1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਲਿਬਰਲ ਐਮਪੀ ਕੈਨ ਹਾਰਡੀ ਨੇ ਵਿਨੀਪੈਗ ਗੋਲੀਕਾਂਡ ਤੇ ਪੌਲੀਐਵ ਨੂੰ ਜੋੜਦੀ ਵਿਵਾਦਿਤ ਟਿੱਪਣੀ ਲਈ ਮੁਆਫ਼ੀ ਮੰਗੀ

ਕੰਜ਼ਰਵੇਟਿਵਜ਼ ਵੱਲੋਂ ਐਮਪੀ ਕੈਨ ਹਾਰਡੀ ਦੀ ਟਿੱਪਣੀ ਦੀ ਡਾਢੀ ਨਿਖੇਧੀ

ਬੀਸੀ ਦੀ ਫ਼ਲੀਟਵੁਡ-ਪੋਰਟ ਕੈਲਜ਼ ਰਾਈਡਿੰਗ ਤੋਂ ਲਿਬਰਲ ਐਮਪੀ ਕੈਨ ਹਾਰਡੀ

ਬੀਸੀ ਦੀ ਫ਼ਲੀਟਵੁਡ-ਪੋਰਟ ਕੈਲਜ਼ ਰਾਈਡਿੰਗ ਤੋਂ ਲਿਬਰਲ ਐਮਪੀ ਕੈਨ ਹਾਰਡੀ

ਤਸਵੀਰ:  (CBC)

RCI

ਬੀਸੀ ਦੇ ਲਿਬਰਲ ਐਮਪੀ ਕੈਨ ਹਾਰਡੀ ਨੇ ਆਪਣੀ ਸਫ਼ਾਈ ਵਿਚ ਕਿਹਾ ਹੈ ਉਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਕੰਜ਼ਰਵੇਟਿਵ ਲੀਡਰ ਅਤੇ ਮੈਨੀਟੋਬਾ ਵਿੱਚ ਵਾਪਰੇ ਮਾਰੂ ਗੋਲੀਬਾਰੀ ਕਾਂਢ ਵਿਚ ਕੋਈ ਸਬੰਧ ਸੀ।

ਸੋਮਵਾਰ ਨੂੰ ਐਮਪੀ ਕੈਨ ਹਾਰਡੀ ਨੇ ਵਿਨੀਪੈਗ ਵਿਚ ਵਾਪਰੇ ਗੋਲੀਕਾਂਢ ਬਾਰੇ ਸੋਸ਼ਲ ਮੀਡੀਆ ਪੋਸਟ ‘ਤੇ ਪੋਸਟ ਪਾਈ ਸੀ। ਉਨ੍ਹਾਂ ਲਿਖਿਆ ਸੀ ਕਿ ਕੈਨੇਡਾ ਵਿਚ ਹੋਰ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰਨਾ ਬੇਹੱਦ ਚਿੰਤਾਜਨਕ ਹੈ। ਲੰਘੇ ਐਤਵਾਰ ਵਿਨੀਪੈਗ ਵਿਚ ਵਾਪਰੇ ਗੋਲੀਕਾਂਡ ਵਿਚ 4 ਲੋਕਾਂ ਦੀ ਮੌਤ ਹੋ ਗਈ ਸੀ।

ਆਪਣੀ ਪੋਸਟ ਵਿਚ ਉਨ੍ਹਾਂ ਲਿਖਿਆ ਸੀ ਕਿ ਇਹ ਸ਼ਾਇਦ ਅਮਰੀਕਾ ਤੋਂ ਉੱਭਰ ਰਹੇ ਗ਼ੈਰ-ਸਮਾਜੀ 'ਸਭ ਕੁਝ ਫੂਕ ਦਵੋ' ਵਾਲੇ ਅੱਤ-ਸੱਜੇ ਪੱਖੀ ਵਿਵਹਾਰ ਦਾ ਨਤੀਜਾ ਹੋ ਸਕਦਾ ਹੈ?

ਅਤੇ ਕੈਨੇਡਾ ਵਿਚ ਇਹ ਉੱਭਰਨਾ ? ਪੀਅਰ ਪੌਲੀਐਵ ?

ਇਸ ਟਵੀਟ ਕਾਰਨ ਕੰਜ਼ਰਵੇਟਿਵਜ਼ ਵਿਚ ਖ਼ਾਸੀ ਨਾਰਾਜ਼ਗੀ ਹੈ। ਹਾਊਸ ਲੀਡਰ ਕਰੀਨਾ ਗੋਲਡ ਨੇ ਵੀ ਹਾਰਡੀ ਦੀਆਂ ਟਿੱਪਣੀਆਂ ਨੂੰ ਬਿਲਕੁਲ ਅਣਉਚਿਤ ਆਖਿਆ ਹੈ।

ਹਾਰਡੀ ਨੇ ਸੀਬੀਸੀ ਨੂੰ ਦੱਸਿਆ ਕਿ ਉਹਨਾਂ ਨੇ ਗੋਲਡ ਨਾਲ ਗੱਲ ਕੀਤੀ ਹੈ ਅਤੇ ਮੰਨਿਆ ਹੈ ਕਿ ਵਿਰੋਧੀ ਪਾਰਟੀ ਨੂੰ ਵਿਨੀਪੈਗ ਦੀ ਘਟਨਾ ਨਾਲ ਜੋੜਨ ਵਾਲੀ ਕੋਈ ਵੀ ਉਕਤੀ ਅਣਉਚਿਤ ਸੀ।

ਉਸਦੇ ਲਈ, ਮੈਂ ਮੁਆਫ਼ੀ ਮੰਗਦਾ ਹਾਂ

ਪਰ ਹਾਰਡੀ ਨੇ ਕਿਹਾ ਕਿ ਉਹਨਾਂ ਦੇ ਅਸਲ ਟਵੀਟ ਵਿਚ ਇਸ ਬਾਰੇ ਅਹਿਮ ਸਵਾਲ ਪੁੱਛੇ ਗਏ ਹਨ ਕਿ ਕੀ ਸੱਜੇ-ਪੱਖੀ ਕੱਟੜਵਾਦ ਹਿੰਸਾ ਵਿੱਚ ਵਾਧਾ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ - ਅਜਿਹੇ ਸਵਾਲ ਜਿਨ੍ਹਾਂ ਬਾਰੇ ਹਾਰਡੀ ਮੰਨਦੇ ਹਨ ਕਿ ਇਹਨਾਂ ਨੂੰ ਗੰਭੀਰਤਾ ਨਾਲ ਵਾਚਣ ਦੀ ਲੋੜ ਹੈ।

ਉਹਨਾਂ ਨੇ ਪੌਲੀਐਵ ‘ਤੇ ਝੂਠ ਫੈਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸ਼ਬਦਾਂ ਦੇ ਨਤੀਜੇ ਹੁੰਦੇ ਹਨ

ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਸੇਬੇਸਟਿਅਨ ਸਕੈਮਸਕੀ ਨੇ ਹਾਰਡੀ ਦੀ ਟਿੱਪਣੀਆਂ ਨੂੰ ਸਰਕਾਰ ਦੀ ਨਾਕਾਮੀ ਤੋਂ ਧਿਆਨ ਭਟਕਾਉਣ ਲਈ ਘਿਣਾਉਣੀ ਹਰਕਤ ਆਖਿਆ।

ਕੰਜ਼ਰਵੇਟਿਵ ਡਿਪਟੀ ਲੀਡਰ ਮੈਲੀਸਾ ਲੈਂਟਸਮੈਨ ਨੇ ਹਾਰਡੀ ਦੀਆਂ ਟਿੱਪਣੀਆਂ ਨੂੰ ਮਾਨਸਿਕ ਤੌਰ ‘ਤੇ ਅਸੰਤੁਲਿਤ ਟਿੱਪਣੀ ਆਖਿਆ।

ਲੈਂਟਸਮੈਨ ਨੇ ਇੱਕ ਪੁਰਾਣੇ ਵਿਵਾਦ ਦੀ ਵੀ ਉਦਾਹਰਣ ਚੁੱਕੀ ਜਦੋਂ ਹਾਰਡੀ ਨੇ ਕਿਹਾ ਸੀ ਕਿ ਨਾਜ਼ੀ ਪ੍ਰਚਾਰਕ ਜੋਸੇਫ ਗੋਏਬਲਜ਼ ਕੰਜ਼ਰਵੇਟਿਵ ਐਮਪੀਜ਼ ‘ਤੇ ਮਾਣ ਕਰਨਗੇ।

ਲੈਂਟਸਮੈਨ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਹਾਰਡੀ ਦੀਆਂ ਟਿੱਪਣੀਆਂ ਉਦੋਂ ਵੀ ਮਾਨਸਿਕ ਤੌਰ ‘ਤੇ ਅਸੰਤੁਲਿਤ ਸਨ ਅਤੇ ਹੁਣ ਵੀ ਹਨ।

ਹਾਰਡੀ ਨੇ ਬਾਅਦ ਵਿੱਚ ਗੋਏਬਲਜ਼ ਵਾਲੇ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ ਅਤੇ ਸਪੀਕਰ ਗ੍ਰੈਗ ਫ਼ਰਗਸ ਦੀ ਬੇਨਤੀ ‘ਤੇ ਹਾਊਸ ਔਫ਼ ਕੌਮਨਜ਼ ਵਿੱਚ ਮੁਆਫੀ ਮੰਗੀ ਸੀ।

ਸੋਮਵਾਰ ਨੂੰ ਵਿਨੀਪੈਗ ਪੁਲਿਸ ਨੇ ਕਿਹਾ ਕਿ ਗੋਲੀਬਾਰੇ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਕਿਸੇ ਸ਼ੱਕੀ ਦੀ ਪਛਾਣ ਨਹੀਂ ਹੋਈ ਹੈ।

ਕੈਥਰੀਨ ਟਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ