1. ਮੁੱਖ ਪੰਨਾ
  2. ਸਮਾਜ

ਓਨਟੇਰਿਓ ਵਿਚ ਫ਼ੂਡ ਬੈਂਕਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 38% ਵਧੀ: ਰਿਪੋਰਟ

ਨੌਕਰੀ ਕਰਨ ਵਾਲੇ ਲੋਕਾਂ ਦੀ ਵੀ ਫ਼ੂਡ ਬੈਂਕਾਂ ਵਿਚ ਆਮਦ ਵਧੀ

ਔਟਵਾ ਦੇ ਕਨਾਟਾ ਫ਼ੂਡ ਕਪਬੋਰਡ ਵਿਚ ਸ਼ੈਲਫ਼ਾਂ ਵਿਚ ਰੱਖੇ ਖਾਣੇ ਦੇ ਡੱਬਿਆਂ ਦੀ ਪੁਰਾਣੀ ਤਸਵੀਰ।

ਔਟਵਾ ਦੇ ਕਨਾਟਾ ਫ਼ੂਡ ਕਪਬੋਰਡ ਵਿਚ ਸ਼ੈਲਫ਼ਾਂ ਵਿਚ ਰੱਖੇ ਖਾਣੇ ਦੇ ਡੱਬਿਆਂ ਦੀ ਪੁਰਾਣੀ ਤਸਵੀਰ।

ਤਸਵੀਰ:  (Adrian Wyld/The Canadian Press)

RCI

ਇੱਕ ਨਵੀਂ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਪਿਛਲੇ ਸਾਲ ਓਨਟੇਰਿਓ ਦੇ ਫ਼ੂਡ ਬੈਂਕਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 38 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜੋ ਕਿ ਸੂਬੇ ਦੇ ਫੂਡ ਬੈਂਕ ਨੈਟਵਰਕ ਦੁਆਰਾ ਰਿਕਾਰਡ ਕੀਤਾ ਗਿਆ ਇੱਕ ਸਾਲ ਦਾ ਸਭ ਤੋਂ ਵੱਡਾ ਵਾਧਾ ਹੈ।

ਭੁੱਖਮਰੀ ਰਾਹਤ ਸੰਗਠਨਾਂ ਦੇ ਇੱਕ ਸਮੂਹ, ਫ਼ੀਡ ਓਨਟੇਰਿਓ, ਦੀ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ 1 ਅਪ੍ਰੈਲ, 2022 ਅਤੇ 31 ਮਾਰਚ, 2023 ਦਰਮਿਆਨ 800,000 ਤੋਂ ਵੱਧ ਲੋਕਾਂ ਨੇ ਐਮਰਜੈਂਸੀ ਭੋਜਨ ਸਹਾਇਤਾ ਦਾ ਸਹਾਰਾ ਲਿਆ।

ਰਿਪੋਰਟ ਅਨੁਸਾਰ ਉਸ ਸਮੇਂ ਵਿੱਚ ਫੂਡ ਬੈਂਕਾਂ ਵਿਚ ਆਉਣ ਵਾਲੇ ਲੋਕਾਂ ਦੀ ਕੁਲ ਗਿਣਤੀ ਵੀ ਵਧੀ। ਕੁੱਲ 5.9 ਮਿਲੀਅਨ ਤੋਂ ਵੱਧ ਲੋਕਾਂ ਦੀ ਫ਼ੂਡ ਬੈਂਕਾਂ ਵਿਚ ਆਮਦ ਹੋਈ ਜੋਕਿ ਪਿਛਲੇ ਸਾਲ ਨਾਲੋਂ 36 ਪ੍ਰਤੀਸ਼ਤ ਵੱਧ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਹਿਲੀ ਵਾਰੀ ਇਨ੍ਹਾਂ ਫ਼ੂਡ ਬੈਂਕਾਂ ਵਿਚ ਜਾਣ ਵਾਲੇ ਲੋਕਾਂ ਦੀ ਵਧੀ ਗਿਣਤੀ ਕਾਰਨ ਇਹ ਵਾਧਾ ਦਰਜ ਹੋਇਆ ਹੈ। ਫ਼ੂਡ ਬੈਂਕ ਜਾਣ ਵਾਲੇ ਹਰ ਪੰਜ ਲੋਕਾਂ ਚੋਂ ਪਹਿਲੀ ਵਾਰੀ ਜਾਣ ਵਾਲਿਆਂ ਦੀ ਗਿਣਤੀ ਦੋ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 41% ਵਾਧਾ ਹੈ।

ਰਿਪੋਰਟ ਵਿਚ ਸਮਾਜਿਕ ਸਹਾਇਤਾ ਪ੍ਰੋਗਰਾਮਾਂ ਦੇ ਖ਼ਾਤਮੇ, ਕਿਫ਼ਾਇਤੀ ਰਿਹਾਇਸ਼ ਦੀ ਘਾਟ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਦਾ, ਫ਼ੂਡ ਬੈਂਕਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧੇ ਦੇ ਅਹਿਮ ਕਾਰਕਾਂ ਵੱਜੋਂ ਜ਼ਿਕਰ ਕੀਤਾ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਬੇਰੁਜ਼ਗਾਰੀ ਦੀ ਦਰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ 'ਤੇ ਵਾਪਸ ਆਉਣ ਦੇ ਬਾਵਜੂਦ ਵੀ ਫ਼ੂਡ ਬੈਂਕ ਦੀ ਵਰਤੋਂ ਲਗਾਤਾਰ ਵਧ ਰਹੀ ਹੈ।

ਫ਼ੂਡ ਬੈਂਕ ਆਉਣ ਵਾਲੇ ਹਰ ਛੇ ਲੋਕਾਂ ਵਿਚੋਂ ਇੱਕ ਨੇ ਰੁਜ਼ਗਾਰ ਨੂੰ ਆਪਣੀ ਆਮਦਨ ਦਾ ਮੁੱਖ ਸਰੋਤ ਦੱਸਿਆ।

ਫ਼ੀਡ ਓਨਟੇਰਿਓ ਦੀ ਸੀਈਓ, ਕੈਰੋਲਿਨ ਸਟੀਵਰਟ ਨੇ ਕਿਹਾ, ਨੌਕਰੀ ਦਾ ਮਤਲਬ ਹੁੰਦਾ ਸੀ ਕਿ ਤੁਹਾਨੂੰ ਫ਼ੂਡ ਬੈਂਕ ਦੀ ਲੋੜ ਨਹੀਂ ਪੈਣੀ

ਪਰ ਹੁਣ ਅਜਿਹਾ ਨਹੀਂ ਹੈ। ਕੰਮਕਾਜ ਕਰਨ ਵਾਲੇ ਓਨਟੇਰਿਓ ਵਾਸੀ ਵੀ ਰੋਜ਼ਮੱਰਾ ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਜੱਦੋ-ਜਿਹਦ ਕਰ ਰਹੇ ਹਨ

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ