1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

2022 ਵਿਚ ਲਗਾਤਾਰ ਤੀਸਰੇ ਸਾਲ ਜੀਵਨ ਦੀ ਸੰਭਾਵਨਾ ਘਟੀ: ਸਟੈਟਿਸਟਿਕਸ ਕੈਨੇਡਾ

ਪਿਛਲੇ ਸਾਲ ਕੋਵਿਡ-19 ਕਾਰਨ 19,700 ਤੋਂ ਵੱਧ ਕੈਨੇਡੀਅਨਜ਼ ਦੀ ਮੌਤ ਹੋਈ, ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਹੈ

2022 ਵਿੱਚ ਹੋਈਆਂ ਸਾਰੀਆਂ ਮੌਤਾਂ ਵਿਚ ਕੈਂਸਰ ਅਤੇ ਦਿਲ ਦੀ ਬਿਮਾਰੀ ਮੁੱਖ ਕਾਰਨ ਸਨ।

2022 ਵਿੱਚ ਹੋਈਆਂ ਸਾਰੀਆਂ ਮੌਤਾਂ ਵਿਚ ਕੈਂਸਰ ਅਤੇ ਦਿਲ ਦੀ ਬਿਮਾਰੀ ਮੁੱਖ ਕਾਰਨ ਸਨ।

ਤਸਵੀਰ: Associated Press / Gerry Broome

RCI

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜਨਮ ਸਮੇਂ ਔਸਤ ਕੈਨੇਡੀਅਨ ਦੀ ਜੀਵਨ ਦੀ ਸੰਭਾਵਨਾ ਲਗਾਤਾਰ ਤੀਸਰੇ ਸਾਲ ਘਟੀ ਹੈ। 2019 ਵਿੱਚ ਜੀਵਨ ਦੀ ਸੰਭਾਵਨਾ 82.3 ਸਾਲ ਸੀ ਜੋਕਿ 2022 ਵਿੱਚ ਘਟਕੇ 81.3 ਸਾਲ ਦਰਜ ਹੋਈ।

ਮੌਤਾਂ ਬਾਰੇ ਰਿਪੋਰਟ (ਨਵੀਂ ਵਿੰਡੋ) ਦਰਸਾਉਂਦੀ ਹੈ ਕਿ ਨਿਊ ਬ੍ਰੰਜ਼ਵਿਕ ਵਿਚ 2022 ਵਿੱਚ ਜੀਵਨ ਦੀ ਸੰਭਾਵਨਾ ਵਿੱਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਜੋ 2021 ਵਿੱਚ 80.9 ਸਾਲ ਤੋਂ ਘੱਟ ਕੇ 2022 ਵਿਚ 79.8 ਸਾਲ ਰਹਿ ਗਈ।

ਸਸਕੈਚਵਨ (ਨਵੀਂ ਵਿੰਡੋ) ਵਿਚ ਜੀਵਨ ਦੀ ਸੰਭਾਵਨਾ ਪਿਛਲੇ ਤਿੰਨ ਸਾਲਾਂ ਦੌਰਾਨ ਸਭ ਤੋਂ ਵੱਧ ਘਟੀ ਹੈ, ਜੋਕਿ 2019 ਵਿੱਚ 80.5 ਸਾਲ ਤੋਂ 2022 ਵਿੱਚ ਪੂਰੇ ਦੋ ਸਾਲ ਘਟ ਕੇ 78.5 ਸਾਲ ਰਹਿ ਗਈ।

ਜੀਵਨ ਦੀ ਸੰਭਾਵਨਾ ਉਦੋਂ ਵਧਦੀ ਹੈ ਜਦੋਂ ਆਮ ਤੌਰ 'ਤੇ ਘੱਟ ਮੌਤਾਂ ਹੁੰਦੀਆਂ ਹਨ, ਜਾਂ ਜਦੋਂ ਮੌਤਾਂ ਵੱਡੀ ਉਮਰ ਵਿੱਚ ਹੁੰਦੀਆਂ ਹਨ, ਜਾਂ ਦੋਵਾਂ ਦਾ ਸੁਮੇਲ ਹੁੰਦਾ ਹੈ। ਇਹ ਉਦੋਂ ਘਟਦੀ ਹੈ ਜਦੋਂ ਮੌਤਾਂ ਜ਼ਿਆਦਾ ਹੁੰਦੀਆਂ ਹਨ ਜਾਂ ਛੋਟੀ ਉਮਰ ਵਿੱਚ ਹੁੰਦੀਆਂ ਹਨ, ਜਾਂ ਇਨ੍ਹਾਂ ਦੋਵਾਂ ਦਾ ਸੁਮੇਲ ਹੁੰਦਾ ਹੈ।

2022 ਵਿੱਚ ਹੋਈਆਂ ਸਾਰੀਆਂ ਮੌਤਾਂ ਵਿਚ ਕੈਂਸਰ ਅਤੇ ਦਿਲ ਦੀ ਬਿਮਾਰੀ ਮੁੱਖ ਕਾਰਨ (41.8%) ਸਨ, ਜਦਕਿ ਕੋਵਿਡ-19 ਕਾਰਨ ਲਗਭਗ ਛੇ ਪ੍ਰਤੀਸ਼ਤ ਮੌਤਾਂ ਹੋਈਆਂ।

ਪਿਛਲੇ ਸਾਲ ਕੋਵਿਡ-19 ਕਾਰਨ 19,700 ਤੋਂ ਵੱਧ ਕੈਨੇਡੀਅਨਜ਼ ਦੀ ਮੌਤ ਹੋਈ, ਜੋ ਕਿ 2020 ਵਿਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਹੈ।

ਰਿਪੋਰਟ ਅਨੁਸਾਰ, ਇਹ ਵਾਧਾ ਅੰਸ਼ਕ ਤੌਰ 'ਤੇ ਨਵੇਂ ਬਹੁਤ ਤੇਜ਼ੀ ਨਾਲ ਫ਼ੈਲਣ ਵਾਲੇ ਕੋਵਿਡ-19 ਦੇ ਵੇਰੀਐਂਟਸ ਦੇ ਸੰਪਰਕ ਵਿੱਚ ਆਉਣ ਅਤੇ ਨੌਰਮਲ ਜ਼ਿੰਦਗੀ (ਜਿਵੇਂ, ਘਟੀਆਂ ਕੋਵਿਡ ਪਾਬੰਦੀਆਂ ਅਤੇ ਮਾਸਕ ਸ਼ਰਤਾਂ) ਵੱਲ ਹੌਲੀ ਹੌਲੀ ਮੁੜਨ ਕਰਕੇ ਹੋ ਸਕਦਾ ਹੈ

ਰਿਪੋਰਟ ਦਰਸਾਉਂਦੀ ਹੈ ਕਿ ਅਟਲਾਂਟਿਕ ਕੈਨੇਡਾ ਵਿੱਚ ਪਿਛਲੇ ਸਾਲ ਕੋਵਿਡ-19 ਮੌਤਾਂ ਦੀ ਦਰ ਉਸਤੋਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਸੱਤ ਗੁਣਾ ਤੋਂ ਵੱਧ ਸੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ