1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਹਥਿਆਰਬੰਦ ਵਿਵਾਦ

ਇਜ਼ਰਾਈਲ-ਹਮਾਸ ਵਿਚਾਲੇ ਯੁੱਧ ਵਿਰਾਮ ਦੀ ਮਿਆਦ ਦੋ ਹੋਰ ਦਿਨਾਂ ਲਈ ਵਧੀ: ਕਤਰ

ਸ਼ੁੱਕਰਵਾਰ ਤੋਂ ਯੁੱਧ ਵਿਰਾਮ ਸ਼ੁਰੂ ਹੋਇਆ ਸੀ

ਸੋਮਵਾਰ ਨੂੰ ਫ਼ਲਸਤੀਨੀ ਲੋਕ ਉੱਤਰੀ ਗਾਜ਼ਾ ਚੋਂ ਦੱਖਣ ਵੱਲ ਜਾਂਦੇ ਹੋਏ ਅਤੇ ਐਮਬੂਲੈਂਸਾਂ ਉੱਤਰੀ ਗਾਜ਼ਾ ਵੱਲ ਜਾਂਦੀਆਂ ਹੋਈਆਂ।

ਸੋਮਵਾਰ ਨੂੰ ਫ਼ਲਸਤੀਨੀ ਲੋਕ ਉੱਤਰੀ ਗਾਜ਼ਾ ਚੋਂ ਦੱਖਣ ਵੱਲ ਜਾਂਦੇ ਹੋਏ ਅਤੇ ਐਮਬੂਲੈਂਸਾਂ ਉੱਤਰੀ ਗਾਜ਼ਾ ਵੱਲ ਜਾਂਦੀਆਂ ਹੋਈਆਂ।

ਤਸਵੀਰ: Reuters / Ibraheem Abu Mustafa

RCI

ਕਤਰ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਗਾਜ਼ਾ ਵਿਚ ਯੁੱਧ ਵਿਰਾਮ ਦੀ ਮਿਆਦ ਦੋ ਹੋਰ ਦਿਨਾਂ ਲਈ ਵਧ ਗਈ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ਗਾਜ਼ਾ ਪੱਟੀ ਵਿੱਚ ਮਾਨਵਤਾਵਾਦੀ ਯੁੱਧ ਵਿਰਾਮ ਨੂੰ ਹੋਰ ਦੋ ਦਿਨਾਂ ਲਈ ਵਧਾਉਣ ਬਾਬਤ ਸਮਝੌਤਾ ਹੋਇਆ ਹੈ

ਹਮਾਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਪਿਛਲੇ ਚਾਰ ਦਿਨਾਂ ਦੀ ਜੰਗਬੰਦੀ ਦੀਆਂ ਸ਼ਰਤਾਂ ‘ਤੇ ਹੀ ਇਜ਼ਰਾਈਲ ਨਾਲ ਜੰਗਬੰਦੀ ਦੇ ਦੋ ਹੋਰ ਦਿਨਾਂ ਦੇ ਵਾਧੇ ਲਈ ਸਹਿਮਤ ਹੋ ਗਿਆ ਹੈ।

ਇਸ ਤੋਂ ਪਹਿਲਾਂ ਮਿਸਰ ਦੇ ਸੁਰੱਖਿਆ ਸੂਤਰਾਂ ਨੇ ਕਿਹਾ ਸੀ ਕਿ ਹਮਾਸ ਚਾਰ ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕਰ ਰਿਹਾ ਹੈ ਜਦ ਕਿ ਇਜ਼ਰਾਈਲ ਦਿਨ-ਬ-ਦਿਨ ਮਿਆਦ ਵਾਧਾ ਲੋਚਦਾ ਹੈ। 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਵਿੱਚ ਹਮਾਸ ਦੇ ਹਮਲਿਆਂ ਤੋਂ ਬਾਅਦ ਮਿਸਰ, ਕਤਰ ਅਤੇ ਅਮਰੀਕਾ ਵਿਚੋਲੇ ਵਜੋਂ ਕੰਮ ਕਰ ਰਹੇ ਹਨ।

ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਵ੍ਹਾਈਟ ਹਾਊਸ ਨੇ ਵਿਰਾਮ ਦਾ ਸਵਾਗਤ ਕੀਤਾ ਹੈ ਅਤੇ ਉਹਨਾਂ ਨੇ ਇਸ ਵਿਰਾਮ ਨੂੰ ਦੋ ਦਿਨਾਂ ਤੋਂ ਅੱਗੇ ਹੋਰ ਵਧਾਏ ਜਾਣ ਲਈ ਵੀ ਉਮੀਦ ਵਿਅਕਤ ਕੀਤੀ।

ਇਜ਼ਰਾਈਲੀ ਸਰਕਾਰ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਅਜੇ 184 ਬੰਧਕ ਹਨ, ਜਿਹਨਾਂ ਵਿੱਚ 14 ਵਿਦੇਸ਼ੀ ਅਤੇ ਦੋਹਰੀ ਨਾਗਰਿਕਤਾ ਵਾਲੇ 80 ਇਜ਼ਰਾਈਲੀ ਸ਼ਾਮਲ ਹਨ।

ਸੋਮਵਾਰ ਨੂੰ ਹੀ, ਇਜ਼ਰਾਈਲ ਦੁਆਰਾ ਕੈਦ ਕੀਤੇ ਗਏ ਫਲਸਤੀਨੀਆਂ ਦੇ ਬਦਲੇ ਹਮਾਸ ਦੁਆਰਾ ਬੰਧੀ ਬਣਾਏ ਲੋਕਾਂ ਦੀ ਚੌਥੀ ਅਦਲਾ-ਬਦਲੀ ਤੈਅ ਕੀਤੀ ਗਈ ਹੈ।

ਐਤਵਾਰ ਨੂੰ ਹਮਾਸ ਨੇ 17 ਬੰਧਕਾਂ ਨੂੰ ਰਿਹਾਅ ਕੀਤਾ ਜਿਸ ਵਿਚ 4 ਸਾਲ ਦੀ ਅਮਰੀਕੀ-ਇਜ਼ਰਾਈਲੀ ਬੱਣੀ ਅਬੀਗੇਲ ਈਡਨ ਵੀ ਸ਼ਾਮਲ ਹੈ, ਜਿਸਦੇ ਮਾਂ-ਬਾਪ 7 ਅਕਤੂਬਰ ਦੇ ਹਮਾਸ ਹਮਲੇ ਵਿਚ ਮਾਰੇ ਗਏ ਸਨ। ਹਮਾਸ ਵੱਲੋਂ ਹੁਣ ਤੱਕ ਕੁਲ 58 ਬੰਧੀਆਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ ਅਤੇ 117 ਫ਼ਲਸਤੀਨੀ ਇਜ਼ਰਾਈਲ ਵੱਲੋਂ ਰਿਹਾਅ ਕੀਤੇ ਗਏ ਹਨ।

ਇਜ਼ਰਾਈਲ ਅਤੇ ਹਮਾਸ ਵਿਚਕਾਰ ਸ਼ੁੱਕਰਵਾਰ ਨੂੰ ਚਾਰ ਦਿਨਾਂ ਦੀ ਇੱਕ ਅਸਥਾਈ ਜੰਗਬੰਦੀ ਸ਼ੁਰੂ ਹੋਈ ਸੀ, ਜਿਸ ਤਹਿਤ ਫ਼ਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਹਮਾਸ ਵੱਲੋਂ ਬੰਧੀ ਬਣਾਏ ਗਏ ਲੋਕਾਂ ਵਿਚੋਂ ਕੁਝ ਨੂੰ ਰਿਹਾਅ ਕੀਤਾ ਜਾ ਰਿਹਾ ਹੈ।

7 ਅਕਤੂਬਰ ਨੂੰ ਫ਼ਲਸਤੀਨ ਦੇ ਲੜਾਕੂ ਧੜੇ ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ ਸੀ ਜਿਸ ਵਿਚ ਕਰੀਬ 1,200 ਲੋਕ ਮਾਰੇ ਗਏ ਸਨ ਅਤੇ ਕਰੀਬ 240 ਲੋਕਾਂ ਨੂੰ ਬੰਧੀ ਬਣਾ ਲਿਆ ਗਿਆ ਸੀ।

ਇਜ਼ਰਾਈਲੀ ਫ਼ੌਜ ਨੇ ਵੀ ਜ਼ਬਰਦਸਤ ਜਵਾਬੀ ਕਾਰਵਾਈ ਕੀਤੀ ਅਤੇ ਗਾਜ਼ਾ ਪੱਟੀ ਦੀ ਘੇਰਾਬੰਦੀ ਕਰ ਰੱਖੀ ਸੀ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਇਜ਼ਰਾਈਲੀ ਬੰਬਾਰੀ ਵਿਚ 14,800 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਅਸਥਾਈ ਜੰਗਬੰਦੀ ਜਾਰੀ ਰਹਿ ਸਕਦੀ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੇ ਬੰਧਕਾਂ ਦੀ ਰਿਹਾਈ ਬਾਰੇ ਬਾਈਡਨ ਨਾਲ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਹੋਰ ਬੰਧਕਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਅਸਥਾਈ ਜੰਗਬੰਦੀ ਨੂੰ ਵਧਾਉਣ ਦਾ ਸਵਾਗਤ ਕਰਨਗੇ।

ਹਾਲਾਂਕਿ, ਨੇਤਨਯਾਹੂ ਨੇ ਕਿਹਾ ਕਿ ਇੱਕ ਵਾਰ ਜੰਗਬੰਦੀ ਖ਼ਤਮ ਹੋਣ ਤੋਂ ਬਾਅਦ ਉਹ ਹਮਾਸ ਨੂੰ ਖ਼ਤਮ ਕਰਨ ਅਤੇ ਆਪਣੇ ਸਾਰੇ ਬੰਧਕਾਂ ਦੀ ਰਿਹਾਈ ਦੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੂਰੀ ਤਾਕਤ ਨਾਲ ਵਾਪਸੀ ਕਰਨਗੇ।

ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Associated Press ਅਤੇ CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ