1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

ਪੁਲਿਸ ਬੋਰਡ ਮੁਅੱਤਲ ਕਰਨ ਦੇ ਬੀਸੀ ਸਰਕਾਰ ਦੇ ਫ਼ੈਸਲੇ ਨੂੰ ਸਰੀ ਦੀ ਮੇਅਰ ਨੇ ਦਿੱਤੀ ਸੰਵਿਧਾਨਕ ਚੁਣੌਤੀ

ਸਰੀ ਵਿਚ ਆਰਸੀਐਮਪੀ ਜਾਂ ਸਰੀ ਪੁਲਿਸ ਹੋਣ ਨੂੰ ਲੈਕੇ ਲੰਬੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ

ਪਬਲਿਕ ਸੇਫ਼ਟੀ ਮਿਨਿਸਟਰ ਮਾਈਕ ਫ਼ਾਰਨਵਰਥ ਅਤੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਦੀ ਤਸਵੀਰ।

ਪਬਲਿਕ ਸੇਫ਼ਟੀ ਮਿਨਿਸਟਰ ਮਾਈਕ ਫ਼ਾਰਨਵਰਥ ਅਤੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਦੀ ਤਸਵੀਰ।

ਤਸਵੀਰ: Ben Nelms / CBC

RCI

ਸਰੀ ਸ਼ਹਿਰ ਦੀ ਮੇਅਰ ਦਾ ਕਹਿਣਾ ਹੈ ਕਿ ਸਿਟੀ, ਪੁਲਿਸ ਬੋਰਡ ਦਾ ਕੰਮਕਾਜ ਸੰਭਾਲਣ ਅਤੇ ਮਿਉਂਸਿਪਲ ਪੁਲਿਸ ਫੋਰਸ ਵਿੱਚ ਤਬਦੀਲੀ ਦੀ ਨਿਗਰਾਨੀ ਕਰਨ ਲਈ ਸੂਬਾ ਸਰਕਾਰ ਵੱਲੋਂ ਇੱਕ ਪ੍ਰਸ਼ਾਸਕ ਦੀ ਨਿਯੁਕਤੀ ਕਰਨ ਦੇ ਫ਼ੈਸਲੇ ਨੂੰ ਸੰਵਿਧਾਨਕ ਚੁਣੌਤੀ ਦੇਵੇਗਾ।

ਮੇਅਰ ਬ੍ਰੈਂਡਾ ਲੌਕ, ਜੋ ਆਰਸੀਐਮਪੀ ਤੋਂ ਸਰੀ ਪੁਲਿਸ ਰੱਖਣ ਦੀ ਤਬਦੀਲੀ ਦਾ ਵਿਰੋਧ ਕਰਦੀ ਹੈ, ਦਾ ਕਹਿਣਾ ਹੈ ਕਿ ਅਦਾਲਤ ਵਿਚ ਸੋਮਵਾਰ ਨੂੰ ਇੱਕ ਸੋਧੀ ਹੋਈ ਪਟੀਸ਼ਨ ਦਾਇਰ ਕੀਤੀ ਜਾਵੇਗੀ। ਸਿਟੀ ਪਹਿਲਾਂ ਹੀ ਬੀਸੀ ਸਰਕਾਰ ਦੇ ਆਰਸੀਐਮਪੀ ਨੂੰ ਹਟਾ ਕੇ ‘ਸਰੀ ਪਲਿਸ’ ਕਾਇਮ ਰੱਖਣ ਦੇ ਫ਼ੈਸਲੇ ਦੀ ਨਿਆਂਇਕ ਸਮੀਖਿਆ ਦੀ ਬੇਨਤੀ ਕਰ ਚੁੱਕਾ ਹੈ।

ਲੌਕ ਦਾ ਕਹਿਣਾ ਹੈ ਕਿ ਸ਼ਹਿਰ ਕਿਸੇ ਵੀ ਤਬਦੀਲੀ ਨੂੰ ਮਨਜ਼ੂਰੀ ਨਹੀਂ ਦੇਵੇਗਾ ਜਿਹੜੀ ਟੈਕਸਦਾਤਾਵਾਂ ਲਈ ਇੱਕ ਬੋਝ ਹੋਵੇ ਅਤੇ ਸੂਬੇ ਨੂੰ ਕਿਸੇ ਵੀ ਮਿਉਂਸਪਲ ਸਰਕਾਰ ਉੱਤੇ ਜ਼ਬਰਦਸਤੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਿਹੜੀ ਉਨ੍ਹਾਂ ਦੀ ਇੱਛਾ ਅਨੁਸਾਰ ਨਹੀਂ ਝੁਕਦੀ

ਲੌਕ ਨੇ ਕਿਹਾ ਕਿ ਸਰੀ ਸਿਟੀ ਤਬਦੀਲੀ ਨੂੰ ਰੋਕਣ ਲਈ ਜਾਇਜ਼ ਦਾਇਰੇ ਦੇ ਅੰਦਰ ਸਭ ਕੁਝ ਕਰੇਗਾ।

ਲੌਕ ਨੇ ਸਰੀ ਸਿਟੀ ਹਾਲ ਵਿਖੇ ਇੱਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਰੈਜ਼ੀਡੈਂਟਸ ਨੂੰ 20 ਪ੍ਰਤੀਸ਼ਤ ਟੈਕਸ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕਿਹਾ ਕਿ ਇਹ ਲਾਗਤਾਂ ਇੱਕ ਵਾਰੀ ਦਾ ਵਾਧਾ ਨਹੀਂ ਹੋਵੇਗਾ, ਸਗੋਂ ਪੀੜੀਆਂ ਤੱਕ ਚੱਲੇਗਾ।

ਲੌਕ ਨੇ ਇੱਕ ਈਮੇਲ ਵੀ ਜਾਰੀ ਕੀਤੀ ਜੋ ਉਹਨਾਂ ਨੇ ਸੌਲਿਸਟਰ ਜਨਰਲ ਮਾਈਕ ਫ਼ਾਰਨਵਰਥ ਨੂੰ ਭੇਜੀ ਸੀ ਜਿਸ ਵਿੱਚ ਉਹਨਾਂ ਨੇ ਇੱਕ ਪ੍ਰਸ਼ਾਸਕ ਦੀ ਨਿਯੁਕਤੀ ਨੂੰ ਇਹ ਲਿਖਦਿਆਂ ਇਤਰਾਜ਼ਯੋਗ ਦੱਸਿਆ, ਕਿ ਇਹ ਨਿਯੁਕਤੀ ਸਿਟੀ ਨਾਲ ਬਿਨਾਂ ਕਿਸੇ ਸਲਾਹ ਜਾਂ ਨੋਟਿਸ ਦੇ ਕੀਤੀ ਗਈ ਸੀ।

ਲੌਕ ਨੇ ਕਿਹਾ, ਇਹ ਇੱਕ ਸਰੀ ਪੁਲਿਸ ਸਰਵਿਸ ਨਹੀਂ, ਇਹ ਇੱਕ ਐਨਡੀਪੀ ਪੁਲਿਸ ਸਰਵਿਸ ਹੈ, ਜੋ ਸੌਲੀਸਿਟਰ ਜਨਰਲ ਨੂੰ ਸਿੱਧੇ ਤੌਰ 'ਤੇ ਰਿਪੋਰਟ ਕਰਦੀ ਹੈ

ਫ਼ਾਰਨਵਰਥ, ਜੋ ਕਿ ਬੀਸੀ ਦੇ ਪਬਲਿਕ ਸੇਫ਼ਟੀ ਮਿਨਿਸਟਰ ਵੀ ਹਨ, ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਹਨਾਂ ਨੇ ਐਬਟਸਫੋਰਡ ਦੇ ਸਾਬਕਾ ਮੁੱਖ ਕਾਂਸਟੇਬਲ ਮਾਈਕ ਸੈਰ ਨੂੰ ਬੋਰਡ ਦਾ ਕੰਮਕਾਜ ਸੰਭਾਲਣ ਲਈ ਨਿਯੁਕਤ ਕੀਤਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ