- ਮੁੱਖ ਪੰਨਾ
- ਅੰਤਰਰਾਸ਼ਟਰੀ
- ਹਥਿਆਰਬੰਦ ਵਿਵਾਦ
ਗਾਜ਼ਾ ਚੋਂ ਨਿਕਲਣ ਦੀ ਇਜਾਜ਼ਤ ਪ੍ਰਾਪਤ ਕਰਨ ਵਾਲੇ 135 ਕੈਨੇਡੀਅਨਜ਼ ਬਾਰੇ ਕੋਈ ਅਪਡੇਟ ਨਹੀਂ
ਰਿਸ਼ਤੇਦਾਰਾਂ ਅਤੇ ਪਰਿਵਾਰ ਵਾਲਿਆਂ ਨੂੰ ਅਪਡੇਟ ਦੀ ਉਡੀਕ

18 ਨਵੰਬਰ 2023 ਨੂੰ ਦੱਖਣੀ ਗਾਜ਼ਾ ਦੇ ਖ਼ਾਨ ਯੂਨਿਸ ਰਿਫ਼ਿਊਜੀ ਕੈਂਪ ਵਿਚ ਇਜ਼ਰਾਈਲੀ ਬੰਬਾਰੀ ਤੋਂ ਬਾਅਦ ਮਲਬੇ ਚੋਂ ਲੋਕਾਂ ਨੂੰ ਕੱਢਦੇ ਫ਼ਲਸਤੀਨੀ।
ਤਸਵੀਰ: THE CANADIAN PRESS/AP-Mohammed Dahman
ਜਿਹਨਾਂ ਕੈਨੇਡੀਅਨਜ਼ ਦੇ ਅਜ਼ੀਜ਼ ਅਤੇ ਰਿਸ਼ਤੇਦਾਰ ਯੁੱਧ ਪ੍ਰਭਾਵਿਤ ਖ਼ਿੱਤੇ ਗਾਜ਼ਾ ਵਿਚ ਫਸੇ ਹੋਏ ਹਨ, ਉਹ ਅਜੇ ਵੀ ਇਹ ਇੰਤਜ਼ਾਰ ਕਰ ਰਹੇ ਹਨ ਕਿ ਜਿਹਨਾਂ 135 ਕੈਨੇਡੀਅਨਜ਼ ਨੂੰ ਗਾਜ਼ਾ ਚੋਂ ਨਿਕਲਣ ਦੀ ਆਗਿਆ ਪ੍ਰਾਪਤ ਹੋਈ ਸੀ, ਉਹ ਗਾਜ਼ਾ ਚੋਂ ਤੁਰ ਚੁੱਕੇ ਹਨ ਜਾਂ ਨਹੀਂ।
ਗਾਜ਼ਾ ਦੀ ਜਨਰਲ ਅਥਾਰਟੀ ਫ਼ੌਰ ਕਰਾਸਿੰਗਜ਼ ਐਂਡ ਬਾਰਡਰਜ਼ ਦੀ ਰੋਜ਼ਾਨਾ ਸੂਚੀ, ਜਿਸ ਵਿੱਚ ਰਫ਼ਾਹ ਜ਼ਮੀਨੀ ਲਾਂਘੇ ਰਾਹੀਂ ਮਿਸਰ ਵਿੱਚ ਦਾਖ਼ਲ ਹੋਣ ਲਈ ਮਨਜ਼ੂਰ ਕੀਤੇ ਗਏ ਵਿਦੇਸ਼ੀ ਨਾਗਰਿਕਾਂ ਦੇ ਨਾਮ ਸ਼ਾਮਲ ਹੁੰਦੇ ਹਨ, ਵਿਚ ਐਤਵਾਰ ਨੂੰ ਕੈਨੇਡਾ ਨਾਲ ਸਬੰਧਤ 135 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਪਰ ਗਲੋਬਲ ਅਫੇਅਰਜ਼ ਕੈਨੇਡਾ ਨੇ ਐਤਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਵਿੱਚੋਂ ਕਿੰਨੇ ਲੋਕ ਗਾਜ਼ਾ ਤੋਂ ਰਵਾਨਾ ਹੋਣ ਵਾਲੇ ਹਨ ਜਾਂ ਹੋ ਸਕਣਗੇ।
ਸ਼ੁੱਕਰਵਾਰ ਨੂੰ ਪ੍ਰਦਾਨ ਕੀਤੀ ਗਈ ਆਖ਼ਰੀ ਅਪਡੇਟ ਵਿੱਚ ਕਿਹਾ ਗਿਆ ਹੈ ਕਿ 376 ਕੈਨੇਡੀਅਨਜ਼, ਪਰਮਾਨੈਂਟ ਰੈਜ਼ੀਡੈਂਟਸ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਰਫ਼ਾਹ ਕਰਾਸਿੰਗ ਰਾਹੀਂ ਫਲਸਤੀਨੀ ਖੇਤਰ ਛੱਡਣ ਦੇ ਯੋਗ ਹੋ ਗਏ ਹਨ। ਗਾਜ਼ਾ ਦੇ ਸਰਹੱਦੀ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੀ ਗਈ ਤਾਜ਼ਾ ਸੂਚੀ ਵਿੱਚ ਕੋਈ ਵੀ ਕੈਨੇਡੀਅਨ ਸ਼ਾਮਲ ਨਹੀਂ ਹੈ।
7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਸ਼ੁਰੂਆਤੀ ਹਮਲੇ ਵਿੱਚ 1,400 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ, ਹਮਾਸ ਵੱਲੋਂ ਲਗਭਗ 240 ਬੰਧਕਾਂ ਨੂੰ ਇਜ਼ਰਾਈਲ ਤੋਂ ਗਾਜ਼ਾ ਲਿਆਂਦਾ ਗਿਆ ਸੀ।
ਗਾਜ਼ਾ ਦੇ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਇਜ਼ਰਾਈਲ ਦੀ ਜਵਾਬੀ ਫ਼ੌਜੀ ਕਾਰਵਾਈ ਵਿੱਚ ਗਾਜ਼ਾ ਵਿਚ 11,500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ