1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ਾਰਮਾਕੇਅਰ ਬਿਲ ਇਸ ਸਾਲ ਪਾਸ ਨਹੀਂ ਹੋ ਸਕੇਗਾ: ਲਿਬਰਲਜ਼

ਪਿਛਲੇ ਸਾਲ ਲਿਬਰਲਾਂ ਨੇ ਐਨਡੀਪੀ ਦੀਆਂ ਕੁਝ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ ਸੀ

14 ਨਵੰਬਰ 2019 ਨੂੰ ਪਾਰਲੀਮੈਂਟ ਹਿੱਲ ਵਿੱਖੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਮੁਲਾਕਾਤ ਕਰਦੇ ਹੋਏ।

14 ਨਵੰਬਰ 2019 ਨੂੰ ਪਾਰਲੀਮੈਂਟ ਹਿੱਲ ਵਿੱਖੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਮੁਲਾਕਾਤ ਕਰਦੇ ਹੋਏ।

ਤਸਵੀਰ:  (Sean Kilpatrick/The Canadian Press)

RCI

ਫ਼ੈਡਰਲ ਲਿਬਰਲਜ਼ ਦਾ ਕਹਿਣਾ ਹੈ ਕਿ ਸਰਕਾਰ ਇਸ ਸਾਲ ਦੇ ਅੰਤ ਤੱਕ ਐਨਡੀਪੀ ਨਾਲ ਕੀਤੇ ਫ਼ਾਰਮਾਕੇਅਰ ਬਿਲ ਪਾਸ ਕਰਾਉਣ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇਗੀ।

ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲਡ ਨੇ ਮੰਗਲਵਾਰ ਨੂੰ ਹਾਊਸ ਔਫ਼ ਕੌਮਨਜ਼ ਵਿਚ ਕਿਹਾ, ਮੈਨੂੰ ਨਹੀਂ ਲਗਦਾ ਕਿ ਅਸੀਂ ਇਸ ਸਾਲ ਦੇ ਅੰਤ ਤੱਕ ਇਸ ਨੂੰ ਪਾਸ ਕਰਾ ਪਾਵਾਂਗੇ, ਪਰ ਅਸੀਂ ਯਕੀਨੀ ਤੌਰ 'ਤੇ ਕੰਮ ਕਰਦੇ ਰਹਾਂਗੇ, ਅਤੇ ਇਸ ਬਾਰੇ ਵਿਚਾਰ-ਵਟਾਂਦਰੇ ਉਸਾਰੂ ਹਨ

ਪਿਛਲੇ ਸਾਲ ਲਿਬਰਲਾਂ ਨੇ ਐਨਡੀਪੀ ਦੀਆਂ ਕੁਝ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ ਸੀ।

ਉਸ ਸਮਝੌਤੇ ਦੀਆਂ ਸ਼ਰਤਾਂ ਵਿੱਚੋਂ ਇੱਕ ਸ਼ਰਤ ਯੂਨੀਵਰਸਲ ਫ਼ਾਰਮਾਕੇਅਰ ਪ੍ਰੋਗਰਾਮ ਵੱਲ ਪ੍ਰਗਤੀ ਅਤੇ ਇਸ ਸਾਲ ਦੇ ਅੰਤ ਤੱਕ ਫ਼ਾਰਮਾਕੇਅਰ ਕਾਨੂੰਨ ਦੇ ਸ਼ੁਰੂਆਤੀ ਪੜਾਅ ਨੂੰ ਮਨਜ਼ੂਰ ਕਰਨਾ ਸੀ।

ਉਸ ਸਮਝੌਤੇ ਦੀ ਸ਼ਬਦਾਵਲੀ ਅਨੁਸਾਰ, ਐਨਡੀਪੀ ਦੀਆਂ ਤਰਜੀਹਾਂ ਵਿਚੋਂ ਇੱਕ 2023 ਦੇ ਅੰਤ ਤੱਕ ਇੱਕ ਕੈਨੇਡਾ ਫ਼ਾਰਮਾਕੇਅਰ ਐਕਟ ਪਾਸ ਕਰਨਾ ਹੈ ਅਤੇ ਫਿਰ ਸਮਝੌਤਾ ਖ਼ਤਮ ਹੋਣ ਤੱਕ ਨੈਸ਼ਨਲ ਡਰੱਗ ਏਜੰਸੀ ਨੂੰ ਜ਼ਰੂਰੀ ਦਵਾਈਆਂ ਅਤੇ ਥੋਕ ਖਰੀਦ ਯੋਜਨਾ ਦਾ ਇੱਕ ਰਾਸ਼ਟਰੀ ਫਾਰਮੂਲਾ ਤਿਆਰ ਕਰਨ ਦਾ ਕੰਮ ਸੌਂਪਣਾ ਹੈ

ਗੋਲਡ ਦੇ ਬੋਲਣ ਤੋਂ ਬਾਅਦ, ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਜੇ ਵੀ ਇਸ ਸਾਲ ਦੇ ਅੰਤ ਤੱਕ ਫ਼ਾਰਮਾਕੇਅਰ ਕਾਨੂੰਨ ਨੂੰ ਪੇਸ਼ ਕਰਨਾ ਹੈ ਅਤੇ ਫਿਰ ਇਸਨੂੰ ਬਾਅਦ ਦੀ ਮਿਤੀ 'ਤੇ ਪਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਐਨਡੀਪੀ ਨਾਲ ਗੱਲਬਾਤ ਜਾਰੀ ਹੈ।

ਪੱਤਰਕਾਰਾਂ ਦੁਆਰਾ ਇਹ ਪੁੱਛੇ ਜਾਣ 'ਤੇ ਕਿ ਕੀ ਇਹ ਐਨਡੀਪੀ ਨਾਲ ਕੀਤੇ ਗਏ ਸਮਝੌਤੇ ਦੀ ਉਲੰਘਣਾ ਹੈ, ਤਾਂ ਹੌਲੈਂਡ ਨੇ ਕਿਹਾ ਕਿ ਇਹ ਅੰਦਾਜ਼ੇ ਲਗਾਉਣਾ ਜਲਦਬਾਜ਼ੀ ਹੋਵੇਗਾ, ਪਰ ਗੱਲਬਾਤ ਫ਼ਲਦਾਇਕ ਅਤੇ ਸਕਾਰਾਤਮਕ ਰਹੀ ਹੈ।

ਇੱਕ ਦਿਨ ਪਹਿਲਾਂ ਐਨਡੀਪੀ ਨੇ ਕਿਹਾ ਸੀ ਕਿ ਜੇਕਰ ਲਿਬਰਲ ਸਰਕਾਰ ਇਸ ਸਾਲ ਦੇ ਅੰਤ ਤੱਕ ਫ਼ਾਰਮਾਕੇਅਰ ਕਾਨੂੰਨ ਪਾਸ ਕਰਨ ਦਾ ਆਪਣਾ ਵਾਅਦਾ ਪੂਰੀ ਨਹੀਂ ਕਰ ਸਕਦੀ, ਤਾਂ ਇਸਨੂੰ ਹੋਰ ਨਤੀਜੇ ਦੇਣ ਲਈ ਕਾਨੂੰਨ ਵਿਚ ਵਾਧੇ ਕਰਨੇ ਹੋਣਗੇ।

ਐਨਡੀਪੀ ਦੀ ਕਮਿਊਨਿਕੇਸ਼ਨਜ਼ ਡਾਇਰੈਕਟਰ, ਅਲੈਨਾ ਕੈਹਿਲ ਨੇ ਕਿਹਾ ਸੀ, ਜੇਕਰ ਹੋਰ ਸਮਾਂ ਚਾਹੀਦਾ ਹੈ, ਤਾਂ ਅਸੀਂ ਕੈਨੇਡੀਅਨਜ਼ ਲਈ ਹੋਰ ਨਤੀਜਿਆਂ ਦੀ ਉਮੀਦ ਕਰਦੇ ਹਾਂ

ਐਨਡੀਪੀ ਦੇ ਇਸ ਬਿਆਨ ਅਤੇ ਫਾਲੋ-ਅੱਪ ਸਵਾਲਾਂ ਤੋਂ ਵੀ ਇਹ ਸਪੱਸ਼ਟ ਨਹੀਂ ਹੈ ਕਿ ਹੋਰ ਨਤੀਜਿਆਂ ਤੋਂ ਪਾਰਟੀ ਦਾ ਕੀ ਮਤਲਬ ਹੈ।

ਐਨਡੀਪੀ ਦੇ ਇੱਕ ਸੂਤਰ ਨੇ ਕਿਹਾ ਕਿ ਪਾਰਟੀ ਨੂੰ ਅਹਿਸਾਸ ਹੈ ਕਿ ਸੈਨੇਟ ਰਾਹੀਂ ਕਾਨੂੰਨ ਪਾਸ ਕਰਨ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਸੈਨੇਟ ਵਿੱਚ ਏਜੰਡਾ ਸਰਕਾਰ ਕੰਟਰੋਲ ਨਹੀਂ ਕਰਦੀ।

ਫ਼ਾਰਮਾਕੇਅਰ ਨੂੰ ਲੈਕੇ ਲਿਬਰਲਾਂ ਨੂੰ ਪਾਰਟੀ ਦੇ ਅੰਦਰੋਂ ਵੀ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। 2019 ਵਿੱਚ, ਲਿਬਰਲ ਸਰਕਾਰ ਦੁਆਰਾ ਨਿਯੁਕਤ ਇੱਕ ਸਲਾਹਕਾਰ ਕੌਂਸਲ ਨੇ ਇੱਕ ਯੂਨੀਵਰਸਲ, ਸਿੰਗਲ-ਪੇਅਰ ਪਬਲਿਕ ਫ਼ਾਰਮਾਕੇਅਰ ਸਿਸਟਮ ਸਥਾਪਤ ਕਰਨ ਦੀ ਸਿਫਾਰਸ਼ ਕੀਤੀ ਸੀ - ਜਿਸ ਵਿਚ ਸ਼ੁਰੂਆਤ ਵਿਚ ਆਮ ਅਤੇ ਜ਼ਰੂਰੀ ਦਵਾਈਆਂ ਦੀ ਸੂਚੀ ਅਤੇ ਫਿਰ ਇੱਕ ਵਿਆਪਕ ਫਾਰਮੂਲਾ ਸ਼ਾਮਲ ਸੀ। ਸਲਾਹਕਾਰ ਕੌਂਸਲ ਨੇ ਅੰਦਾਜ਼ਾ ਲਗਾਇਆ ਸੀ ਹੈ ਕਿ ਪੂਰੀ ਤਰ੍ਹਾਂ ਲਾਗੂ ਹੋਣ 'ਤੇ ਅਜਿਹੀ ਪ੍ਰਣਾਲੀ ਲਈ ਪ੍ਰਤੀ ਸਾਲ $15 ਬਿਲੀਅਨ ਦੀ ਲਾਗਤ ਆਵੇਗੀ।

ਕੌਂਸਲ ਨੇ ਇਹ ਵੀ ਕਿਹਾ ਸੀ ਕਿ, ਇੱਕ ਵਾਰ ਲਾਗੂ ਹੋਣ ਤੋਂ ਬਾਅਦ, ਫ਼ਾਰਮਾਕੇਅਰ ਪ੍ਰੋਗਰਾਮ ਕੈਨੇਡੀਅਨਜ਼ ਦੁਆਰਾ ਪ੍ਰਿਸਕਰਿਪਸ਼ਨ ਵਾਲੀਆਂ ਦਵਾਈਆਂ 'ਤੇ ਖ਼ਰਚਿਆਂ ਵਿੱਚ ਸਾਲਾਨਾ ਕਰੀਬ $5 ਬਿਲੀਅਨ ਦੀ ਕਟੌਤੀ ਕਰੇਗਾ।

ਇੱਕ ਤਾਜ਼ਾ ਰਿਪੋਰਟ ਵਿੱਚ, ਪਾਰਲੀਮੈਂਟਰੀ ਬਜਟ ਅਫਸਰ ਨੇ ਅੰਦਾਜ਼ਾ ਲਗਾਇਆ ਹੈ ਕਿ ਇੱਕ ਸਿੰਗਲ-ਭੁਗਤਾਨ ਵਾਲੀ ਯੂਨੀਵਰਸਲ ਡਰੱਗ ਯੋਜਨਾ ਨਾਲ ਫੈਡਰਲ ਅਤੇ ਸੂਬਾ ਸਰਕਾਰਾਂ ਨੂੰ ਪਹਿਲੇ ਸਾਲ ਵਿੱਚ $11.2 ਬਿਲੀਅਨ ਅਤੇ ਪੰਜ ਸਾਲਾਂ ਵਿੱਚ $13.4 ਬਿਲੀਅਨ ਸਾਲਾਨਾ ਦਾ ਖ਼ਰਚ ਆਵੇਗਾ।

ਬਜਟ ਅਫਸਰ ਦੇ ਅਨੁਮਾਨਾਂ ਅਨੁਸਾਰ, 2024-25 ਵਿਚ ਆਰਥਿਕਤਾ-ਵਿਆਪਕ ਬੱਚਤ 1.4 ਬਿਲੀਅਨ ਹੋਵੇਗੀ ਅਤੇ 2027-28 ਵਿਚ ਇਹ ਵਧ ਕੇ 2.2 ਬਿਲੀਅਨ ਹੋ ਜਾਵੇਗੀ।

ਪਰ ਆਉਣ ਵਾਲੇ ਅਗਲੇ ਕੁਝ ਸਾਲਾਂ ਵਿਚ ਉਮੀਦ ਤੋਂ ਵੱਧ ਬਜਟ ਘਾਟੇ ਅਤੇ 2024 ਵਿੱਚ ਘੱਟ ਆਰਥਿਕ ਵਿਕਾਸ ਦੀ ਭਵਿੱਖਬਾਣੀ ਇਸ ਬਾਰੇ ਸਵਾਲ ਜ਼ਰੂਰ ਚੁੱਕ ਰਹੀ ਹੈ ਕਿ ਕੀ ਫ਼ੈਡਰਲ ਸਰਕਾਰ ਇਸ ਵੇਲੇ ਫ਼ਾਰਮਾਕੇਅਰ ਨੂੰ ਝੱਲ ਸਕਦੀ ਹੈ।

ਅਕਤੂਬਰ ਵਿਚ ਐਨਡੀਪੀ ਨੇ ਆਪਣੀ ਪੌਲਿਸੀ ਕਨਵੈਂਸ਼ਨ ਵਿਚ ਇਹ ਮਤਾ ਪਾਸ ਕੀਤਾ ਸੀ ਕਿ ਜੇ ਲਿਬਰਲ ਸਰਕਾਰ ਆਪਣੀ ਯੂਨੀਵਰਸਲ ਫ਼ਾਰਮਾਕੇਅਰ ਦੀ ਵਚਨਬੱਧਤਾ ਪੂਰੀ ਨਹੀਂ ਕਰਦੀ ਤਾਂ ਐਨਡੀਪੀ ਲਿਬਰਲਾਂ ਦਾ ਸਾਥ ਦੇਣ ਦੇ ਕੀਤੇ ਸਮਝੌਤੇ ਤੋਂ ਪਿੱਛੇ ਹਟ ਸਕਦੀ ਹੈ।

ਇਹ ਮੋਸ਼ਨ ਫ਼ਾਰਮਾਕੇਅਰ ਲਈ ਸਮਾਂ-ਸੀਮਾ ਦੀ ਗੱਲ ਨਹੀਂ ਕਰਦਾ ਪਰ ਇਹ ਜ਼ਰੂਰ ਦੱਸਦਾ ਹੈ ਕਿ ਬਿੱਲ ਕਿਹੋ ਜਿਹਾ ਹੋਣਾ ਚਾਹੀਦਾ ਹੈ।

ਡੇਵਿਡ ਥਰਟਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ