1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਇਜ਼ਰਾਈਲ ਨਾਲ ਏਕਾ ਪ੍ਰਗਟਾਉਣ ਕੈਨੇਡੀਅਨ ਐਮਪੀਜ਼ ਇਜ਼ਰਾਈਲ ਪਹੁੰਚੇ

ਟ੍ਰੂਡੋ ਅਤੇ ਨੇਤਨਯਾਹੂ ਦਰਮਿਆਨ ਬਿਆਨਬਾਜ਼ੀ ਹੋਣ ਤੋਂ ਪਹਿਲਾਂ ਤੈਅ ਹੋਈ ਸੀ ਏਕਾ ਯਾਤਰਾ

ਲਿਬਰਲ ਐਮਪੀ ਐਂਥਨੀ ਹਾਊਸਫ਼ਾਦਰ ਦੀ ਤਸਵੀਰ। ਹਾਊਫ਼ਾਦਰ ਇਜ਼ਰਾਈਲ  ਨਾਲ ਏਕਤਾ ਦਿਖਾਉਣ ਲਈ ਗਏ ਕੈਨੇਡੀਅਨ ਵਫ਼ਦ ਦਾ ਹਿੱਸਾ ਹਨ।

ਲਿਬਰਲ ਐਮਪੀ ਐਂਥਨੀ ਹਾਊਸਫ਼ਾਦਰ ਦੀ ਤਸਵੀਰ। ਹਾਊਫ਼ਾਦਰ ਇਜ਼ਰਾਈਲ ਨਾਲ ਏਕਤਾ ਦਿਖਾਉਣ ਲਈ ਗਏ ਕੈਨੇਡੀਅਨ ਵਫ਼ਦ ਦਾ ਹਿੱਸਾ ਹਨ।

ਤਸਵੀਰ:  (Sean Kilpatrick/Canadian Press.)

RCI

ਕੈਨੇਡੀਅਨ ਐਮਪੀਜ਼ ਦਾ ਇੱਕ ਸਮੂਹ ਇਜ਼ਰਾਈਲ ਨਾਲ ਇਕਜੁੱਟਤਾ ਦਿਖਾਉਣ ਲਈ ਸੋਮਵਾਰ ਨੂੰ ਜੇਰੂਸਲਮ ਪਹੁੰਚਿਆ।

ਪੰਜ ਐਮਪੀਜ਼ - ਦੋ ਲਿਬਰਲ ਅਤੇ ਤਿੰਨ ਕੰਜ਼ਰਵੇਟਿਵ - 60 ਲੋਕਾਂ ਦੇ ਇੱਕ ਵੱਡੇ ਵਫ਼ਦ ਦਾ ਹਿੱਸਾ ਹਨ ਜਿਸ ਵਿਚ ਕੈਨੇਡਾ ਦੇ ਯਹੂਦੀ ਲੀਡਰ ਵੀ ਸ਼ਾਮਲ ਹਨ। ਉਨ੍ਹਾਂ ਦੀ ਹਮਾਸ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਕੁਝ ਇਜ਼ਰਾਈਲੀ ਹਮਰੁਤਬਾ ਨਾਲ ਮਿਲਣ ਦੀ ਯੋਜਨਾ ਹੈ।

ਯਹੂਦੀ ਲਿਬਰਲ ਐਮਪੀ, ਐਂਥਨੀ ਹਾਊਸਫ਼ਾਦਰ ਨੇ ਕਿਹਾ, ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਇਜ਼ਰਾਈਲੀਆਂ ਨੂੰ ਇਹ ਸਪੱਸ਼ਟ ਹੋਵੇ ਕਿ ਕੈਨੇਡੀਅਨਜ਼ ਉਨ੍ਹਾਂ ਦਾ ਸਮਰਥਨ ਕਰਦੇ ਹਨ

ਸੀਬੀਸੀ ਨਿਊਜ਼ ਨਾਲ ਇੱਕ ਫੋਨ ਇੰਟਰਵਿਊ ਵਿੱਚ, ਐਂਥਨੀ ਨੇ ਕਿਹਾ ਕਿ ਇਸ ਦੌਰੇ ਦਾ ਟੀਚਾ ਐਮਪੀਜ਼ ਨੂੰ 7 ਅਕਤੂਬਰ ਦੀ ਘਟਨਾ ਅਤੇ ਇਜ਼ਰਾਈਲੀ ਸਰਕਾਰ ਦੀਆਂ ਯੋਜਨਾਵਾਂ ਬਾਰੇ ਬਿਹਤਰ ਸਮਝ ਪ੍ਰਦਾਨ ਕਰਨਾ, ਬੰਧਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਾ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਨਾ ਹੈ।

ਇਸ ਬਹੁ-ਰੋਜ਼ਾ ਯਾਤਰਾ ਦੌਰਾਨ ਐਮਪੀਜ਼ ਇਜ਼ਰਾਈਲ ਦੇ ਆਲੇ-ਦੁਆਲੇ ਕਈ ਗਤੀਵਿਧੀਆਂ ਅਤੇ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ।

ਇਸ ਏਕਾ ਯਾਤਰਾ ਵਿਚ ਕੰਜ਼ਰਵੇਟਿਵ ਐਮਪੀ ਅਤੇ ਡਿਪਟੀ ਲੀਡਰ ਮੈਲੀਸਾ ਲੈਂਟਸਮੈਂਨ, ਐਮਪੀ ਮਾਰਟੀ ਮੋਰੈਂਟਜ਼ ਅਤੇ ਮਿਸ਼ੈਲ ਰੈਮਪੈਲ ਵੀ ਸ਼ਾਮਲ ਹਨ। ਲਿਬਰਲ ਐਮਪੀ ਮਾਰਕੋ ਮੈਂਡੀਚੀਨੋ ਵੀ ਇਸ ਵਫ਼ਦ ਦਾ ਹਿੱਸਾ ਹਨ।

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ ਹਮਾਸ ਦੇ ਵਿਰੁੱਧ ਆਪਣੀ ਲੜਾਈ ਵਿੱਚ ਇਜ਼ਰਾਈਲ ਨੂੰ ਸੰਜਮ ਵਰਤਣ ਬਾਬਤ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਟਿੱਪਣੀ ਦੀ ਆਲੋਚਨਾ ਕਰਨ ਤੋਂ ਪਹਿਲਾਂ ਇਸ ਦੌਰੇ ਦੀ ਯੋਜਨਾ ਬਣਾਈ ਗਈ ਸੀ।

ਐਂਥਨੀ ਹਾਊਸਫ਼ਾਦਰ ਨੇ ਕਿਹਾ, ਜੋ ਭਾਸ਼ਾ ਪ੍ਰਧਾਨ ਮੰਤਰੀ ਨੇ ਵਰਤੀ ਸੀ, ਮੈਂ ਕਦੇ ਨਾ ਵਰਤਦਾ

ਮੈਂ ਉਸ ਲਹਿਜੇ ਵਿਚ ਵੀ ਗੱਲ ਨਾ ਕਰਦਾ

ਉੱਚ-ਪੱਧਰੀ ਡਿਪਲੋਮੈਟਿਕ ਤਣਾਅ

ਪਿਛਲੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਜ਼ਰਾਈਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਗਾਜ਼ਾ ਵਿਚ ਹਮਾਸ ਖ਼ਿਲਾਫ਼ ਚਲ ਰਹੀ ਜੰਗ ਦੌਰਾਨ ਮਾਸੂਮ ਜ਼ਿੰਦਗੀਆਂ ਸੁਰੱਖਿਅਤ ਹੋਣੀਆਂ ਚਾਹੀਦੀਆਂ ਹਨ।

ਟ੍ਰੂਡੋ ਨੇ ਕਿਹਾ ਸੀ ਕਿ ਦੁਨੀਆ ਔਰਤਾਂ ਅਤੇ ਬੱਚਿਆਂ ਦੀ ਕਤਲੋਗਾਰਤ ਦੇਖ ਰਹੀ ਹੈ ਅਤੇ ਇਹ ਰੁਕਣਾ ਚਾਹੀਦਾ ਹੈ।

ਨੇਤਨਯਾਹੂ ਨੇ ਸੋਸ਼ਲ ਮੀਡੀਆ ‘ਤੇ ਟ੍ਰੂਡੋ ਨੂੰ ਤੁਰੰਤ ਮੋੜਵਾਂ ਜਵਾਬ ਦਿੱਤਾ ਸੀ।

ਉਨ੍ਹਾਂ ਲਿਖਿਆ ਸੀ ਕਿ ਇਜ਼ਰਾਈਲ ਜਾਣਬੁੱਝ ਕੇ ਆਮ ਲੋਕਾਂ ਨੂੰ ਟਾਰਗੇਟ ਨਹੀਂ ਕਰ ਰਿਹਾ ਸਗੋਂ ਉਹ ਹਮਾਸ ਸੀ ਜਿਸਨੇ ਆਮ ਲੋਕਾਂ ਦੀ ਕਤਲੋਗਾਰਤ ਕੀਤੀ, ਲੋਕਾਂ ਨੂੰ ਸਾੜਿਆ, ਜੋਕਿ ਘੱਲੂਘਾਰੇ ਤੋਂ ਬਾਅਦ ਯਹੂਦੀਆਂ ਖ਼ਿਲਾਫ਼ ਹੋਈ ਸਭ ਤੋਂ ਭਿਆਨਕ ਹਿੰਸਾ ਹੈ

ਇਜ਼ਰਾਈਲ ਨਹੀਂ ਹਮਾਸ ਨੂੰ ਦੁਹਰੇ ਜੰਗੀ ਅਪਰਾਧਾਂ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ - ਇੱਕ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ, ਦੂਸਰਾ ਆਮ ਨਾਗਰਿਕਾਂ ਪਿੱਛੇ ਲੁਕਣ ਲਈ

ਇਜ਼ਰਾਈਲ ਅਨੁਸਾਰ 7 ਅਕਤੂਬਰ ਨੂੰ ਹਮਾਸ ਵੱਲੋਂ ਉਸ ‘ਤੇ ਕੀਤੇ ਸ਼ੁਰੂਆਤੀ ਹਮਲੇ ਵਿੱਚ 1,200 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ, ਹਮਾਸ ਵੱਲੋਂ ਲਗਭਗ 240 ਲੋਕਾਂ ਨੂੰ ਬੰਧੀ ਬਣਾਇਆ ਗਿਆ ਸੀ।

ਗਾਜ਼ਾ ਦੇ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਇਜ਼ਰਾਈਲ ਦੀ ਜਵਾਬੀ ਫ਼ੌਜੀ ਕਾਰਵਾਈ ਵਿੱਚ ਗਾਜ਼ਾ ਵਿਚ 12,300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

ਇਹ ਪੁੱਛੇ ਜਾਣ 'ਤੇ ਕਿ ਕੀ ਉਹ ਟ੍ਰੂਡੋ ਦੀਆਂ ਟਿੱਪਣੀਆਂ ਦੇ ਸੰਭਾਵੀ ਅਣਚਾਹੇ ਪ੍ਰਭਾਵ ਬਾਰੇ ਚਿੰਤਤ ਹਨ, ਹਾਊਸਫ਼ਾਦਰ ਨੇ ਕਿਹਾ ਕਿ ਉਨ੍ਹਾਂ ਦਾ ਰਿਸਪਾਂਸ ਇਹ ਸਮਝਾਉਣਾ ਹੋਵੇਗਾ ਕਿ ਪ੍ਰਧਾਨ ਮੰਤਰੀ 2015 ਤੋਂ ਹੀ ਅਸਲ ਵਿੱਚ ਇਜ਼ਰਾਈਲ ਦੇ ਕਿੰਨੇ ਵੱਡੇ ਸਮਰਥਕ ਰਹੇ ਹਨ

ਹਾਊਸਫ਼ਾਦਰ ਨੇ ਟ੍ਰੂਡੋ ਸਰਕਾਰ ਦੇ ਇਜ਼ਰਾਈਲ ਲਈ ਸਮਰਥਨ ਦੇ ਸਬੂਤ ਵਜੋਂ ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਵੋਟਿੰਗ ਰਿਕਾਰਡ ਦਾ ਹਵਾਲਾ ਦਿੱਤਾ।

ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀ ਸਮੁੱਚੀ ਪਹੁੰਚ ਦੀ ਬਜਾਏ ਇੱਕ ਬਿਆਨ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਮੈਂ ਇਜ਼ਰਾਈਲੀਆਂ ਨੂੰ ਇਹ ਸਮਝਾਉਂਗਾ, ਮੇਰਾ ਖ਼ਿਆਲ ਹੈ ਕਿ ਇਹ ਯਕੀਨੀ ਤੌਰ ‘ਤੇ ਇਜ਼ਰਾਇਲੀਆਂ ਨੂੰ ਇਹ ਸਮਝਣ ਵਿਚ ਮਦਦ ਕਰੇਗਾ ਕਿ ਕੈਨੇਡਾ ਇੱਕ ਸਹਿਯੋਗੀ ਵੱਜੋਂ ਉਨ੍ਹਾਂ ਦੇ ਨਾਲ ਹੈ

ਕੇਟੀ ਸਿੰਪਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ