1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਧਾਤਾਂ ਅਤੇ ਖਣਿਜ

ਕੈਨੇਡੀਅਨ ਕੰਪਨੀ ਨਾਲ ਮਾਈਨਿੰਗ ਇਕਰਾਰਨਾਮਾ ਗ਼ੈਰ-ਸੰਵਿਧਾਨਕ, ਪਨਾਮਾ ਦੀ ਸੁਪਰੀਮ ਕੋਰਟ ਦਾ ਫ਼ੈਸਲਾ

ਮਾਈਨਿੰਗ ਕਾਂਟਰੈਕਟ ਨੂੰ ਲੈਕੇ ਪਨਾਮਾ ਵਿਚ ਕਈ ਹਫ਼ਤਿਆਂ ਤੋਂ ਮੁਜ਼ਾਹਰੇ ਹੋ ਰਹੇ ਸਨ

ਮਾਈਨਿੰਗ ਕਾਂਟਰੈਕਟ ਨੂੰ ਲੈਕੇ ਪਨਾਮਾ ਵਿਚ ਕਈ ਹਫ਼ਤਿਆਂ ਤੋਂ ਮੁਜ਼ਾਹਰੇ ਹੋ ਰਹੇ ਸਨ।

ਮਾਈਨਿੰਗ ਕਾਂਟਰੈਕਟ ਨੂੰ ਲੈਕੇ ਪਨਾਮਾ ਵਿਚ ਕਈ ਹਫ਼ਤਿਆਂ ਤੋਂ ਮੁਜ਼ਾਹਰੇ ਹੋ ਰਹੇ ਸਨ।

ਤਸਵੀਰ:  (Walter Hurtado/Bloomberg)

RCI

ਪਨਾਮਾ ਦੀ ਸੁਪਰੀਮ ਕੋਰਟ ਨੇ ਕੈਨੇਡਾ ਦੀ ਇੱਕ ਕੌਪਰ ਮਾਈਨਿੰਗ ਕੰਪਨੀ ਨੂੰ 20 ਸਾਲ ਦੀ ਰਿਆਇਤ ਦਿੱਤੇ ਜਾਣ ਨੂੰ ਗ਼ੈਰ-ਸੰਵਿਧਾਨਿਕ ਕਰਾਰ ਦਿੱਤਾ ਹੈ।

ਕੈਨੇਡੀਅਨ ਮਾਈਨ ਨੂੰ ਰਿਆਇਤ ਦਿੱਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਪਨਾਮਾ ਵਿਚ ਕਈ ਹਫ਼ਤਿਆਂ ਤੋਂ ਵੱਡੇ ਪੱਧਰ ‘ਤੇ ਮੁਜ਼ਾਹਰੇ ਹੋ ਰਹੇ ਸਨ। ਵਾਤਾਵਰਣਵਾਦੀਆਂ ਦਾ ਕਹਿਣਾ ਸੀ ਕਿ ਇਸ ਕੌਪਰ ਮਾਈਨਿੰਗ (ਤਾਂਬੇ ਦੀ ਖਾਣ) ਨਾਲ ਜੰਗਲੀ ਤੱਟਵਰਤੀ ਇਲਾਕੇ ਨੂੰ ਖ਼ਤਰਾ ਹੈ ਅਤੇ ਇਸ ਨਾਲ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ।

ਨੌਂ ਜੱਜਾਂ ਦੀ ਅਦਾਲਤ ਨੇ ਚਾਰ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ ਜਿਸ ਨੇ ਪਨਾਮਾ ਦੇ ਝੰਡੇ ਚੁੱਕੀ ਅਦਾਲਤ ਦੇ ਬਾਹਰ ਉਡੀਕ ਕਰ ਰਹੇ ਮੁਜ਼ਾਹਰਾਕਾਰੀਆਂ ਵਿਚ ਖ਼ੁਸ਼ੀ ਭਰ ਦਿੱਤੀ।

ਇੱਕ ਮੁਜ਼ਾਹਰਾਕਾਰੀ, ਰੇਜ਼ਾ ਬੈਨਫ਼ੀਲਡ ਨੇ ਕਿਹਾ, ਅਸੀਂ ਇਸੇ ਦੀ ਉਡੀਕ ਕਰ ਰਹੇ ਸੀ। ਰਾਸ਼ਟਰਪਤੀ ਨੂੰ ਮਾਈਨ ਦਾ ਕੰਮਕਾਜ ਅੱਜ ਹੀ ਮੁਅੱਤਲ ਕਰਨਾ ਚਾਹੀਦਾ ਹੈ

ਮਿਨੇਰਾ ਪਨਾਮਾ ਵੈਨਕੂਵਰ ਅਧਾਰਤ ਫ਼ਸਟ ਕੁਆਂਟਮ ਮਿਨਰਲਜ਼ ਦੀ ਸਬਸਿਡਰੀ ਹੈ।

ਮਾਈਨ ਨੂੰ ਲੈਕੇ ਛਿੜਿਆ ਵਿਵਾਦ ਪਨਾਮਾ ਵਿਚ ਹਾਲ ਹੀ ਦੇ ਸਾਲਾਂ ਵਿਚ ਹੋਏ ਸਭ ਤੋਂ ਵੱਡੇ ਪ੍ਰਦਰਸ਼ਨਾਂ ਵਿਚੋਂ ਇੱਕ ਸੀ। ਮੁਜ਼ਾਹਰਿਆਂ ਦੌਰਾਨ ਮਾਈਨ ਦੇ ਪਾਵਰ ਪਲਾਂਟ ਦੀ ਨਾਕਾਬੰਦੀ ਵੀ ਕੀਤੀ ਗਈ ਸੀ। ਮੁਜ਼ਾਹਰਾਕਾਰੀਆਂ ਨੇ ਪੈਨ ਅਮੈਰੀਕਨ ਹਾਈਵੇਅ ਦੇ ਕੁਝ ਹਿੱਸਿਆਂ ਨੂੰ ਵੀ ਬਲੌਕ ਕਰ ਦਿੱਤਾ ਸੀ, ਜਿਸ ਵਿਚ ਕੋਸਟਾ ਰੀਕਾ ਦੀ ਸਰਹੱਦ ਦੇ ਨਾਲ ਪੈਂਦਾ ਹਿੱਸਾ ਵੀ ਸ਼ਾਮਲ ਹੈ।

ਅਦਾਲਤ ਦਾ ਫ਼ੈਸਲਾ ਆਉਣ ਤੋਂ ਕੁਝ ਸਮੇਂ ਪਹਿਲਾਂ ਹੀ ਮੁਜ਼ਾਹਰਾਕਾਰੀਆਂ ਨੇ ਰੋਡਵੇਅ ਨੂੰ ਖੋਲਿਆ ਸੀ ਤਾਂ ਕਿ ਮਾਲ ਲਿਜਾਉਣ ਵਾਲੇ ਟਰੱਕ ਲੰਘ ਸਕਣ।

ਮਿਨੇਰਾ ਪਨਾਮਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਕੁਝ ਛੋਟੀਆਂ ਕਿਸ਼ਤੀਆਂ ਨੇ ਕੋਲੋਨ ਸੂਬੇ ਵਿੱਚ ਉਸਦੀ ਬੰਦਰਗਾਹ ਨੂੰ ਬਲੌਕ ਕਰ ਦਿੱਤਾ ਸੀ, ਜਿਸ ਨਾਲ ਸਪਲਾਈ ਨੂੰ ਮਾਈਨ ਤੱਕ ਪਹੁੰਚਣ ਤੋਂ ਰੋਕਿਆ ਗਿਆ ਸੀ। ਨੇਵੀ ਪੁਲਿਸ ਅਨੁਸਾਰ ਕੋਲਾ ਲੈ ਕੇ ਜਾ ਰਹੇ ਇੱਕ ਜਹਾਜ਼ ਨੂੰ ਮੁਜ਼ਾਹਰਾਕਾਰੀਆਂ ਦੇ ਇੱਕ ਸਮੂਹ ਵੱਲੋਂ ਪੱਥਰਬਾਜ਼ੀ ਹੋਣ ਤੋਂ ਬਾਅਦ ਵਾਪਸ ਮੁੜਨ ਦਾ ਫ਼ੈਸਲਾ ਕਰਨਾ ਪਿਆ ਸੀ।

ਮੁਜ਼ਾਹਰਾਕਾਰੀਆਂ ਨੂੰ ਪ੍ਰਕਿਰਤੀ ਅਤੇ ਖ਼ਾਸ ਕਰਕੇ ਪਾਣੀ ਦੀ ਸਪਲਾਈ ‘ਤੇ ਇਸ ਮਾਈਨ ਦੇ ਪੈਣ ਵਾਲੇ ਪ੍ਰਭਾਵ ਦਾ ਡਰ ਸੀ। ਇਹ ਮਾਈਨ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਜੋਕਿ ਪਨਾਮਾ ਦੇ ਕੁੱਲ ਘਰੇਲੂ ਉਤਪਾਦ ਦਾ ਤਿੰਨ ਪ੍ਰਤੀਸ਼ਤ ਬਣਦਾ ਹੈ।

ਮਾਰਚ ਵਿੱਚ, ਪਨਾਮਾ ਦੀ ਵਿਧਾਨ ਸਭਾ ਨੇ ਫ਼ਸਟ ਕੁਆਂਟਮ ਨਾਲ ਇੱਕ ਇਕਰਾਰਨਾਮਾ ਕੀਤਾ ਸੀ ਜਿਸ ਤਹਿਤ ਮਿਨੇਰਾ ਪਨਾਮਾ ਨੂੰ ਕੇਂਦਰੀ ਪਨਾਮਾ ਵਿੱਚ ਘੱਟੋ ਘੱਟ 20 ਹੋਰ ਸਾਲਾਂ ਲਈ ਆਪਣੀ ਵਿਸ਼ਾਲ ਤਾਂਬੇ ਦੀ ਖਾਣ ਦਾ ਸੰਚਾਲਨ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ।

ਪਨਾਮਾ ਸਰਕਾਰ ਅਤੇ ਫਸਟ ਕੁਆਂਟਮ ਵਿਚਕਾਰ ਲੋੜੀਂਦੀ ਅਦਾਇਗੀ ਨੂੰ ਲੈ ਕੇ ਗੱਲਬਾਤ ਠੁੱਸ ਹੋਣ ਤੋਂ ਬਾਅਦ ਪਿਛਲੇ ਸਾਲ  ਮਾਈਨ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ।

ਫਿਰ 20 ਅਕਤੂਬਰ ਨੂੰ ਇਕਰਾਰਨਾਮੇ ਨੂੰ ਅੰਤਿਮ ਮਨਜ਼ੂਰੀ ਮਿਲੀ ਜਿਸ ਨੇ ਮਿਨੇਰਾ ਪਨਾਮਾ ਨੂੰ ਰਾਜਧਾਨੀ ਦੇ ਪੱਛਮ ਵਿੱਚ ਐਟਲਾਂਟਿਕ ਤੱਟ 'ਤੇ (Biodiverse) ਜੈਵ-ਵਿਵਿਧ ਜੰਗਲ ਵਿੱਚ ਅਗਲੇ 20 ਸਾਲਾਂ ਲਈ ਖਾਣ ਦਾ ਸੰਚਾਲਨ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ। ਜੇਕਰ ਮਾਈਨ ਉਤਪਾਦਨ ਸਮਰੱਥ ਰਹਿੰਦੀ ਹੈ ਤਾਂ ਇਕਰਾਰਨਾਮੇ ਵਿਚ 20 ਹੋਰ ਸਾਲਾਂ ਦੇ ਸੰਭਾਵਿਤ ਸੰਚਾਲਨ ਦੀ ਵੀ ਵਿਵਸਥਾ ਸੀ।

ਮੁਜ਼ਾਹਰੇ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਲਗਭਗ ਕਾਨੂੰਨ ਪਾਸ ਕਰ ਦਿੱਤਾ ਸੀ ਜਿਸ ਨਾਲ ਇਕਰਾਰਨਾਮੇ ਨੂੰ ਰੱਦ ਕੀਤਾ ਜਾਣਾ ਸੀ, ਪਰ 2 ਨਵੰਬਰ ਨੂੰ ਨੈਸ਼ਨਲ ਅਸੈਂਬਲੀ ਵਿੱਚ ਬਹਿਸ ਦੌਰਾਨ ਸਰਕਾਰ ਨੇ ਪਲਟੀ ਮਾਰ ਲਈ। ਮੁਜ਼ਾਹਰਾਕਾਰੀਆਂ ਦੀ ਆਖਰੀ ਉਮੀਦ ਪਨਾਮਾ ਦੀਆਂ ਅਦਾਲਤਾਂ ਤੋਂ ਇਕਰਾਰਨਾਮੇ ਨੂੰ ਗ਼ੈਰ-ਸੰਵਿਧਾਨਕ ਘੋਸ਼ਿਤ ਕਰਵਾਉਣਾ ਸੀ।

ਅਦਾਲਤ ਦੇ ਫੈਸਲੇ ਦੇ ਜਾਰੀ ਹੋਣ ਤੋਂ ਬਾਅਦ ਇੱਕ ਬਿਆਨ ਵਿੱਚ, ਫਸਟ ਕੁਆਂਟਮ ਨੇ ਕਿਹਾ ਕਿ ਉਹ ਪ੍ਰੋਜੈਕਟ ਨੂੰ ਸਾਰੇ ਪੱਖਾਂ ਲਈ ਕਾਰਗਰ ਬਣਾਉਣ ਲਈ ਵਚਨਬੱਧ ਹੈ।

ਕੰਪਨੀ ਨੇ ਇੱਕ ਬਿਆਨ ਵਿਚ ਕਿਹਾ, ਅਸੀਂ ਦੇਸ਼ ਦੇ ਅੰਦਰ ਆਪਣੇ ਸੰਚਾਲਨ ਦੇ ਸਾਰੇ ਪਹਿਲੂਆਂ ਵਿੱਚ ਨਿਯਮਾਂ ਦੀ ਪਾਲਣਾ ਲਈ ਆਪਣੀ ਅਟੱਲ ਵਚਨਬੱਧਤਾ ਦੀ ਪੁਸ਼ਟੀ ਕਰਨਾ ਚਾਹੁੰਦੇ ਹਾਂ। ਅਸੀਂ ਫੈਸਲੇ ਬਾਰੇ ਹੋਰ ਵੇਰਵੇ ਜਨਤਕ ਕੀਤੇ ਜਾਣ ’ਤੇ ਇਸ ਬਾਰੇ ਟਿੱਪਣੀ ਕਰਾਂਗੇ

ਦ ਅਸੋਸੀਏਟੇਡ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ