1. ਮੁੱਖ ਪੰਨਾ
  2. ਸਮਾਜ
  3. ਨਫ਼ਰਤ ਅਧਾਰਤ ਅਪਰਾਧ

ਟੋਰੌਂਟੋ ਦੇ ਯਹੂਦੀ ਸਕੂਲ ਨੂੰ ਮਿਲੀ ਬੰਬ ਦੀ ਧਮਕੀ

ਵੀਰਵਾਰ ਨੂੰ ਵੌਨ ਦੇ ਇੱਕ ਮੁਸਲਿਮ ਕਮਿਊਨਿਟੀ ਸੈਂਟਰ ਨੂੰ ਵੀ ਬੰਬ ਦੀ ਧਮਕੀ ਮਗਰੋਂ ਖ਼ਾਲੀ ਕਰਵਾਇਆ ਗਿਆ ਸੀ

ਸਕੂਲ ਦੀ ਤਸਵੀਰ

ਟੋਰੌਂਟੋ ਦੇ ਇੱਕ ਯਹੂਦੀ ਸਕੂਲ ਐਨ ਐਂਡ ਮੈਕਸ ਟੈਨਨਬੌਮ ਕਮਿਊਨਿਟੀ ਹਿਬਰੂ ਅਕੈਡਮੀ ਨੂੰ 17 ਨਵੰਬਰ ਨੂੰ ਇੱਕ ਈਮੇਲ ਵਿਚ ਬੰਬ ਦੀ ਧਮਕੀ ਦਿੱਤੀ ਗਈ।

ਤਸਵੀਰ: Radio-Canada / CBC

RCI

ਟੋਰੌਂਟੋ ਖੇਤਰ ਦੇ ਨੌਰਥ ਯੌਰਕ ਇਲਾਕੇ ਵਿਚ ਸਥਿਤ ਇੱਕ ਯਹੂਦੀ ਸਕੂਲ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਨੂੰ ਖ਼ਾਲੀ ਕਰਵਾਇਆ ਗਿਆ।

ਐਨ ਐਂਡ ਮੈਕਸ ਟੈਨਨਬੌਮ ਕਮਿਊਨਿਟੀ ਹਿਬਰੂ ਅਕੈਡਮੀ ਔਫ਼ ਟੋਰੌਂਟੋ ਦੇ ਮੁਖੀ ਜੌਨਾਥਨ ਲੈਵੀ ਅਤੇ ਸਟਾਫ਼ ਨੂੰ 17 ਨਵੰਬਰ ਨੂੰ ਸਵੇਰੇ 11 ਵਜੇ ਈਮੇਲ ਆਈ ਜਿਸ ਵਿਚ ਲਿਖਿਆ ਸੀ ਕਿ ਸਕੂਲ ਦੇ ਅੰਦਰ ਅਤੇ ਬਾਹਰ ਬੰਬ ਲਗਾਏ ਗਏ ਹਨ ਅਤੇ ਬਹੁਤ ਸਾਰੇ ਯਹੂਦੀ ਮਾਰੇ ਜਾਣਗੇ

ਲੈਵੀ ਨੇ ਕਿਹਾ ਕਿ ਇਸਤੋਂ ਬਾਅਦ ਤੁਰੰਤ ਟੋਰੌਂਟੋ ਪੁਲਿਸ ਨੂੰ ਜਾਂਚ ਲਈ ਬੁਲਾਇਆ ਗਿਆ ਅਤੇ ਸਟਾਫ਼ ਤੇ ਵਿਦਿਆਰਥੀਆਂ ਨੂੰ ਸਕੂਲ ਦੀ ਇਮਾਰਤ ਤੋਂ ਬਾਹਰ ਕੀਤਾ ਗਿਆ।

ਲੈਵੀ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਅਤੇ ਨਿੰਦਣਯੋਗ ਹੈ ਕਿ ਯਹੂਦੀ ਵਿਰੋਧੀ ਗਤੀਵਿਧੀਆਂ ਵਾਰ ਵਾਰ ਹੋ ਰਹੀਆਂ ਹਨ।

ਲੈਵੀ ਨੇ ਟੋਰੌਂਟੋ ਪੁਲਿਸ ਦਾ ਤੁਰੰਤ ਹਰਕਤ ਵਿਚ ਆਉਣ ਲਈ ਧੰਨਵਾਦ ਕੀਤਾ।

ਪਿਛਲੇ ਕੁਝ ਹਫ਼ਤਿਆਂ ਵਿਚ ਸਕੂਲ ਨੂੰ ਟਾਰਗੇਟ ਕਰਨ ਦੀ ਇਹ ਦੂਸਰੀ ਘਟਨਾ ਸੀ। 12 ਅਕਤੂਬਰ ਨੂੰ ਵੀ ਸਕੂਲ ਖ਼ਿਲਾਫ਼ ਧਮਕੀਆਂ ਦੇਣ ਦੇ ਸਿਲਸਿਲੇ ਵਿਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਅਨੁਸਾਰ ਉਨ੍ਹਾਂ ਦੀ ਹੇਟ ਕਰਾਈਮ ਯੂਨਿਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਜ਼ਰਾਈਲ-ਹਮਾਸ ਜੰਗ ਦੇ ਮੱਦੇਨਜ਼ਰ, ਪੁਲਿਸ ਨੇ ਯਹੂਦੀ ਅਤੇ ਫ਼ਲਸਤੀਨੀ ਭਾਈਚਾਰਿਆਂ ਦੇ ਸੱਭਿਆਚਾਰਕ ਕੇਂਦਰਾਂ, ਪ੍ਰਾਰਥਨਾ ਸਥਾਨਾਂ, ਮਸਜਿਦਾਂ, ਸਕੂਲਾਂ ਅਤੇ ਪੂਰੇ ਸ਼ਹਿਰ ਵਿੱਚ ਧਾਰਮਿਕ ਸਥਾਨਾਂ ਵਿੱਚ ਗਸ਼ਤ ਵਧਾ ਦਿੱਤੀ ਹੈ।

ਪੁਲਿਸ ਇੰਸਪੈਕਟਰ ਜੈਕ ਗਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਕੂਲ ਦੇ ਨਾਲ ਲੱਗਦੀਆਂ ਸੜਕਾਂ ਬੰਦ ਕਰ ਦਿੱਤੀਆਂ ਅਤੇ ਸਕੂਲ ਦੀ ਸੂਹੀਆ ਕੁੱਤਿਆਂ ਦੀ ਮਦਦ ਨਾਲ ਛਾਣਬੀਣ ਕੀਤੀ ਗਈ। ਪੁਲਿਸ ਅਨੁਸਾਰ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

ਜੈਕ ਨੇ ਕਿਹਾ ਕਿ ਉਹ ਯਕੀਨ ਨਾਲ ਕਹਿ ਸਕਦੇ ਹਨ ਕਿ ਇਸ ਮਾਮਲੇ ਵਿਚ ਡਰਣ ਵਾਲੀ ਕੋਈ ਗੱਲ ਨਹੀਂ ਹੈ।

ਮੁਸਲਿਮ ਕਮਿਊਨਿਟੀ ਸੈਂਟਰ ਨੂੰ ਵੀ ਧਮਕੀ

ਵੀਰਵਾਰ ਸ਼ਾਮ ਨੂੰ ਜੀਟੀਏ ਦੇ ਯੌਰਕ ਰੀਜਨ ਚ ਪੈਂਦੇ ਸ਼ਹਿਰ ਵੌਨ ਵਿਚ ਸਥਿਤ ਇੱਕ ਮੁਸਲਿਮ ਕਮਿਊਨਿਟੀ ਸੈਂਟਰ ਨੂੰ ਵੀ ਬੰਬ ਦੀ ਧਮਕੀ ਤੋਂ ਬਾਅਦ ਖ਼ਾਲੀ ਕਰਵਾਇਆ ਗਿਆ ਸੀ।

ਯੌਰਕ ਰੀਜਨਲ ਪੁਲਿਸ ਅਨੁਸਾਰ ਜਾਫ਼ਰੀ ਕਮਿਊਨਿਟੀ ਸੈਂਟਰ ਵਿਚ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ। ਪੁਲਿਸ ਅਨੁਸਾਰ ਛਾਣਬੀਣ ਵਿਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।

ਯੌਰਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਹੇਟ ਕਰਾਈਮ ਯੂਨਿਟ ਨੂੰ ਐਲਰਟ ਕੀਤਾ ਗਿਆ ਸੀ, ਪਰ ਹੁਣ ਇਸ ਮਾਮਲੇ ਦੀ ਜਾਂਚ ਲੋਕਲ ਪੁਲਿਸ ਦੁਆਰਾ ਹੀ ਕੀਤੀ ਜਾ ਰਹੀ ਹੈ। ਫ਼ਿਲਹਾਲ ਸੰਭਾਵੀ ਸ਼ੱਕੀ ਬਾਰੇ ਕੋਈ ਜਾਣਕਾਰੀ ਨ੍ਹੀਂ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ