1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਅੰਤਰਰਾਟਸ਼ਰੀ ਵਿਦਿਆਰਥੀਆਂ ਵੱਲੋਂ ਹਫ਼ਤੇ ਚ 20 ਘੰਟੇ ਦੀ ਕੰਮ ਦੀ ਸੀਮਾ ਨੂੰ ਪੱਕੇ ਤੌਰ ’ਤੇ ਹਟਾਉਣ ਦੀ ਮੰਗ

ਪਿਛਲੇ ਸਾਲ ਫ਼ੈਡਰਲ ਸਰਕਾਰ ਨੇ ਅਸਥਾਈ ਤੌਰ ‘ਤੇ 20 ਘੰਟੇ ਪ੍ਰਤੀ ਹਫ਼ਤੇ ਦੀ ਸੀਮਾ ਨੂੰ ਹਟਾ ਦਿੱਤਾ ਸੀ

ਖੱਬਿਓਂ ਸੱਜੇ : ਡੋਰਿਸ ਯਿਮ, ਉਪਕਾਰ ਸਿੰਘ, ਮੇਘਲ, ਡੌਮੇਨਿਚੀ ਮੇਦੀਨਾ ਅਤੇ ਕ੍ਰੁਨਾਲ ਛਾਵੜਾ। ਇਹ ਸਾਰੇ ਸਸਕੈਚਵਨ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ 20 ਘੰਟੇ ਪ੍ਰਤੀ ਹਫ਼ਤਾ ਕੰਮ ਦੀ ਸੀਮਾ ਨੂੰ ਪੱਕੇ ਤੌਰ 'ਤੇ ਹਟਾਉਣ ਦੀ ਮੰਗ ਕਰ ਰਹੇ ਹਨ।

ਖੱਬਿਓਂ ਸੱਜੇ : ਡੋਰਿਸ ਯਿਮ, ਉਪਕਾਰ ਸਿੰਘ, ਮੇਘਲ, ਡੌਮੇਨਿਚੀ ਮੇਦੀਨਾ ਅਤੇ ਕ੍ਰੁਨਾਲ ਛਾਵੜਾ। ਇਹ ਸਾਰੇ ਸਸਕੈਚਵਨ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ 20 ਘੰਟੇ ਪ੍ਰਤੀ ਹਫ਼ਤਾ ਕੰਮ ਦੀ ਸੀਮਾ ਨੂੰ ਪੱਕੇ ਤੌਰ 'ਤੇ ਹਟਾਉਣ ਦੀ ਮੰਗ ਕਰ ਰਹੇ ਹਨ।

ਤਸਵੀਰ: (Pratyush Dayal/CBC)

RCI

ਕੈਨੇਡਾ ਵਿਚ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹਿਮਾਇਤੀ ਹਫ਼ਤੇ ਵਿਚ ਸਿਰਫ਼ 20 ਘੰਟੇ ਹੀ ਕੰਮ ਕਰ ਸਕਣ ਦੀ ਵਿਵਸਥਾ ਨੂੰ ਪੱਕੇ ਤੌਰ ‘ਤੇ ਹਟਾਉਣ ਦੀ ਮੰਗ ਕਰ ਰਹੇ ਹਨ।

ਪਿਛਲੇ ਸਾਲ ਫ਼ੈਡਰਲ ਸਰਕਾਰ ਨੇ ਅਸਥਾਈ ਤੌਰ ‘ਤੇ (ਨਵੀਂ ਵਿੰਡੋ) 20 ਘੰਟੇ ਪ੍ਰਤੀ ਹਫ਼ਤੇ ਦੀ ਸੀਮਾ ਨੂੰ ਹਟਾ ਦਿੱਤਾ ਸੀ। ਇਹ ਪਾਇਲਟ ਪ੍ਰਾਜੈਕਟ ਜਿਸ ਤਹਿਤ ਕਰੀਬ 500,000 ਵਿਦਿਆਰਥੀ ਪ੍ਰਭਾਵਿਤ ਹੋਣਗੇ, ਇਸ ਸਾਲ ਸਮਾਪਤ ਹੋ ਰਿਹਾ ਹੈ।

ਸਸਕੈਚਵਨ ਯੂਨੀਵਰਸਿਟੀ ਦੇ ਵਿਦਿਆਰਥੀ, ਕ੍ਰੁਨਾਲ ਛਾਵੜਾ ਦਾ ਕਹਿਣਾ ਹੈ ਕਿ 40 ਘੰਟੇ ਪ੍ਰਤੀ ਹਫ਼ਤਾ ਕੰਮ ਕਰ ਸਕਣ ਕਰਕੇ ਇਹ ਸਾਲ ਉਸ ਲਈ ਪੈਸੇ ਪੱਖੋਂ ਬਿਹਤਰ ਰਿਹਾ ਅਤੇ ਉਹ ਆਪਣੀ ਫੀਸ ਭਰਨ ਦੇ ਯੋਗ ਹੋ ਸਕਿਆ।

ਸਸਕੈਚਵਨ ਯੂਨੀਵਰਸਿਟੀ ਦਾ ਵਿਦਿਆਰਥੀ, ਕ੍ਰੁਨਾਲ ਛਾਵੜਾ

ਸਸਕੈਚਵਨ ਯੂਨੀਵਰਸਿਟੀ ਦਾ ਵਿਦਿਆਰਥੀ, ਕ੍ਰੁਨਾਲ ਛਾਵੜਾ

ਤਸਵੀਰ: Radio-Canada / Pratyush Dayal

20 ਸਾਲ ਦੇ ਕ੍ਰੁਨਾਲ ਦਾ ਕਹਿਣਾ ਹੈ ਕਿ ਉਸ ਦੇ ਸਿਰ ਕਰੀਬ 40,000 ਡਾਲਰ ਦਾ ਲੋਨ ਸੀ ਜਿਸ ਚੋਂ ਉਸਨੇ ਫੁਲ ਟਾਈਮ ਕੰਮ ਕਰਕੇ 10,000 ਡਾਲਰ ਉਤਾਰ ਦਿੱਤੇ। ਪਰ ਹੁਣ ਫੁਲ-ਟਾਈਮ ਕੰਮ ਕਰ ਸਕਣ ਦਾ ਮੌਕਾ ਇਸ ਸਾਲ ਸਮਾਪਤ ਹੋ ਰਿਹਾ ਹੈ।

ਉਹ ਕਹਿੰਦਾ ਹੈ ਕਿ ਮਹਿੰਗਾਈ ਕਾਰਨ ਉਸਦੇ ਮਹੀਨੇ ਦਾ ਰਾਸ਼ਨ ਦਾ ਖ਼ਰਚਾ 100 ਡਾਲਰ ਤੋਂ ਵਧ ਕੇ 300 ਡਾਲਰ ਹੋ ਗਿਆ ਹੈ।

ਕ੍ਰੁਨਾਲ ਦੀ ਕਲਾਸਮੇਟ ਮੇਘਲ ਦਾ ਵੀ ਇਹੋ ਕਹਿਣਾ ਹੈ। ਮੇਘਲ ਦਾ ਕਹਿਣਾ ਹੈ ਕਿ ਇਸ ਸਮੇਂ ਵਿਦਿਆਰਥੀਆਂ ਵਿਚ ਡਾਢੀ ਅਨਿਸ਼ਚਿਤਤਾ ਹੈ ਅਤੇ ਉਹ ਜੱਦੋ-ਜਿਹਦ ਕਰ ਰਹੇ ਹਨ।

ਉਹ ਕਹਿੰਦੀ ਹੈ ਕਿ ਗੁਜ਼ਾਰਾ ਕਰਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਅੰਤਰ ਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ 40 ਘੰਟੇ ਪ੍ਰਤੀ ਹਫ਼ਤਾ ਕੰਮ ਕਰ ਸਕਣ ਨਾਲ ਉਨ੍ਹਾਂ ਕੋਲ ਆਏ ਵਾਧੂ ਪੈਸਿਆਂ ਨਾਲ ਨਾ ਸਿਰਫ਼ ਫ਼ੀਸ ਵਿਚ ਮਦਦ ਹੋ ਜਾਂਦੀ ਹੈ, ਸਗੋਂ ਦੰਦਾਂ ਦੇ ਡਾਕਟਰ ਕੋਲ ਜਾਣ ਵਰਗੀਆਂ ਚੀਜ਼ਾਂ, ਜੋ ਇੰਸ਼ੋਰੈਂਸ ਵਿਚ ਕਵਰ ਨਹੀਂ ਹੁੰਦੀਆਂ, ਦਾ ਵੀ ਖ਼ਰਚਾ ਨਿਕਲ ਜਾਂਦਾ ਹੈ।

ਡੋਰਿਸ ਯੀਮ ਫ਼ਾਰਮੇਸੀ ਦੀ ਵਿਦਿਆਰਥਣ ਹੈ ਅਤੇ ਉਹ ਫ਼ਾਰਮੇਸੀ ਵਿਚ ਕੈਸ਼ੀਅਰ ਦੀ ਜੌਬ ਲੱਭ ਰਹੀ ਹੈ। ਪਰ ਫ਼ਾਰਮੇਸੀ ਵਾਲੇ ਫ਼ੁਲ-ਟਾਈਮ ਬੰਦਿਆਂ ਦੀ ਤਲਾਸ਼ ਵਿਚ ਹਨ। ਡੋਰਿਸ ਕਹਿੰਦੀ ਹੈ ਕਿ ਅਸਥਾਈ ਵਿਵਸਥਾ ਨੂੰ ਪੱਕਾ ਕੀਤੇ ਜਾਣ ਨਾਲ ਨਾ ਸਿਰਫ਼ ਅੰਤਰਰਾਸ਼ਟਰੀ ਵਿਦਿਆਰਥੀਆਂ ਸਗੋਂ ਰੁਜ਼ਗਾਰਦਾਤਾਵਾਂ ਨੂੰ ਵੀ ਲਾਭ ਹੋਵੇਗਾ।

ਸੋਮਵਾਰ ਨੂੰ ਭੇਜੇ ਗਏ ਇੱਕ ਈਮੇਲ ਬਿਆਨ ਵਿੱਚ, ਫੈਡਰਲ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਉਹ ਨੀਤੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜਿਸ ਵਿੱਚ ਇਹ ਸਮੀਖਿਆ ਵੀ ਸ਼ਾਮਲ ਹੈ ਕਿ ਕਿੰਨੇ ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਸਦਾ ਲਾਭ ਲਿਆ ਹੈ।

ਬਿਆਨ ਵਿੱਚ ਕਿਹਾ ਗਿਆ ਹੈ, ਕੈਂਪਸ ਤੋਂ ਬਾਹਰ ਕੰਮ ਲਈ 20-ਘੰਟਿਆਂ ਦੀ ਸੀਮਾ ਨੂੰ ਅਸਥਾਈ ਤੌਰ 'ਤੇ ਹਟਾਉਣਾ ਕੈਨੇਡਾ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਿਹਾ ਹੈ

ਨੌਰਥ ਵੈਨਕੂਵਰ ਦੀ ਕੈਪੀਲਾਨੋ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ, ਕਰਨਦੀਪ ਸਿੰਘ ਸੰਘੇੜਾ

ਨੌਰਥ ਵੈਨਕੂਵਰ ਦੀ ਕੈਪੀਲਾਨੋ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ, ਕਰਨਦੀਪ ਸਿੰਘ ਸੰਘੇੜਾ

ਤਸਵੀਰ: (Submitted by Karandeep Singh Sanghera)

ਨੌਰਥ ਵੈਨਕੂਵਰ ਦੀ ਕੈਪੀਲਾਨੋ ਯੂਨੀਵਰਸਿਟੀ ਦੀ ਵਿਦਿਆਰਥੀ ਜੱਥੇਬੰਦੀ ਦੇ ਪ੍ਰਧਾਨ, ਕਰਨਦੀਪ ਸਿੰਘ ਸੰਘੇੜਾ ਦਾ ਕਹਿਣਾ ਹੈ ਕਿ ਬਹੁਤੇ ਵਿਦਿਆਰਥੀ ਮਿਨਿਮਮ ਵੇਜ ‘ਤੇ ਕੰਮ ਕਰਦੇ ਹਨ, ਜੋ ਕਿ 16 ਡਾਲਰ ਪ੍ਰਤੀ ਘੰਟਾ ਹੈ। ਉਸਨੇ ਕਿਹਾ ਕਿ ਮੌਜੂਦਾ ਦੌਰ ਵਿਚ ਇਸ ਵੇਜ ‘ਤੇ 20 ਘੰਟੇ ਪ੍ਰਤੀ ਹਫ਼ਤਾ ਕੰਮ ਕਰਨ ਨਾਲ ਗੁਜ਼ਾਰਾ ਕਰਨਾ ਸੰਭਵ ਨਹੀਂ ਹੈ।

ਉਸਨੇ ਦੱਸਿਆ ਕਿ ਉਸ ਦੀ ਯੂਨੀਅਨ ਨੇ ਫ਼ੈਡਰਲ ਸਰਕਾਰ ਨੂੰ ਆਪਣੀ ਅਸਥਾਈ ਨੀਤੀ ਪਰਮਾਨੈਂਟ ਕਰਨ ਦੀ ਮੰਗ ਕੀਤੀ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਿਫ਼ਾਜ਼ਤ ਲਈ ਜ਼ਰੂਰੀ

530,000 ਪੋਸਟ-ਸੈਕੰਡਰੀ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ, ਕੈਨੇਡੀਅਨ ਫ਼ੈਡਰੇਸ਼ਨ ਔਫ਼ ਸਟੂਡੈਂਟਸ ਦੇ ਨੀਤੀ ਅਤੇ ਖੋਜ ਵਿਸ਼ਲੇਸ਼ਕ, ਜੇਮਜ਼ ਕੈਸੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ 40 ਫ਼ੀਸਦੀ ਮੈਂਬਰ ਅੰਤਰਰਾਸ਼ਟਰੀ ਵਿਦਿਆਰਥੀ ਹਨ।

ਜੇਮਜ਼ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫ਼ੀਸਾਂ ਘਰੇਲੂ ਵਿਦਿਆਰਥੀਆਂ ਨਾਲੋਂ ਕਿਤੇ ਵੱਧ ਹੁੰਦੀਆਂ ਹਨ।

ਕੈਨੇਡੀਅਨ ਫ਼ੈਡਰੇਸ਼ਨ ਔਫ਼ ਸਟੂਡੈਂਟਸ ਵਿੱਖੇ ਨੀਤੀ ਅਤੇ ਖੋਜ ਵਿਸ਼ਲੇਸ਼ਕ, ਜੇਮਜ਼ ਕੈਸੀ

ਕੈਨੇਡੀਅਨ ਫ਼ੈਡਰੇਸ਼ਨ ਔਫ਼ ਸਟੂਡੈਂਟਸ ਵਿੱਖੇ ਨੀਤੀ ਅਤੇ ਖੋਜ ਵਿਸ਼ਲੇਸ਼ਕ, ਜੇਮਜ਼ ਕੈਸੀ

ਤਸਵੀਰ: Radio-Canada / Pratyush Dayal

ਉਨ੍ਹਾਂ ਕਿਹਾ ਕਿ ਮਹਿੰਗਾਈ ਦੀ ਮਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਪੈ ਰਹੀ ਹੈ ਅਤੇ ਫ਼ੂਡ ਬੈਂਕਾਂ ਵਿਚ ਵੀ ਵਿਦਿਆਰਥੀਆਂ ਦਾ ਆਵਾਗੌਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਿਆ ਹੈ। ਜੇਮਜ਼ ਦਾ ਕਹਿਣਾ ਹੈ ਕਿ ਇਹ ਸਥਿਤੀ ਇੱਕ ਔਸਤ ਕੈਨੇਡੀਅਨ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਵਿਚ ਫ਼ਰਕ ਦੇ ਪਾੜੇ ਨੂੰ ਹੋਰ ਡੂੰਘਾ ਕਰ ਰਹੀ ਹੈ।

ਜੇਮਜ਼ ਦਾ ਕਹਿਣਾ ਹੈ ਕਿ ਜੇਕਰ ਇਹ ਫੈਸਲਾ ਸਥਾਈ ਨਹੀਂ ਕੀਤਾ ਜਾਂਦਾ ਹੈ, ਤਾਂ ਵੱਡੀ ਮਾਤਰਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਮਨੁੱਖੀ ਤਸਕਰੀ ਅਤੇ ਸ਼ੋਸ਼ਣਕਾਰੀ ਗਤੀਵਿਧੀਆਂ ਵਿੱਚ ਫ਼ਸ ਸਕਦੇ ਹਨ।

ਐਡਵੋਕੇਸੀ ਗਰੁੱਪ ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ੌਰ ਚੇਂਜ ਨਾਲ ਜੁੜੀ ਸਾਰੋਮ ਰੋ।

ਐਡਵੋਕੇਸੀ ਗਰੁੱਪ ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ੌਰ ਚੇਂਜ ਨਾਲ ਜੁੜੀ ਸਾਰੋਮ ਰੋ।

ਤਸਵੀਰ: Radio-Canada / Daniel Dadoun/CBC

ਐਡਵੋਕੇਸੀ ਗਰੁੱਪ ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ੌਰ ਚੇਂਜ 2017 ਤੋਂ ਇਸ ਬਦਲਾਅ ਦੀ ਮੰਗ ਕਰ ਰਿਹਾ ਹੈ।

ਅਲਾਇੰਸ ਦੀ ਆਯੋਜਕ, ਸਾਰੋਮ ਰੋ ਦਾ ਕਹਿਣਾ ਹੈ, ਇਹ ਇੱਕ ਸਵਾਲ ਹੈ ਕਿ ਕੀ ਅਸੀਂ ਇੱਕ ਅਜਿਹੇ ਸਮਾਜ ਵਿੱਚ ਰਹਿਣਾ ਚਾਹੁੰਦੇ ਹਾਂ ਜਿੱਥੇ ਹਰ ਇੱਕ ਨੂੰ ਬਰਾਬਰ ਦੇ ਅਧਿਕਾਰ ਅਤੇ ਸੁਰੱਖਿਆ ਪ੍ਰਾਪਤ ਹੋਵੇ, ਜਾਂ ਅਸੀਂ ਇੱਕ ਅਜਿਹੀ ਪ੍ਰਣਾਲੀ ਦੀ ਇਜਾਜ਼ਤ ਦੇਣ ਜਾ ਰਹੇ ਹਾਂ ਜੋ ਲੋਕਾਂ ਦੇ ਇੱਕ ਸਮੂਹ ਨੂੰ ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਦੇ ਅਧਾਰ 'ਤੇ ਵੰਡਦੀ ਹੈ ਅਤੇ ਉਹਨਾਂ ਦੇ ਅਧਿਕਾਰਾਂ ਤੋਂ ਮੁਨਕਰ ਹੁੰਦੀ ਹੈ

ਇਸ ਅਸਥਾਈ ਨੀਤੀ ਦੇ ਖ਼ਤਮ ਹੋਣ ਵਿੱਚ ਛੇ ਹਫ਼ਤੇ ਬਾਕੀ ਹਨ। ਹਰ ਦਿਨ ਮਹੱਤਵਪੂਰਨ ਹੈ ਅਤੇ ਸਮਾਂ ਲੰਘ ਰਿਹਾ ਹੈ। ਅਸੀਂ ਪ੍ਰਧਾਨ ਮੰਤਰੀ ਟ੍ਰੂਡੋ ਅਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਸਹੀ ਕੰਮ ਕਰਨ ਅਤੇ 20 ਘੰਟਿਆਂ ਦੀ ਕੰਮ ਦੀ ਸੀਮਾ ਨੂੰ ਪੱਕੇ ਤੌਰ 'ਤੇ ਹਟਾਉਣ ਲਈ ਆਖ ਰਹੇ ਹਾਂ

ਪ੍ਰਤਯੁਸ਼ ਦਿਆਲ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ