1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

‘ਸੰਜਮ ਵਰਤਣ’ ਦੀ ਗੱਲ ਆਖ ਕੇ ਟ੍ਰੂਡੋ ਨੇ ਇਜ਼ਰਾਈਲ ਨੂੰ ਨਾਰਾਜ਼ ਕੀਤਾ: ਇਜ਼ਰਾਈਲੀ ਰਾਸ਼ਟਰਪਤੀ

ਇਸਾਕ ਹਰਜ਼ੋਗ ਦਾ ਕਹਿਣਾ ਹੈ ਕਿ ਇਜ਼ਰਾਈਲ ਗਾਜ਼ਾ ਵਿੱਚ ਆਮ ਲੋਕਾਂ ਦੀ ਪਰਵਾਹ ਕਰਦਾ ਹੈ ਪਰ ਉਹ ‘ਬੁਰਾਈ ਦੇ ਸਾਮਰਾਜ’ ਨਾਲ ਲੜ ਰਿਹਾ ਹੈ

ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ

ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ

ਤਸਵੀਰ: Associated Press / Heinz-Peter Bader

RCI

ਇਜ਼ਰਾਈਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਸ ਮਹੀਨੇ ਇਜ਼ਰਾਈਲ ਨੂੰ ਗਾਜ਼ਾ ਵਿਚ ਫ਼ੌਜੀ ਕਾਰਵਾਈ ਦੌਰਾਨ ਵੱਧ ਤੋਂ ਵੱਧ ਸੰਜਮ ਵਰਤਣ ਦੀ ਗੱਲ ਆਖ ਕੇ ਨਾਰਾਜ਼ ਕੀਤਾ ਹੈ।

ਹਰਜ਼ੋਗ ਨੇ ਸੀਬੀਸੀ ਦੇ ਦ ਨੈਸ਼ਨਲ ਨਾਲ ਗੱਲ ਕਰਦਿਆਂ ਕਿਹਾ, ਅਸੀਂ ਟ੍ਰੂਡੋ ਦੀਆਂ ਟਿੱਪਣੀਆਂ ਤੋਂ ਨਾਰਾਜ਼ ਹੋਏ ਕਿਉਂਕਿ ਮੈਂ ਖ਼ੁਦ ਟ੍ਰੂਡੋ ਨਾਲ ਇੱਕ ਹਫ਼ਤਾ ਪਹਿਲਾਂ ਹੀ ਗੱਲ ਕੀਤੀ ਸੀ ਜਿਸ ਦੌਰਾਨ ਟ੍ਰੂਡੋ ਨੇ ਗਾਜ਼ਾ ਚੋਂ ਕੈਨੇਡੀਅਨ ਨਾਗਰਿਕਾਂ ਨੂੰ ਬਾਹਰ ਨਿਕਲਣ ਦੇ ਸਮਰੱਥ ਬਣਾਉਣ ਬਾਰੇ ਮੇਰੇ ਨਾਲ ਗੱਲ ਕੀਤੀ ਸੀ, ਅਤੇ ਇਜ਼ਰਾਈਲ ਨੇ ਇਸਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਇਸਨੂੰ ਇੱਕ ਤਰਜੀਹ ਬਣਾਇਆ ਹੈ

ਇਜ਼ਰਾਈਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਜ਼ਰਾਈਲ ਸੱਚਮੁੱਚ ਗਾਜ਼ਾ ਵਿੱਚ ਨਾਗਰਿਕਾਂ ਦੀ ਪਰਵਾਹ ਕਰਦਾ ਹੈ ਅਤੇ ਉਹਨਾਂ ਨੂੰ ਭੱਜਣ ਦਾ ਸਮਾਂ ਦੇਣ ਲਈ ਪਰਚੇ, ਟੈਕਸਟ ਸੰਦੇਸ਼ਾਂ ਅਤੇ ਹੋਰ ਤਰੀਕਿਆਂ ਦੁਆਰਾ ਆਉਣ ਵਾਲੇ ਹਮਲਿਆਂ ਬਾਰੇ ਚੇਤਾਵਨੀ ਦਿੰਦਾ ਹੈ।

ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਕਿਰਪਾ ਕਰਕੇ ਆਪਣੇ ਅਹਾਤੇ ਤੋਂ ਬਾਹਰ ਚਲੇ ਜਾਓ, ਕਿਉਂਕਿ ਤੁਹਾਡੇ ਅਹਾਤੇ ਤੋਂ ਸਾਡੇ ਵਿਰੁੱਧ ਮਿਜ਼ਾਈਲਾਂ ਦਾਗੀਆਂ ਗਈਆਂ ਸਨ, ਤੁਹਾਡੇ ਅਹਾਤੇ ਤੋਂ, ਤੁਹਾਡੇ ਘਰਾਂ ਤੋਂ, ਤੁਹਾਡੀਆਂ ਦੁਕਾਨਾਂ ਤੋਂ, ਤੁਹਾਡੀਆਂ ਮਸਜਿਦਾਂ ਤੋਂ ਅੱਤਵਾਦੀ ਕਾਰਵਾਈਆਂ ਹੋਈਆਂ ਸਨ

ਹਰਜ਼ੋਗ ਨੇ ਕਿਹਾ ਕਿ 7 ਅਕਤੂਬਰ ਦਾ ਹਮਲਾ - ਜਿਸ ਵਿਚ ਹਮਾਸ ਨੇ ਲਗਭਗ 1,200 ਇਜ਼ਰਾਈਲੀਆਂ ਨੂੰ ਮਾਰਿਆ ਅਤੇ ਸੈਂਕੜੇ ਨਾਗਰਿਕਾਂ ਨੂੰ ਬੰਧਕ ਬਣਾ ਲਿਆ - ਇੱਕ ਬੁਰਾਈ ਦੇ ਸਾਮਰਾਜ ਦਾ ਕੰਮ ਸੀ ਜਿਹਨਾਂ ਦਾ ਆਪਣੇ ਦੇਸ਼ ਤੋਂ ਪਰਾਂ ਪੈਰ ਪਸਾਰਣ ਦਾ ਇਰਾਦਾ ਹੈ।

ਫ਼ਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਈਲ ਦੁਆਰਾ ਹਮਾਸ, ਜਿਸਨੂੰ ਕੈਨੇਡਾ ਸਰਕਾਰ ਦੁਆਰਾ ਇੱਕ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਗਿਆ ਹੈ, ਦੇ ਵਿਰੁੱਧ ਆਪਣੀ ਜਵਾਬੀ ਕਾਰਵਾਈ ਵਿੱਚ ਗਾਜ਼ਾ ਵਿਚ 14,000 ਤੋਂ ਵੱਧ ਲੋਕ ਮਾਰੇ ਗਏ ਹਨ।

ਟ੍ਰੂਡੋ ਨੇ ਸਪੱਸ਼ਟ ਤੌਰ 'ਤੇ ਜੰਗਬੰਦੀ ਦੀ ਮੰਗ ਨਹੀਂ ਕੀਤੀ ਅਤੇ ਇਸ ਦੀ ਬਜਾਏ ਗਾਜ਼ਾ ਵਿੱਚ ਮਾਨਵਤਾਵਾਦੀ ਸਹਾਇਤਾ ਦੀ ਆਗਿਆ ਦੇਣ ਲਈ ਲੜਾਈ ਨੂੰ ਅਸਥਾਈ ਵਿਰਾਮ ਦੇਣ ‘ਤੇ ਜ਼ੋਰ ਦਿੱਤਾ ਹੈ।

ਇਸ ਮਹੀਨੇ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਜ਼ਰਾਈਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਗਾਜ਼ਾ ਵਿਚ ਹਮਾਸ ਖ਼ਿਲਾਫ਼ ਚਲ ਰਹੀ ਜੰਗ ਦੌਰਾਨ ਮਾਸੂਮ ਜ਼ਿੰਦਗੀਆਂ ਸੁਰੱਖਿਅਤ ਹੋਣੀਆਂ ਚਾਹੀਦੀਆਂ ਹਨ।

ਟ੍ਰੂਡੋ ਨੇ ਕਿਹਾ ਸੀ ਕਿ ਦੁਨੀਆ ਔਰਤਾਂ ਅਤੇ ਬੱਚਿਆਂ ਦੀ ਕਤਲੋਗਾਰਤ ਦੇਖ ਰਹੀ ਹੈ ਅਤੇ ਇਹ ਰੁਕਣਾ ਚਾਹੀਦਾ ਹੈ।

ਉਨ੍ਹਾਂ ਅਪੀਲ ਕੀਤੀ ਸੀ ਕਿ ਇਜ਼ਰਾਈਲ ਆਮ ਜ਼ਿੰਦਗੀਆਂ ਬਚਾਉਣ ਲਈ ਵੱਧ ਤੋਂ ਵੱਧ ਸੰਜਮ ਦੀ ਵਰਤੋਂ ਕਰੇ

ਉਨ੍ਹਾਂ ਕਿਹਾ ਸੀ, “ਗਾਜ਼ਾ ਵਿਚ ਨਜ਼ਰ ਆ ਰਹੀ ਮਨੁੱਖੀ ਤ੍ਰਾਸਦੀ ਦਿਲ-ਦਹਿਲਾਉਣ ਵਾਲੀ ਹੈ, ਖ਼ਾਸ ਤੌਰ ‘ਤੇ ਜਿਹੜੇ ਮੰਜ਼ਰ ਅਸੀਂ ਅਲ ਸ਼ਿਫ਼ਾ ਹਸਪਤਾਲ ਅਤੇ ਉਸਦੇ ਆਲੇ ਦੁਆਲੇ ਦੇਖ ਰਹੇ ਹਾਂ”।

ਟ੍ਰੂਡੋ ਨੇ ਇਹ ਵੀ ਕਿਹਾ ਕਿ ਹਮਾਸ ਨੂੰ ਫ਼ਲਸਤੀਨੀਆਂ ਨੂੰ ਮਨੁੱਖੀ ਢਾਲ ਵੱਜੋਂ ਵਰਤਣਾ ਬੰਦ ਕਰਨਾ ਚਾਹੀਦਾ ਹੈ ਅਤੇ ਤੁਰੰਤ ਤੇ ਬਗ਼ੈਰ ਕਿਸੇ ਸ਼ਰਤ ਦੇ ਸਾਰੇ ਬੰਧਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ।

ਇਜ਼ਰਾਈਲ ਦਾ ਮੋੜਵਾਂ ਜਵਾਬ

ਟ੍ਰੂਡੋ ਦੀ ਟਿੱਪਣੀ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤੁਰੰਤ ਮੋੜਵਾਂ ਜਵਾਬ ਦਿੱਤਾ ਸੀ।

ਨੇਤਨਯਾਹੂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ X ‘ਤੇ ਪੋਸਟ ਕੀਤਾ ਸੀ ਕਿ , ਇਜ਼ਰਾਈਲ ਜਾਣਬੁੱਝ ਕੇ ਆਮ ਲੋਕਾਂ ਨੂੰ ਟਾਰਗੇਟ ਨਹੀਂ ਕਰ ਰਿਹਾ ਸਗੋਂ ਉਹ ਹਮਾਸ ਸੀ ਜਿਸਨੇ ਆਮ ਲੋਕਾਂ ਦੀ ਕਤਲੋਗਾਰਤ ਕੀਤੀ, ਉਨ੍ਹਾਂ ਨੂੰ ਸਾੜਿਆ, ਜੋਕਿ ਘੱਲੂਘਾਰੇ ਤੋਂ ਬਾਅਦ ਯਹੂਦੀਆਂ ਖ਼ਿਲਾਫ਼ ਹੋਈ ਸਭ ਤੋਂ ਭਿਆਨਕ ਹਿੰਸਾ ਹੈ

ਨੇਤਨਯਾਹੂ ਨੇ ਲਿਖਿਆ ਕਿ ਇਜ਼ਰਾਈਲ ਨਹੀਂ ਹਮਾਸ ਨੂੰ ਦੁਹਰੇ ਜੰਗੀ ਅਪਰਾਧਾਂ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ - ਇੱਕ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ, ਦੂਸਰਾ ਆਮ ਨਾਗਰਿਕਾਂ ਪਿੱਛੇ ਲੁਕਣ ਲਈ

ਟ੍ਰੂਡੋ ਦੇ ਸ਼ਬਦਾਂ ਦੀ ਇੱਕ ਸਾਬਕਾ ਲਿਬਰਲ ਐਮਪੀ ਮਾਈਕਲ ਲੇਵਿਟ ਨੇ ਵੀ ਆਲੋਚਨਾ ਕੀਤੀ ਸੀ। ਮਾਈਕਲ ਲੇਵਿਟ ਹੁਣ ਇੱਕ ਯਹੂਦੀ ਅਧਿਕਾਰ ਸਮੂਹ, ਫ੍ਰੈਂਡਜ਼ ਔਫ਼ ਸਾਈਮਨ ਵਿਜ਼ਨਥੈਲ ਸੈਂਟਰ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਹਨ।

ਲੇਵਿਟ ਨੇ ਕਿਹਾ ਕਿ ਟ੍ਰੂਡੋ ਦੇ ਇਜ਼ਰਾਈਲ ਵਿਰੁੱਧ ਲਾਪਰਵਾਹ ਦੋਸ਼ ਬੇਹੱਦ ਚਿੰਤਾਜਨਕ ਹਨ

ਲੇਵਿਟ ਨੇ ਕਿਹਾ ਸੀ ਕਿ ਟ੍ਰੂਡੋ ਦੀਆਂ ਟਿੱਪਣੀਆਂ ਯਹੂਦੀਆਂ ਖ਼ਿਲਾਫ਼ ਨਫ਼ਰਤ ਨੂੰ ਹੁਲਾਰਾ ਦੇਣ ਦੇ ਸਮਰੱਥ ਸਨ।

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ