1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਦੀ ਅਦਾਲਤ ਨੇ ਨਵੇਂ ਅਧਿਆਪਕਾਂ ਲਈ ਲਾਜ਼ਮੀ ਗਣਿਤ ਟੈਸਟ ਨੂੰ ਬਰਕਰਾਰ ਰੱਖਿਆ

ਅਪੀਲ ਕੋਰਟ ਦਾ ਫ਼ੈਸਲਾ ਸੂਬਾ ਸਰਕਾਰ ਦੇ ਪੱਖ ਵਿਚ

ਕਲਾਸਰੂਮ ਦੀ ਤਸਵੀਰ

ਓਨਟੇਰਿਓ ਨੇ ਗਣਿਤ ਦੇ ਟੈਸਟਾਂ ਵਿਚ ਵਿਦਿਆਰਥੀਆਂ ਦੇ ਸਕੋਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਲਾਜ਼ਮੀ ਗਣਿਤ ਟੈਸਟ ਦੀ ਸ਼ੁਰੂਆਤ ਕੀਤੀ ਸੀ।

ਤਸਵੀਰ:  (Evan Mitsui/CBC)

RCI

ਓਨਟੇਰਿਓ ਦੀ ਸਿਖਰਲੀ ਅਦਾਲਤ ਨੇ ਨਵੇਂ ਅਧਿਆਪਕਾਂ ਲਈ ਲਾਜ਼ਮੀ ਗਣਿਤ ਟੈਸਟ ਦੀ ਵੈਧਤਾ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਹੈ ਕਿ ਇਸ ਨੂੰ ਗ਼ੈਰ-ਸੰਵਿਧਾਨਕ ਕਰਾਰ ਦੇਣ ਵਾਲਾ ਹੇਠਲੀ ਅਦਾਲਤ ਦਾ ਫ਼ੈਸਲਾ ਸ਼ੁਰੂਆਤੀ ਅਤੇ ਅਧੂਰੇ ਅੰਕੜਿਆਂ 'ਤੇ ਅਧਾਰਤ ਸੀ।

ਪ੍ਰੀਮੀਅਰ ਡਗ ਫ਼ੋਰਡ ਦੀ ਸਰਕਾਰ ਨੇ 2021 ਵਿੱਚ ਵਿਦਿਆਰਥੀਆਂ ਦੇ ਗਣਿਤ ਦੇ ਸਕੋਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ - ਜਿਸ ਵਿਚ ਨਵਾਂ ਪਾਠਕ੍ਰਮ ਵੀ ਸ਼ਾਮਲ ਹੈ - ਵੱਜੋਂ ਮੈਥ ਟੈਸਟ ਲਾਜ਼ਮੀ ਕੀਤਾ ਸੀ।

ਉਸ ਸਾਲ ਦੇ ਜੁਲਾਈ ਤੱਕ ਦੇ ਟੈਸਟ ਦੇ ਨਤੀਜਿਆਂ ਵਿਚ ਸਫਲਤਾ ਦੀਆਂ ਦਰਾਂ ਵਿੱਚ ਨਸਲ ਦੇ ਪੱਖੋਂ ਮਹੱਤਵਪੂਰਨ ਅਸਮਾਨਤਾਵਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਗੋਰੇ ਅਧਿਆਪਕ ਉਮੀਦਵਾਰ ਨਸਲੀ ਉਮੀਦਵਾਰਾਂ ਨਾਲੋਂ ਉੱਚੀ ਦਰ ਨਾਲ ਪਾਸ ਹੋਏ ਸਨ।

ਡਿਵੀਜ਼ਨਲ ਕੋਰਟ ਨੇ ਇਸ ਆਧਾਰ 'ਤੇ ਟੈਸਟ ਨੂੰ ਰੱਦ ਕਰ ਦਿੱਤਾ ਸੀ, ਕਿਉਂਕਿ ਇਸਦਾ ਨਸਲੀ ਅਧਿਆਪਕਾਂ 'ਤੇ ਪ੍ਰਭਾਵ ਸਾਹਮਣੇ ਆਇਆ ਸੀ, ਜੋਕਿ ਚਾਰਟਰ ਵਿਚ ਦਰਜ ਬਰਾਬਰਤਾ ਦੀ ਉਲੰਘਣਾ ਸੀ।

ਓਨਟੇਰਿਓ ਸਰਕਾਰ ਨੇ ਉਸ ਫ਼ੈਸਲੇ ਖ਼ਿਲਾਫ਼ ਅਪੀਲ ਪਾਈ ਸੀ ਅਤੇ ਮੰਗਲਵਾਰ ਨੂੰ ਅਪੀਲ ਕੋਰਟ ਦਾ ਫ਼ੈਸਲਾ ਸੂਬੇ ਦੇ ਹੱਕ ਵਿਚ ਭੁਗਤਿਆ ਹੈ।

ਜਦੋਂ 2021 ਦੇ ਅੰਤ ਤੱਕ ਟੈਸਟ ਦੀਆਂ ਦਰਾਂ ਨੂੰ ਦੇਖਿਆ ਗਿਆ ਤਾਂ ਇਹ ਪਾੜਾ ਬਹੁਤ ਘੱਟ ਸੀ ਕਿਉਂਕਿ ਉਦੋਂ ਤੱਕ ਅਧਿਆਪਕ ਉਮੀਦਵਾਰਾਂ ਨੂੰ ਟੈਸਟ ਨੂੰ ਦੁਬਾਰਾ ਲਿਖਣ ਦਾ ਮੌਕਾ ਮਿਲਦਾ ਸੀ। ਅਧਿਆਪਕ ਉਮੀਦਵਾਰਾਂ ਨੂੰ ਇਸ ਟੈਸਟ ਨੂੰ ਪਾਸ ਕਰਨ ਲਈ ਅਣਗਿਣਤ ਕੋਸ਼ਿਸ਼ਾਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਅਦਾਲਤ ਨੇ ਮੰਗਲਵਾਰ ਨੂੰ ਜਾਰੀ ਆਪਣੇ ਫੈਸਲੇ ਵਿੱਚ ਲਿਖਿਆ ਕਿ 2021 ਦੇ ਅੰਤ ਵਿੱਚ, 8,350 ਅਧਿਆਪਕ ਉਮੀਦਵਾਰਾਂ ਜਿਨ੍ਹਾਂ ਨੇ ਇੱਕ ਜਾਂ ਇੱਕ ਤੋਂ ਵੱਧ ਵਾਰ ਟੈਸਟ ਦਿੱਤਾ ਸੀ ਵਿੱਚੋਂ 95 ਪ੍ਰਤੀਸ਼ਤ ਸਫ਼ਲ ਹੋਏ ਸਨ। ਇਹਨਾਂ ਵਿੱਚ ਨਸਲੀ ਸਮੂਹਾਂ ਦੇ 93 ਪ੍ਰਤੀਸ਼ਤ ਉਮੀਦਵਾਰ ਵੀ ਸ਼ਾਮਲ ਸਨ।

ਅਦਾਲਤ ਨੇ ਕਿਹਾ ਕਿ ਉੱਤਰਦਾਤਾਵਾਂ ਦੀ ਦਲੀਲ, ਕਿ ਅਧਿਆਪਨ ਪੇਸ਼ੇ ਵਿੱਚ ਦਾਖ਼ਲੇ 'ਤੇ [ਗਣਿਤ ਨਿਪੁੰਨਤਾ ਟੈਸਟ] ਦੇ ਮਾੜੇ ਪ੍ਰਭਾਵ ਨੂੰ ਟੈਸਟ ਦੀਆਂ ਕਈ ਕੋਸ਼ਿਸ਼ਾਂ ਦੇ ਨਤੀਜਿਆਂ ਦੀ ਬਜਾਏ ਪਹਿਲੀਆਂ ਕੋਸ਼ਿਸ਼ਾਂ ਦੇ ਨਤੀਜਿਆਂ ਦੇ ਅਧਾਰ 'ਤੇ ਮਾਪਿਆ ਜਾਣਾ ਚਾਹੀਦਾ ਹੈ, ਗ਼ਲਤ ਹੈ

ਅਦਾਲਤ ਨੇ ਕਿਹਾ ਕਿ ਅਧਿਆਪਕ ਉਮੀਦਵਾਰ ਜੋ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਫਲ ਨਹੀਂ ਹੁੰਦੇ ਪਰ ਬਾਅਦ ਦੀ ਕੋਸ਼ਿਸ਼ ਵਿੱਚ ਸਫਲ ਹੁੰਦੇ ਹਨ, ਉਨ੍ਹਾਂ ਨੂੰ ਪੇਸ਼ੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਨਹੀਂ ਜਾ ਰਿਹਾ ਹੈ।

ਓਨਟੇਰਿਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਨੇ ਅਦਾਲਤ ਦੇ ਫ਼ੈਸਲੇ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।

ਲੈਚੇ ਨੇ ਕਿਹਾ, ਓਨਟੇਰਿਓ ਵਿਚ ਗ੍ਰੇਡ 9 ਦਾ ਗਣਿਤ ਦਾ ਮਿਆਰ ਮਾਪਿਆਂ ਨੂੰ ਇਹ ਯਕੀਨ ਦਿਵਾਉਣ ਲਈ ਪੇਸ਼ ਕੀਤਾ ਗਿਆ ਸੀ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਜ਼ਿੰਮੇਵਾਰ ਲੋਕਾਂ ਕੋਲ ਗਣਿਤ ਦੇ ਬੁਨਿਆਦੀ ਹੁਨਰ ਹੋਣ ਜਿਨ੍ਹਾਂ ਹੁਨਰਾਂ ਦੀ ਉਹਨਾਂ ਨੂੰ ਵਿਦਿਆਰਥੀਆਂ ਨੂੰ ਗ੍ਰੈਜੂਏਟ ਕਰਨ ਵਿੱਚ ਲੋੜ ਹੈ

ਅਧਿਆਪਕਾਂ ਦੀਆਂ ਯੂਨੀਅਨਾਂ ਨੇ ਸਾਰੇ ਅਧਿਆਪਕਾਂ 'ਤੇ ਵਿਆਪਕ ਤੌਰ 'ਤੇ ਟੈਸਟ ਲਾਗੂ ਕੀਤੇ ਜਾਣ 'ਤੇ ਇਤਰਾਜ਼ ਜਤਾਇਆ ਸੀ। ਯੂਨੀਅਨ ਨੇ ਸਵਾਲ ਕੀਤਾ ਸੀ ਕਿ ਇੱਕ ਕਿੰਡਰਗਾਰਟਨ ਅਧਿਆਪਕ ਨੂੰ ਸੈਕੰਡਰੀ ਸਕੂਲ ਪੱਧਰ ਦਾ ਗਣਿਤ ਟੈਸਟ ਪਾਸ ਕਰਨ ਦੀ ਲੋੜ ਕਿਉਂ ਹੈ ਜਾਂ ਇੱਕ ਕਲਾ ਦੇ ਅਧਿਆਪਕ ਨੂੰ ਗਣਿਤ ਦਾ ਟੈਸਟ ਪਾਸ ਕਰਨ ਦੀ ਕਿਉਂ ਲੋੜ ਹੈ।

ਅਦਾਲਤ ਨੇ ਕਿਹਾ ਕਿ ਓਨਟੇਰਿਓ ਵਿੱਚ ਸਾਰੇ ਪ੍ਰਮਾਣਿਤ ਅਧਿਆਪਕਾਂ ਨੂੰ ਗ੍ਰੇਡ 6 ਜਾਂ ਇਸ ਤੋਂ ਹੇਠਾਂ ਦੇ ਵਿਦਿਆਰਥੀਆਂ ਨੂੰ ਗਣਿਤ ਸਿਖਾਉਣ ਲਈ ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਉਹਨਾਂ ਨੂੰ ਗ੍ਰੇਡ 7 ਤੋਂ 12 ਤੱਕ ਦਾ ਗਣਿਤ ਪੜ੍ਹਾਉਣ ਲਈ ਵੀ ਨਿਯੁਕਤ ਕੀਤਾ ਜਾ ਸਕਦਾ ਹੈ।

ਐਲੀਸਨ ਜੋਨਜ਼ - ਦ ਕੈਨੇਡੀਅਨ ਪ੍ਰੈਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ