1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਮੌਂਟਰੀਅਲ ਦੇ ਇੱਕ ਯਹੂਦੀ ਕਮਿਊਨਿਟੀ ਸੈਂਟਰ ‘ਤੇ ਸੁੱਟਿਆ ਗਿਆ ‘ਮੋਲੋਟੋਵ ਕਾਕਟੇਲ’, ਪੁਲਿਸ ਜਾਂਚ ਸ਼ੁਰੂ

ਯਹੂਦੀ ਭਾਈਚਾਰਾ ਸੁਰੱਖਿਆ ਮੁੱਦੇ 'ਤੇ ਗੱਲ ਕਰਨ ਲਈ ਸੈਂਟਰ ਵਿਚ ਇੱਕਠਾ ਹੋਇਆ ਸੀ

ਸੋਮਵਾਰ ਸਵੇਰੇ ਯਹੂਦੀ ਕੇਂਦਰ, ਜੂਇਸ਼ ਕਮਿਉਨਿਟੀ ਕੌਂਸਲ ਔਫ਼ ਮੌਂਟਰੀਅਲ ਵਿੱਖੇ ਮੋਲੋਟੋਵ ਕਾਕਟੇਲ ਸੁੱਟਿਆ ਗਿਆ।

ਸੋਮਵਾਰ ਸਵੇਰੇ ਯਹੂਦੀ ਕੇਂਦਰ, ਜੂਇਸ਼ ਕਮਿਉਨਿਟੀ ਕੌਂਸਲ ਔਫ਼ ਮੌਂਟਰੀਅਲ ਵਿੱਖੇ ਮੋਲੋਟੋਵ ਕਾਕਟੇਲ ਸੁੱਟਿਆ ਗਿਆ।

ਤਸਵੀਰ: Radio-Canada / Stéphane Grégoire

RCI

ਮੌਂਟਰੀਅਲ ਦੇ ਇੱਕ ਯਹੂਦੀ ਕਮਿਊਨਿਟੀ ਸੈਂਟਰ ਵਿੱਖੇ ਸੋਮਵਾਰ ਸਵੇਰੇ ‘ਮੋਲੋਟੋਵ ਕਾਕਟੇਲ’ ਸੁੱਟੇ ਜਾਣ ਦੀ ਘਟਨਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਮੋਲੋਟੋਵ ਕਾਕਟੇਲ ਅੱਗ ਲਾਉਣ ਵਾਲਾ ਦੇਸੀ ਹਥਿਆਰ ਹੁੰਦਾ ਹੈ ਜੋ ਕੱਚ ਦੀਆਂ ਬੋਤਲਾਂ ਵਿੱਚ ਜਲਣਸ਼ੀਲ ਪਦਾਰਥ ਭਰ ਕੇ ਬਣਾਇਆ ਜਾਂਦਾ ਹੈ।

ਮੌਂਟਰੀਅਲ ਪੁਲਿਸ (SPVM) ਦੇ ਬੁਲਾਰੇ ਯੌਂ-ਪੀਅਰ ਬਰਾਬੈਂਟ ਨੇ ਦੱਸਿਆ ਕਿ ਸੋਮਵਾਰ ਤੜਕੇ 1 ਵਜੇ 911 ‘ਤੇ ਕਾਲ ਕਰਕੇ ਡਿਕੇਰੀ ਬੁਲੇਵਾਰਡ ‘ਤੇ ਸਥਿਤ ਇਮਾਰਤ ਦੇ ਮੁੱਖ ਦਰਵਾਜ਼ੇ ਰਾਹੀਂ ਇੱਕ ਬਲ਼ਦਾ ਯੰਤਰ ਸੁੱਟੇ ਜਾਣ ਬਾਰੇ ਸੂਚਿਤ ਕੀਤਾ ਗਿਆ ਸੀ।

ਜੂਇਸ਼ ਕਮਿਉਨਿਟੀ ਕੌਂਸਲ ਔਫ਼ ਮੌਂਟਰੀਅਲ ਦੇ ਕਾਰਜਕਾਰੀ ਨਿਰਦੇਸ਼ਕ, ਰੈਬਾਈ ਸੌਲ ਇਮੈਨੁਅਲ ਨੇ ਦੱਸਿਆ ਕਿ ਇਮਾਰਤ ਦੇ ਤਿੰਨ ਦਾਖ਼ਲਿਆਂ ਵਿਚੋਂ ਇੱਕ ਨੂੰ ਨੁਕਸਾਨ ਪਹੁੰਚਿਆ ਹੈ, ਪਰ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ।

ਉਨ੍ਹਾਂ ਦੱਸਿਆ ਕਿ ਜ਼ਮੀਨ ਦੇ ਕੁਝ ਹਿੱਸੇ, ਕੰਧ ਅਤੇ ਫ਼ਰੰਟ ਦਰਵਾਜ਼ੇ ਦੇ ਗਲਾਸ ਪੈਨਲ ਨੂੰ ਅੱਗ ਨਾਲ ਨੁਕਸਾਨ ਪਹੁੰਚਿਆ ਹੈ।

ਪੁਲਿਸ ਦੀ ਅੱਗ ਨਾਲ ਜੁੜੀਆਂ ਘਟਨਾਵਾਂ ਦੀ ਇਕਾਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਬਾਰੇ ਹੇਟ ਕਰਾਈਮ ਯੂਨਿਟ ਨੂੰ ਸੂਚਿਤ ਕੀਤਾ ਗਿਆ ਹੈ, ਪਰ ਜਾਂਚ ਵਿਚ ਫਿਲਹਾਲ ਇਹ ਇਕਾਈ ਸਰਗਰਮੀ ਨਾਲ ਸ਼ਾਮਲ ਨ੍ਹੀਂ ਹੈ।

ਪੁਲਿਸ ਨੇ ਦੱਸਿਆ ਕਿ ਇਲਾਕੇ ਦੀ ਸੀਸੀਟੀਵੀ ਫ਼ੁਟੇਜ ਦੇਖੀ ਜਾ ਰਹੀ ਹੈ।

ਲੋਕਲ ਲਿਬਰਲ ਐਮਪੀ ਐਂਥਨੀ ਹਾਊਸਫ਼ਾਦਰ, ਜੋਕਿ ਮਾਊਂਟ ਰੌਇਲ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਹਨ, ਵੀ ਘਟਨਾ ਸਮੇਂ ਸੈਂਟਰ ਵਿਚ ਮੌਜੂਦ ਸਨ। ਉਹਨਾਂ ਕਿਹਾ ਕਿ ਜਿੰਨੀ ਵਾਰੀ ਕੈਨੇਡਾ ਭਰ ਵਿਚ ਯਹੂਦੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ, ਯਹੂਦੀ ਭਾਈਚਾਰੇ ਦੇ ਮੈਂਬਰਾਂ ਵਿਚ ਡਰ ਪੈਦਾ ਹੋ ਗਿਆ ਹੈ।

ਇਸ ਤੋਂ ਪਹਿਲਾਂ ਵੀ ਮੌਂਟਰੀਅਲ ਵਿਚ ਇੱਕ ਯਹੂਦੀ ਧਾਰਮਿਕ ਸਥਾਨ ਅਤੇ ਯਹੂਦੀ ਸੰਗਠਨ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ ਅਤੇ ਦੋ ਯਹੂਦੀ ਸਕੂਲਾਂ ‘ਤੇ ਵੀ ਗੋਲੀਆਂ ਨਾਲ ਹਮਲਾ ਹੋਣ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ।

ਮੌਂਟਰੀਅਲ ਦੀ ਮੇਅਰ ਵੇਲੈਰੀ ਪਲਾਂਟ ਨੇ ਸੋਮਵਾਰ ਨੂੰ ਯਹੂਦੀ ਭਾਈਚਾਰੇ ਪ੍ਰਤੀ ਆਪਣਾ ਸਮਰਥਨ ਪ੍ਰਗਟਾਉਂਦਿਆਂ ਕਿਹਾ ਕਿ ਪੁਲਿਸ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਨੱਥ ਪਾਉਣ ਲਈ ਸਖ਼ਤ ਯਤਨ ਕਰ ਰਹੀ ਹੈ।

ਮੇਅਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ, ਮੌਂਟਰੀਅਲ ਇੱਕ ਸ਼ਮੂਲੀਅਤ ਵਾਲਾ ਅਤੇ ਸ਼ਾਂਤੀ ਦਾ ਸ਼ਹਿਰ ਹੈ। ਇਸਨੂੰ ਅਜਿਹਾ ਹੀ ਰਹਿਣਾ ਚਾਹੀਦਾ ਹੈ ਅਤੇ ਅਸੀਂ ਅਜਿਹਾ ਯਕੀਨੀ ਬਣਾਵਾਂਗੇ

ਇਮੈਨੂਅਲ ਅਤੇ ਹਾਊਸਫ਼ਾਦਰ ਦੋਵਾਂ ਨੇ ਯਹੂਦੀ ਸੰਸਥਾਵਾਂ ਦੀ ਹਿਫ਼ਾਜ਼ਤ ਲਈ ਪੁਲਿਸ ਨੂੰ ਹੋਰ ਕਾਰਵਾਈ ਕਰਨ ਅਤੇ ਪੁਲਿਸ ਨੂੰ ਹੋਰ ਸਰੋਤ ਉਪਲਬਧ ਕਰਵਾਏ ਜਾਣ ਦੀ ਮੰਗ ਕੀਤੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ