1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੀ ਘਾਟ ਨੂੰ ਦੂਰ ਕਰਨ ਲਈ ਇਸ ਪੇਸ਼ੇ ਵਿਚ ਤਨਖ਼ਾਹਾਂ ਵਧਾਏਗਾ ਓਨਟੇਰਿਓ

ਸਿੱਖਿਆ ਮੰਤਰੀ ਸਟੀਫ਼ਨ ਲੈਚੇ ਨੇ ਜਾਰੀ ਕੀਤੀ ਨਵੀਂ ਰਣਨੀਤੀ

ਓਨਟੇਰਿਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਦੀ 25 ਅਗਸਤ 2023 ਦੀ ਤਸਵੀਰ।

ਓਨਟੇਰਿਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਦੀ 25 ਅਗਸਤ 2023 ਦੀ ਤਸਵੀਰ।

ਤਸਵੀਰ:  (Chris Young/The Canadian Press)

RCI

ਓਨਟੇਰਿਓ ਸਰਕਾਰ ਜ਼ਿਆਦਾਤਰ ਲਾਇਸੰਸਸ਼ੁਦਾ ਚਾਈਲਡ-ਕੇਅਰ ਸੈਂਟਰਾਂ ਵਿੱਚ ਅਰਲੀ ਚਾਈਲਡਕੇਅਰ ਐਜੂਕੇਟਰਜ਼ (ECE) ਦੀ ਘਾਟ ਨੂੰ ਦੂਰ ਕਰਨ ਦੇ ਉਦੇਸ਼ ਨਾਲ ECEs ਦੀ ਘੱਟੋ-ਘੱਟ ਉਜਰਤ ਨੂੰ ਅਗਲੇ ਸਾਲ ਤੋਂ $23.86 ਪ੍ਰਤੀ ਘੰਟਾ ਕਰ ਰਹੀ ਹੈ। ਪਹਿਲਾਂ ਇਸ ਵੇਜ ਨੂੰ 20 ਡਾਲਰ ਪ੍ਰਤੀ ਘੰਟਾ ਤੱਕ ਵਧਾਉਣ ਦੀ ਯੋਜਨਾ ਸੀ।

ਸਿੱਖਿਆ ਮੰਤਰੀ ਸਟੀਫਨ ਲੈਚੇ ਨੇ ਵੀਰਵਾਰ ਨੂੰ ਆਪਣੀ ਚਾਈਲਡ-ਕੇਅਰ ਵਰਕਫੋਰਸ ਰਣਨੀਤੀ ਜਾਰੀ ਕੀਤੀ, ਜਿਸ ਵਿੱਚ ਵੇਜ ਵਾਧਾ ਵੀ ਸ਼ਾਮਲ ਹੈ ਜਿਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਓਨਟੇਰਿਓ ਦੇ ECEs ਲਈ ਬੁਨਿਆਦੀ ਵੇਜਾਂ ਕੈਨੇਡਾ ਵਿੱਚ ਸਭ ਤੋਂ ਘੱਟ ਤੋਂ ਵਧ ਕੇ ਇੱਕ ਸਭ ਤੋਂ ਉੱਚੀਆਂ ਹੋ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਹ ਕਿੰਡਰਗਾਰਟਨ ਕਲਾਸਰੂਮਾਂ ਵਿੱਚ ਕੰਮ ਕਰਨ ਵਾਲੇ ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੇ ਨਾਲ ਵੇਜ ਸਮਾਨਤਾ ਬਣਾਉਣ ਵਿੱਚ ਮਦਦ ਕਰੇਗਾ।

ਮੰਤਰਾਲੇ ਦੇ ਅਧਿਕਾਰੀ ਆਗਾਹ ਕਰ ਚੁੱਕੇ ਹਨ ਕਿ ਸੂਬੇ ਵਿੱਚ 2026 ਤੱਕ 8,500 ECEs ਦੀ ਕਮੀ ਹੋ ਸਕਦੀ ਹੈ, ਜਿਸ ਸਾਲ ਓਨਟੇਰਿਓ ਨੈਸ਼ਨਲ ਚਾਈਲਡ ਕੇਅਰ ਸਿਸਟਮ ਤਹਿਤ 86,000 ਨਵੀਆਂ ਸਪੇਸੇਜ਼ ਬਣਾਉਣ ਦੀ ਉਮੀਦ ਰੱਖਦਾ ਹੈ।

ਨੈਸ਼ਨਲ ਚਾਈਲਡ ਕੇਅਰ ਵਿਚ ਸ਼ਾਮਲ ਹੋਣ ਵਾਲੇ 92% ਲਾਇਸੰਸਸ਼ੁਦਾ ਕੇਂਦਰਾਂ ਅਤੇ ਘਰੇਲੂ ਡੇ-ਕੇਅਰਾਂ ਵਿੱਚ ਬੱਚਿਆਂ ਵਾਲੇ ਪਰਿਵਾਰਾਂ ਲਈ ਫੀਸਾਂ ਵਿੱਚ ਪਹਿਲਾਂ ਹੀ 50% ਦੀ ਕਟੌਤੀ ਕੀਤੀ ਜਾ ਚੁੱਕੀ ਹੈ, ਅਤੇ ਫੀਸਾਂ ਨੂੰ 2025 ਤੱਕ ਔਸਤਨ $10 ਪ੍ਰਤੀ ਦਿਨ ਤੱਕ ਘਟਾ ਦਿੱਤਾ ਜਾਵੇਗਾ।

ਪਰ ECE ਸੈਕਟਰ ਦੀ ਹਿਮਾਇਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ECE ਦੀ ਘਾਟ ਸੈਕਟਰ ਦੇ ਵਿਕਾਸ ਵਿੱਚ ਰੁਕਾਵਟ ਪਾ ਰਹੀ ਹੈ ਅਤੇ ਬਹੁਤ ਸਾਰੇ ਕੇਂਦਰਾਂ ਨੂੰ ਸਟਾਫ ਦੀ ਘਾਟ ਕਾਰਨ ਕੰਮ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਵੱਖ-ਵੱਖ ਹਿਮਾਇਤੀਆਂ ਵੱਲੋਂ $25, $30, ਜਾਂ $40 ਪ੍ਰਤੀ ਘੰਟਾ ਤੱਕ ਦੀ ਵੇਜ ਦੀ ਮੰਗ ਕੀਤੀ ਜਾਂਦੀ ਰਹੀ ਹੈ।

ਓਨਟੇਰਿਓ ਦੇ ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੀ ਐਸੋਸੀਏਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਐਲੇਨਾ ਪੌਵੇਲ ਨੇ ਕਿਹਾ ਕਿ ਇਹ ਐਲਾਨ ਰਜਿਸਟਰਡ ECEs ਨੂੰ ਸੈਕਟਰ ਵਿੱਚ ਰਹਿਣ ਅਤੇ ਵਿਕਾਸ ਦੇਖਣ ਦੇ ਮੌਕੇ ਪ੍ਰਦਾਨ ਕਰਨ ਵਿਚ ਮਦਦ ਕਰੇਗਾ।

ਹਾਲਾਂਕਿ ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ਵਾਧੇ ਦੀ ਰਕਮ ਭਾਵੇਂ ਸਰਬੋਤਮ ਨਹੀਂ ਹੈ, ਪਰ ਫਿਰ ਵੀ ਇਹ ਓਨਟੇਰਿਓ ਵਿਚ ਇਸ ਪੇਸ਼ੇ ਵਿਚ ਇੱਕ ਸਾਰਥਕ ਪ੍ਰਭਾਵ ਪਾਏਗਾ।

ਲੈਚੇ ਨੇ ਕਿਹਾ, ਇਹ ਖਾਸ ਤੌਰ 'ਤੇ ECEs ਨਾਲ ਸੰਬੰਧਿਤ ਹੈ ਕਿਉਂਕਿ ਇਹ ਫ਼ੈਡਰਲ ਸਮਝੌਤੇ ਦਾ ਹਿੱਸਾ ਹੈ

ਓਨਟੇਰਿਓ ਨੇ ਰਾਸ਼ਟਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਫ਼ੈਡਰਲ ਸਰਕਾਰ ਨਾਲ ਹਸਤਾਖਰ ਕੀਤੇ ਸਮਝੌਤੇ ਦੇ ਹਿੱਸੇ ਵੱਜੋਂ 2022 ਵਿੱਚ $18 ਪ੍ਰਤੀ ਘੰਟਾ ਦੀ ਬੁਨਿਆਦੀ ਵੇਜ ਨਿਰਧਾਰਤ ਕਰਨੀ ਸੀ ਅਤੇ ਇਸਨੂੰ $1 ਪ੍ਰਤੀ ਸਾਲ ਵਧਾ ਕੇ $25 ਤੱਕ ਕਰਨਾ ਸੀ।

ਲੈਚੇ ਦੀ ਨਵੀਂ ਰਣਨੀਤੀ ਦੇ ਤਹਿਤ, ਬੁਨਿਆਦੀ ਵੇਜ ਅਗਲੇ ਸਾਲ $23.86 ਪ੍ਰਤੀ ਘੰਟਾ ਤੱਕ ਵਧੇਗੀ ਅਤੇ 2026 ਵਿੱਚ $25.86 ਤੱਕ ਹਰ ਸਾਲ $1 ਪ੍ਰਤੀ ਘੰਟਾ ਵਧਦੀ ਰਹੇਗੀ।

ਐਲੀਸਨ ਜੋਨਜ਼ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ