਤ ਸਿੰਘ ਪੰਨੂ, ਜੋ ਅਮਰੀਕਾ ਅਤੇ ਕੈਨੇਡਾ ਦਾ ਦੋਹਰਾ ਨਾਗਰਿਕ ਹੈ, ਨੂੰ ਕਤਲ ਦੀ ਨਾਕਾਮ ਸਾਜਿਸ਼ ਦਾ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਮੁੱਦਾ ਭਾਰਤ ਅਤੇ ਬਾਈਡਨ ਪ੍ਰਸ਼ਾਸਨ ਦੋਵਾਂ ਲਈ ਬਹੁਤ ਨਾਜ਼ੁਕ ਹੈ ਕਿਉਂਕਿ ਉਹ ਦੋਵੇਂ ਚੀਨ ਦੇ ਉਭਾਰ ਦਾ ਸਾਹਮਣਾ ਕਰਨ ਲਈ ਨਜ਼ਦੀਕੀ ਸਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ।

ਭਾਰਤ ਦੇ ਵਾਸ਼ਿੰਗਟਨ ਦੂਤਾਵਾਸ ਅਤੇ ਇਸਦੇ ਵਿਦੇਸ਼ ਮੰਤਰਾਲੇ ਨੇ ਟਿੱਪਣੀ ਲਈ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ, ਪਰ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਅਮਰੀਕਾ ਦੁਆਰਾ ਪ੍ਰਗਟਾਈਆਂ ਚਿੰਤਾਵਾਂ ਦੀ ਰਸਮੀ ਤੌਰ 'ਤੇ ਜਾਂਚ ਕਰੇਗਾ।

ਇਸ ਮਾਮਲੇ ਤੋਂ ਜਾਣੂ ਇੱਕ ਭਾਰਤੀ ਅਧਿਕਾਰੀ ਜੋ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਹੈ ਨੇ ਰੋਏਟਰਜ਼ ਨੂੰ ਦੱਸਿਆ ਕਿ ਅਮਰੀਕਾ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਆਪਣੀਆਂ ਚਿੰਤਾਵਾਂ ਅਤੇ ਸਬੰਧਤ ਵੇਰਵਿਆਂ ਨੂੰ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਅਧਿਕਾਰੀ ਨੇ ਕਿਹਾ ਕਿ ਇਸ ਮੁੱਦੇ 'ਤੇ 10 ਨਵੰਬਰ ਨੂੰ ਵੀ ਚਰਚਾ ਕੀਤੀ ਗਈ ਸੀ, ਜਦੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਸਕੱਤਰ ਲੋਇਡ ਔਸਟਿਨ ਨੇ 2+2 ਗੱਲਬਾਤ ਲਈ ਭਾਰਤੀ ਰਾਜਧਾਨੀ ਵਿੱਚ ਆਪਣੇ ਹਮਰੁਤਬਾ ਨਾਲ ਮੁਲਾਕਾਤ ਕੀਤੀ ਸੀ।

ਸਰਕਾਰੀ ਵਕੀਲਾਂ ਨੇ ਗੁਪਤਾ ਦੀ ਕਥਿਤ ਸਾਜ਼ਿਸ਼ ਦਾ ਟਾਰਗੇਟ ਕੌਣ ਸੀ ਉਹ ਨਾਮ ਨਹੀਂ ਲਿਆ, ਪਰ ਉਸ ਵਿਅਕਤੀ ਨੂੰ ਭਾਰਤ ਸਰਕਾਰ ਦਾ ਆਲੋਚਕ ਦੱਸਿਆ ਕਿ ਊਹ ਅਮਰੀਕਾ-ਅਧਾਰਤ ਸੰਗਠਨ ਦੀ ਅਗਵਾਈ ਕਰਦਾ ਹੈ ਜੋ ਭਾਰਤ ਦੇ ਪੰਜਾਬ ਰਾਜ ਨੂੰ ਵੱਖ ਕਰਨ ਦੀ ਵਕਾਲਤ ਕਰਦਾ ਹੈ। ਇਹ ਵੇਰਵੇ ਗੁਰਪਤਵੰਤ ਸਿੰਘ ਪੰਨੂ ਨਾਲ ਮੇਲ ਖਾਂਦੇ ਹਨ, ਪਰ ਉਸਦਾ ਨਾਮ ਨਹੀਂ ਲਿਆ ਗਿਆ ਹੈ।

ਇਸ ਘਟਨਾ ਦੀ ਖ਼ਬਰ ਉਦੋਂ ਆਈ ਹੈ ਜਦੋਂ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਨੇ ਕਿਹਾ ਸੀ ਉਸ ਕੋਲ ਬੀਸੀ ਵਿੱਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਜੂਨ ਵਿੱਚ ਹੋਏ ਕਤਲ ਵਿਚ ਭਾਰਤੀ ਏਜੰਟਾਂ ਨੂੰ ਜੋੜਨ ਦੇ ਭਰੋਸੇਯੋਗ ਕਾਰਨ ਮੌਜੂਦ ਹਨ। ਭਾਰਤ ਕੈਨੇਡਾ ਦੇ ਦੋਸ਼ਾਂ ਨੂੰ ਨਕਾਰਦਾ ਰਿਹਾ ਹੈ।

ਪ੍ਰੌਸਿਕਿਊਟਰਾਂ ਦੇ ਅਨੁਸਾਰ, ਭਾਰਤੀ ਅਧਿਕਾਰੀ ਨੇ ਮਈ 2023 ਵਿਚ ਗੁਪਤਾ ਨੂੰ ਕਤਲ ਦੀ ਯੋਜਨਾ ਬਣਾਉਣ ਲਈ ਭਰਤੀ ਕੀਤਾ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਗੁਪਤਾ ਨੇ ਅਧਿਕਾਰੀ ਨੂੰ ਦੱਸਿਆ ਸੀ ਕਿ ਉਹ ਪਹਿਲਾਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ ਰਿਹਾ ਸੀ।

ਪ੍ਰੌਸਿਕਿਊਟਰਾਂ ਨੇ ਕਿਹਾ ਕਿ ਗੁਪਤਾ ਨੇ ਫਿਰ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੂੰ ਉਹ ਕਤਲ ਵਿਚ ਮਦਦ ਲਈ ਇੱਕ ਅਪਰਾਧਿਕ ਸਹਿਯੋਗੀ ਮੰਨਦਾ ਸੀ, ਪਰ ਉਹ ਸਹਿਯੋਗੀ ਅਸਲ ਵਿੱਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਦਾ ਅੰਡਰਕਵਰ ਏਜੰਟ ਸੀ।

ਸਰਕਾਰੀ ਵਕੀਲਾਂ ਨੇ ਕਿਹਾ ਕਿ ਨਿੱਝਰ ਦੇ ਮਾਰੇ ਜਾਣ ਤੋਂ ਅਗਲੇ ਦਿਨ, ਗੁਪਤਾ ਨੇ ਗੁਪਤ DEA ਏਜੰਟ ਨੂੰ ਲਿਖਿਆ ਕਿ ਨਿੱਝਰ ਵੀ ਨਿਸ਼ਾਨੇ ‘ਤੇ ਸੀ ਅਤੇ ਸਾਡੇ ਬਹੁਤ ਸਾਰੇ ਟਾਰਗੇਟ ਹਨ

ਗੁਪਤਾ ਨੂੰ ਭਾੜੇ ਦੇ ਲਈ ਕਤਲ ਅਤੇ ਭਾੜੇ ਲਈ ਕਤਲ ਦੀ ਸਾਜ਼ਿਸ਼ ਦੇ ਦੋ ਮਾਮਲਿਆਂ ਲਈ ਚਾਰਜ ਕੀਤਾ ਗਿਆ ਹੈ। ਦੋਸ਼ੀ ਸਾਬਤ ਹੋਣ 'ਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ।

ਭਾਰਤ ਸਰਕਾਰ ਕੈਨੇਡਾ ਅਤੇ ਅਮਰੀਕਾ ਸਮੇਤ ਭਾਰਤ ਤੋਂ ਬਾਹਰ ਸਿੱਖ ਵੱਖਵਾਦੀ ਸਮੂਹਾਂ ਦੀ ਮੌਜੂਦਗੀ ਦੀ ਸ਼ਿਕਾਇਤ ਕਰਦੀ ਰਹੀ ਹੈ। ਅਜਿਹੇ ਸਮੂਹਾਂ ਨੇ ਖ਼ਾਲਿਸਤਾਨ ਦੀ ਲਹਿਰ ਜਾਂ ਭਾਰਤ ਤੋਂ ਵੱਖ ਕੀਤੇ ਜਾਣ ਵਾਲੇ ਆਜ਼ਾਦ ਸਿੱਖ ਰਾਜ ਦੀ ਮੰਗ ਨੂੰ ਜਿਉਂਦਾ ਰੱਖਿਆ ਹੈ।

ਖ਼ਾਲਿਸਤਾਨ ਲਹਿਰ ਨੂੰ ਭਾਰਤ ਵੱਲੋਂ ਸੁਰੱਖਿਆ ਖ਼ਤਰਾ ਮੰਨਿਆ ਜਾਂਦਾ ਹੈ। 1985 ਵਿੱਚ ਕੈਨੇਡਾ ਤੋਂ ਭਾਰਤ ਜਾ ਰਹੇ ਏਅਰ ਇੰਡੀਆ ਦੇ ਬੋਇੰਗ 747 ਜਹਾਜ਼ ਦੇ ਬੰਬ ਧਮਾਕੇ ਲਈ ਸਿੱਖ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ, ਜਿਸ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ।

ਭਾਰਤ ਵਿੱਚ ਇਸ ਲਹਿਰ ਨੂੰ ਕੋਈ ਬਹੁਤਾ ਸਮਰਥਨ ਨਹੀਂ ਹੈ ਅਤੇ 1990 ਦੇ ਦਹਾਕੇ ਵਿੱਚ ਸਰਕਾਰ ਨੇ ਦੇਸ਼ ਅੰਦਰ ਇਸ ਲਹਿਰ ਨੂੰ ਕੁਚਲ ਦਿੱਤਾ ਸੀ।

ਬੁੱਧਵਾਰ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਨੂੰ ਵੀ ਪੁੱਛਿਆ ਗਿਆ ਕਿ ਅਮਰੀਕਾ ਨੇ ਕਿਵੇਂ ਕਤਲ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਕੈਨੇਡਾ ਅਜਿਹਾ ਕਿਉਂ ਨਹੀਂ ਕਰ ਪਾਇਆ?

ਮੈਲੇਨੀ ਜੋਲੀ ਨੇ ਕਿਹਾ ਕਿ ਉਹ ਅਮਰੀਕਾ ਦੇ ਅਪਰਾਧਿਕ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨਗੇ ਪਰ ਉਹਨਾਂ ਇਹ ਵੀ ਕਿਹਾ ਕਿ ਉਹ ਭਾਰਤ ਤੋਂ ਹੋਰ ਸਹਿਯੋਗ ਦੀ ਉਮੀਦ ਰੱਖਦੇ ਹਨ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਭਾਰਤ ਨੂੰ ਇਹਨਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।

ਲਕ ਕੋਹੇਨ - ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ