1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਔਨਲਾਈਨ ਨਿਊਜ਼ ਐਕਟ ‘ਤੇ ਫ਼ੈਡਰਲ ਸਰਕਾਰ ਅਤੇ ਗੂਗਲ ਦਰਮਿਆਨ ਸਮਝੌਤਾ

ਇਹ ਸਮਝੌਤਾ ਔਨਲਾਈਨ ਨਿਊਜ਼ ਐਕਟ ਦੇ ਨਿਯਮ ਲਾਗੂ ਹੋਣ ਤੋਂ ਤਿੰਨ ਹਫ਼ਤੇ ਪਹਿਲਾਂ ਹੋਇਆ ਹੈ

ਆਈਫ਼ੋਨ ਵਿਚ ਫ਼ੇਸਬੁਕ, ਇੰਸਟਾਗ੍ਰਾਮ, ਗੂਗਲ ਅਤੇ ਟਵਿੱਟਰ ਐਪਸ ਦੀ ਤਸਵੀਰ।

ਆਈਫ਼ੋਨ ਵਿਚ ਫ਼ੇਸਬੁਕ, ਇੰਸਟਾਗ੍ਰਾਮ, ਗੂਗਲ ਅਤੇ ਟਵਿੱਟਰ ਐਪਸ ਦੀ ਤਸਵੀਰ।

ਤਸਵੀਰ: Shutterstock / Primakov

RCI

ਸੂਤਰਾਂ ਨੇ ਰੇਡੀਓ-ਕੈਨੇਡਾ ਅਤੇ ਸੀਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਔਨਲਾਈਨ ਨਿਊਜ਼ ਐਕਟ ਨੂੰ ਲੈਕੇ ਚਲ ਰਹੇ ਵਿਵਾਦ ‘ਤੇ ਗੂਗਲ ਅਤੇ ਫ਼ੈਡਰਲ ਸਰਕਾਰ ਦਰਮਿਆਨ ਸਮਝੌਤਾ ਹੋ ਗਿਆ ਹੈ।

ਦੋਵਾਂ ਧਿਰਾਂ ਦਰਮਿਆਨ ਹੋਈ ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਸੀਬੀਸੀ ਨੂੰ ਦੱਸਿਆ ਕਿ ਸਮਝੌਤੇ ਤਹਿਤ ਨਿਊਜ਼ ਕੰਪਨੀਆਂ ਨੂੰ ਸਲਾਨਾ 100 ਮਿਲੀਅਨ ਦੇ ਕਰੀਬ ਭੁਗਤਾਨ ਕਰਨ ਦੇ ਬਦਲੇ ਗੂਗਲ ਕੈਨੇਡੀਅਨ ਖ਼ਬਰਾਂ ਆਪਣੇ ਪਲੇਟਫ਼ਾਰਮ ‘ਤੇ ਸਾਂਝਾ ਕਰਨਾ ਜਾਰੀ ਰੱਖੇਗਾ।

ਰੇਡੀਓ-ਕੈਨੇਡਾ ਨੂੰ ਇੱਕ ਸੂਤਰ ਨੇ ਦੱਸਿਆ ਕਿ ਫ਼ੈਡਰਲ ਸਰਕਾਰ ਅਤੇ ਗੂਗਲ ਇਸ ਹਫ਼ਤੇ ਦੇ ਸ਼ੁਰੂ ਵਿਚ ਸਮਝੌਤੇ ‘ਤੇ ਸਹਿਮਤ ਹੋਏ ਹਨ।

ਫੈਡਰਲ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਅਨੁਮਾਨ ਲਗਾਇਆ ਸੀ ਕਿ ਗੂਗਲ ਕੋਲੋਂ ਮੁਆਵਜ਼ਾ ਲਗਭਗ $172 ਮਿਲੀਅਨ ਹੋਣਾ ਚਾਹੀਦਾ ਹੈ। ਗੂਗਲ ਨੇ 100 ਮਿਲੀਅਨ ਡਾਲਰ ਦੀ ਕੀਮਤ ਦਾ ਅਨੁਮਾਨ ਲਗਾਇਆ ਸੀ।

ਵਿੱਤੀ ਮੰਗਾਂ ਤੋਂ ਇਲਾਵਾ ਗੂਗਲ ਨੇ, ਆਪਣੇ ਬੁਲਾਰੇ ਸ਼ੇ ਪਰਡੀ ਦੇ ਕਹਿਣ ਵਾਂਗੂ ਔਨਲਾਈਨ ਨਿਊਜ਼ ਐਕਟ ਵਿਚ ਨਾਜ਼ੁਕ ਢਾਂਚਾਗਤ ਮੁੱਦਿਆਂ ਪ੍ਰਤੀ ਵੀ ਚਿੰਤਾ ਪ੍ਰਗਟਾਈ ਸੀ।

ਕੰਪਨੀ ਨੇ ਕਿਹਾ ਸੀ ਕਿ ਉਹ ਕੈਨੇਡੀਅਨ ਮੀਡੀਆ ਸੰਸਥਾਵਾਂ ਨਾਲ ਗੱਲ ਕਰਨ ਲਈ ਇੱਕ ਲਾਜ਼ਮੀ ਗੱਲਬਾਤ ਮਾਡਲ ਨਹੀਂ ਬਣਾਵੇਗੀ ਸਗੋਂ ਉਨ੍ਹਾਂ ਨੇ ਕਿਸੇ ਇਕਹਿਰੇ ਗੱਲਬਾਤ ਅਦਾਰੇ ਜਾਂ ਮਾਡਲ ਹੋਣ ਨੂੰ ਤਰਜੀਹ ਦਿੱਤੀ ਸੀ।

ਨਵੇਂ ਨਿਯਮਾਂ ਤਹਿਤ ਗੂਗਲ ਨੂੰ ਇੱਕ ਇਕਹਿਰੇ ਸਮੂਹ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਹੋਵੇਗੀ ਜੋ ਸਾਰੇ ਮੀਡੀਆ ਦੀ ਨੁਮਾਇੰਦਗੀ ਕਰੇਗਾ, ਜਿਸ ਨਾਲ ਕੰਪਨੀ ਆਪਣੇ ਆਰਬਿਟਰੇਸ਼ਨ ਜੋਖਮ ਨੂੰ ਸੀਮਤ ਕਰ ਸਕਦੀ ਹੈ।

ਨਿਯਮਾਂ ਨੂੰ ਬਿਲ ਸੀ-18 ਵਿੱਚ ਜੋੜਿਆ ਜਾਵੇਗਾ, ਜਿਹਨਾਂ ਨੂੰ ਦਸੰਬਰ ਦੇ ਮੱਧ ਤੱਕ ਜ਼ਾਹਰ ਕੀਤਾ ਜਾਣਾ ਹੈ।

ਗੂਗਲ ਨੂੰ ਅਜੇ ਵੀ ਮੀਡੀਆ ਨਾਲ ਗੱਲਬਾਤ ਕਰਨ ਅਤੇ ਇੱਕ ਇਕਰਾਰਨਾਮੇ 'ਤੇ ਦਸਤਖ਼ਤ ਕਰਨ ਦੀ ਲੋੜ ਹੋਵੇਗੀ। ਗੂਗਲ ਵਾਧੂ ਸੇਵਾ ਯੋਗਦਾਨ ਵੀ ਜੋੜ ਸਕਦਾ ਹੈ, ਜਿਸਨੂੰ ਅਜੇ ਨਿਰਧਾਰਤ ਕੀਤਾ ਜਾਣਾ ਬਾਕੀ ਹੈ।

ਗੂਗਲ ਨੇ ਔਨਲਾਈਨ ਨਿਊਜ਼ ਐਕਟ ਦੇ ਨਤੀਜੇ ਵਜੋਂ ਆਪਣੇ ਪਲੇਟਫਾਰਮਾਂ 'ਤੇ ਕੈਨੇਡੀਅਨ ਨਿਊਜ਼ ਸਮੱਗਰੀ ਨੂੰ ਬਲੌਕ ਕਰਨ ਦੀ ਧਮਕੀ ਦਿੱਤੀ ਸੀ। ਪਰ ਮੈਟਾ ਦੇ ਉਲਟ, ਜਿਸ ਨੇ ਪਿਛਲੀਆਂ ਗਰਮੀਆਂ ਵਿੱਚ ਸਰਕਾਰ ਨਾਲ ਆਪਣੀ ਗੱਲਬਾਤ ਖ਼ਤਮ ਕਰ ਦਿੱਤੀ ਸੀ ਅਤੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਕੈਨੇਡੀਅਨ ਖ਼ਬਰਾਂ ਨੂੰ ਬਲੌਕ ਕਰ ਦਿੱਤਾ ਸੀ, ਗੂਗਲ ਨੇ ਕੈਨੇਡਾ ਵਿੱਚ ਖ਼ਬਰਾਂ ਨੂੰ ਬਲੌਕ ਨਹੀਂ ਕੀਤਾ ਹੈ।

ਗੂਗਲ ਵੱਲੋਂ ਕੈਨੇਡੀਅਨ ਖ਼ਬਰਾਂ ਨੂੰ ਬਲੌਕ ਕਰਨ ਦੀ ਧਮਕੀ ਮਗਰੋਂ ਸਰਕਾਰ ਨੇ ਆਪਣਾ ਰਵੱਈਆ ਨਰਮ ਕੀਤਾ ਜਾਪਦਾ ਹੈ।

ਪਰ ਸਰਕਾਰੀ ਸੂਤਰ ਨੇ ਦਲੀਲ ਦਿੱਤੀ ਕਿ ਇਹ ਸਮਝੌਤਾ ਕੈਨੇਡੀਅਨ ਮੀਡੀਆ ਲਈ ਇੱਕ ਜਿੱਤ ਅਤੇ ਸ਼ੁੱਧ ਲਾਭ ਹੈ। ਸੂਤਰ ਨੇ ਕਿਹਾ ਕਿ ਵਾਰਤਾ ਲਈ ਇਕਹਿਰੇ ਫਰੇਮਵਰਕ ਦੀ ਦੂਜੇ ਦੇਸ਼ਾਂ ਲਈ ਇੱਕ ਉਦਾਹਰਣ ਵਜੋਂ ਕੰਮ ਕਰਨ ਦੀ ਸੰਭਾਵਨਾ ਹੈ।

ਬਿੱਲ ਸੀ-18 20 ਮਿਲੀਅਨ ਮਾਸਿਕ ਉਪਭੋਗਤਾਵਾਂ ਅਤੇ $1 ਬਿਲੀਅਨ ਦੀ ਸਾਲਾਨਾ ਆਮਦਨ ਵਾਲੇ ਡਿਜੀਟਲ ਪਲੇਟਫਾਰਮਾਂ 'ਤੇ ਲਾਗੂ ਹੁੰਦਾ ਹੈ। ਸਿਰਫ਼ ਮੈਟਾ ਅਤੇ ਗੂਗਲ ਇਸ ਦਾਇਰੇ ਵਿਚ ਆਉਂਦੇ ਹਨ।

ਮੈਟਾ ਨਾਲ ਸਰਕਾਰ ਦੀ ਗੱਲਬਾਤ ਬਹਾਲ ਨਹੀਂ ਹੋਈ ਹੈ।

ਡੇਨੀਅਲ ਥੀਬੌਅ, ਡੇਵਿਡ ਕੋਚਰੇਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ