1. ਮੁੱਖ ਪੰਨਾ
  2. ਵਿਗਿਆਨ
  3. ਪੁਲਾੜ

ਕੈਨੇਡੀਅਨ ਪੁਲਾੜ ਯਾਤਰੀ ਜੌਸ਼ੂਆ ਕੁਟਰਿਕ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਮਿਸ਼ਨ ਵਿੱਚ ਹੋਣਗੇ ਸ਼ਾਮਲ

ਛੇ ਮਹੀਨਿਆਂ ਦੇ ਮਿਸ਼ਨ ‘ਤੇ ਜਾਣਗੇ ਸਪੇਸ ਸਟੇਸ਼ਨ

ਕੈਨੇਡੀਅਨ ਪੁਲਾੜ ਯਾਤਰੀ ਜੌਸ਼ੁਆ ਕੁਟਰਿਕ ਅਤੇ ਜੈਨੀ ਗਿਬਨਜ਼ ਦੀ 2017 ਦੀ ਤਸਵੀਰ।

ਕੈਨੇਡੀਅਨ ਪੁਲਾੜ ਯਾਤਰੀ ਜੌਸ਼ੁਆ ਕੁਟਰਿਕ ਅਤੇ ਜੈਨੀ ਗਿਬਨਜ਼ ਦੀ 2017 ਦੀ ਤਸਵੀਰ।

ਤਸਵੀਰ:  (Sean Kilpatrick/The Canadian Press)

RCI

ਇੱਕ ਹੋਰ ਕੈਨੇਡੀਅਨ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਭੇਜਿਆ ਜਾ ਰਿਹਾ ਹੈ।

ਜੌਸ਼ੂਆ ਕੁਟਰਿਕ ਨੂੰ ਛੇ ਮਹੀਨਿਆਂ ਦੇ ਮਿਸ਼ਨ ‘ਤੇ ਭੇਜਿਆ ਜਾਵੇਗਾ। ਇਹ ਮਿਸ਼ਨ 2025 ਦੀ ਸ਼ੁਰੂਆਤ ਤੋਂ ਪਹਿਲਾਂ ਸ਼ੁਰੂ ਨਹੀਂ ਹੋਵੇਗਾ।

ਕੈਨੇਡਾ ਦੇ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮਿਨਿਸਟਰ, ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਅੱਜ ਮੌਂਟਰੀਅਲ ਨੇੜੇ ਕੈਨੇਡੀਅਨ ਸਪੇਸ ਏਜੰਸੀ ਦੇ ਹੈੱਡਕੁਆਰਟਰ ਵਿੱਖੇ ਇਹ ਐਲਾਨ ਕੀਤਾ।

ਨਾਲ ਹੀ ਸ਼ੈਂਪੇਨ ਨੇ ਕਿਹਾ ਕਿ ਜੈਨੀ ਗਿਬਨਜ਼ ਨੂੰ ਚੰਦਰਮਾ ਵੱਲ ਭੇਜੇ ਜਾਣ ਵਾਲੇ ਇਤਿਹਾਸਕ ਆਰਟੇਮਿਜ਼ II ਮਿਸ਼ਨ ਲਈ ਬੈਕਅੱਪ ਪੁਲਾੜ ਯਾਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ।

ਕੈਨੇਡਾ ਵਿਚ ਚਾਰ ਐਕਟਿਵ ਪੁਲਾੜ ਯਾਤਰੀ ਹਨ, ਜਿਨ੍ਹਾਂ ਵਿੱਚ ਸਭ ਤੋਂ ਜੂਨੀਅਰ ਜੋੜਾ — ਗਿਬਨਜ਼ ਅਤੇ ਕੁਟਰਿਕ — 2017 ਵਿੱਚ ਚੁਣਿਆ ਗਿਆ ਸੀ।

ਦੂਜੇ ਦੋ ਐਸਟਰੋਨੌਟ ਡੇਵਿਡ ਸੇਂਟ-ਜੈਕਸ ਅਤੇ ਜੈਰੇਮੀ ਹੈਨਸਨ ਹਨ, ਜੋ ਦੋਵੇਂ 2009 ਵਿੱਚ ਪੁਲਾੜ ਯਾਤਰੀ ਕੌਰਪਸ ਵਿੱਚ ਸ਼ਾਮਲ ਹੋਏ ਸਨ।

ਸੇਂਟ-ਜੈਕਸ ਨੇ 2018 ਅਤੇ 2019 ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਛੇ ਮਹੀਨਿਆਂ ਤੋਂ ਵੱਧ ਸਮਾਂ ਬਿਤਾਇਆ ਸੀ ਅਤੇ ਜੌਸ਼ੁਆ ਕੁਟਰਿਕ ਸਟੇਸ਼ਨ 'ਤੇ ਲੰਬੇ ਸਮੇਂ ਦੇ ਮਿਸ਼ਨ ਦੀ ਸੇਵਾ ਕਰਨ ਵਾਲੇ ਚੌਥੇ ਕੈਨੇਡੀਅਨ ਪੁਲਾੜ ਯਾਤਰੀ ਬਣ ਜਾਣਗੇ।

ਜੇ ਹੈਨਸਨ ਕਦੇ ਵੀ ਆਰਟੇਮਿਜ਼ ਮਿਸ਼ਨ ਵਿਚ ਹਿੱਸਾ ਲੈਣ ਦੇ ਅਸਮਰੱਥ ਹੁੰਦਾ ਹੈ ਤਾਂ ਗਿਬਨਜ਼ ਉਨ੍ਹਾਂ ਦੀ ਥਾਂ ਲਵੇਗੀ। ਆਰਟੇਮਿਜ਼ ਚੰਦਰਮਾ ਦੇ ਆਲੇ ਦੁਆਲੇ ਉਡਾਣ ਲਈ ਨਵੰਬਰ 2024 ਵਿਚ ਪੁਲਾੜ ਵਿਚ ਚਾਰ ਮੈਂਬਰਾਂ ਨੂੰ ਭੇਜੇਗਾ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ