1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪਲਾਸਟਿਕ ਦੀਆਂ ਵਸਤੂਆਂ ਨੂੰ ਜ਼ਹਿਰੀਲਾ ਸੂਚੀਬੱਧ ਕਰਨ ਦਾ ਫ਼ੈਡਰਲ ਸਰਕਾਰ ਦਾ ਫ਼ੈਸਲਾ ਗ਼ੈਰ-ਸੰਵਿਧਾਨਕ: ਅਦਾਲਤ

ਫ਼ੈਡਰਲ ਸਰਕਾਰ ਇਸ ਫ਼ੈਸਲੇ ਵਿਰੁੱਧ ਅਪੀਲ ਕਰਨ 'ਤੇ ਵਿਚਾਰ ਕਰ ਰਹੀ ਹੈ

ਫ਼ੈਡਰਲ ਨਿਯਮਾਂ ਅਨੁਸਾਰ 20 ਦਸੰਬਰ ਤੋਂ ਬਾਅਦ ਕੈਨੇਡਾ ਵਿੱਚ ਸਿੰਗਲ-ਯੂਜ਼ ਪਲਾਸਟਿਕ ਬੈਗ, ਕਟਲਰੀ, ਫੂਡ ਸਰਵਿਸ ਵੇਅਰ, ਸਟਿਰ-ਸਟਿਕਸ ਅਤੇ ਸਟਰੌਅ ਦੀ ਵਿਕਰੀ 'ਤੇ ਪਾਬੰਦੀ ਲੱਗਣੀ ਹੈ।

ਫ਼ੈਡਰਲ ਨਿਯਮਾਂ ਅਨੁਸਾਰ 20 ਦਸੰਬਰ ਤੋਂ ਬਾਅਦ ਕੈਨੇਡਾ ਵਿੱਚ ਸਿੰਗਲ-ਯੂਜ਼ ਪਲਾਸਟਿਕ ਬੈਗ, ਕਟਲਰੀ, ਫੂਡ ਸਰਵਿਸ ਵੇਅਰ, ਸਟਿਰ-ਸਟਿਕਸ ਅਤੇ ਸਟਰੌਅ ਦੀ ਵਿਕਰੀ 'ਤੇ ਪਾਬੰਦੀ ਲੱਗਣੀ ਹੈ।

ਤਸਵੀਰ: (AFP via Getty Images)

RCI

ਇੱਕ ਫ਼ੈਡਰਲ ਅਦਾਲਤ ਦੇ ਜੱਜ ਨੇ ਫ਼ੈਸਲਾ ਸੁਣਾਇਆ ਹੈ ਕਿ ਪਲਾਸਟਿਕ ਦੀਆਂ ਵਸਤੂਆਂ ਨੂੰ ਜ਼ਹਿਰੀਲੇ ਵਜੋਂ ਸੂਚੀਬੱਧ ਕਰਨ ਦਾ ਫ਼ੈਡਰਲ ਸਰਕਾਰ ਦਾ ਫ਼ੈਸਲਾ “ਗ਼ੈਰ-ਵਾਜਬ ਅਤੇ ਗ਼ੈਰ-ਸੰਵਿਧਾਨਕ” ਸੀ।

ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਫ਼ੈਸਲੇ ਵਿੱਚ, ਜਸਟਿਸ ਐਂਜੇਲਾ ਫ਼ਰਲੈਨੇਟੋ ਨੇ ਲਿਖਿਆ ਕਿ ਪਲਾਸਟਿਕ ਤੋਂ ਤਿਆਰ ਕੀਤੀਆਂ ਵਸਤੂਆਂ ਦੀ ਸ਼੍ਰੇਣੀ ਬਹੁਤ ਵਿਸ਼ਾਲ ਹੈ ਅਤੇ ਸਾਰਿਆਂ ਨੂੰ ਜ਼ਹਿਰੀਲੇ ਹੋਣ ਦੇ ਲੇਬਲ ਹੇਠ ਨਹੀਂ ਕੀਤਾ ਜਾ ਸਕਦਾ।

ਜਸਟਿਸ ਐਂਜੇਲਾ ਨੇ ਲਿਖਿਆ, ਅਜਿਹਾ ਕੋਈ ਉਚਿਤ ਖਦਸ਼ਾ ਨਹੀਂ ਹੈ ਕਿ ਸਾਰੀਆਂ ਸੂਚੀਬੱਧ [ਪਲਾਸਟਿਕ ਨਿਰਮਿਤ ਵਸਤੂਆਂ] ਨੁਕਸਾਨਦੇਹ ਹਨ

ਇਹ ਮੁਕੱਦਮਾ ਪਲਾਸਟਿਕ ਦੀਆਂ ਪ੍ਰਮੁੱਖ ਉਦਯੋਗਿਕ ਕੰਪਨੀਆਂ ਦੇ ਇੱਕ ਸਮੂਹ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਡੋਅ ਕੈਮੀਕਲ, ਇੰਪੀਰੀਅਲ ਆਇਲ ਅਤੇ ਨੋਵਾ ਕੈਮੀਕਲ ਸ਼ਾਮਲ ਹਨ। ਉਹਨਾਂ ਨੇ ਦਲੀਲ ਦਿੱਤੀ ਸੀ ਕਿ ਫ਼ੈਡਰਲ ਸਰਕਾਰ ਇਹ ਦਿਖਾਉਣ ਵਿੱਚ ਅਸਫਲ ਰਹੀ ਹੈ ਕਿ ਉਸ ਕੋਲ ਪਲਾਸਟਿਕ ਨਿਯਮਾਂ ਨੂੰ ਜਾਇਜ਼ ਠਹਿਰਾਉਣ ਲਈ ਲੋੜੀਂਦੇ ਵਿਗਿਆਨਕ ਸਬੂਤ ਸਨ।

ਵਾਤਾਵਰਣ ਮੰਤਰੀ ਸਟੀਵਨ ਗਿਲਬੌ ਨੇ ਕਿਹਾ ਕਿ ਫ਼ੈਡਰਲ ਸਰਕਾਰ ਵੀਰਵਾਰ ਦੇ ਫ਼ੈਸਲੇ ਦੀ ਸਮੀਖਿਆ ਕਰ ਰਹੀ ਹੈ ਅਤੇ ਫ਼ੈਸਲੇ ਦੇ ਵਿਰੁੱਧ ਅਪੀਲ ਕਰਨ ‘ਤੇ ਜ਼ੋਰਦਾਰ ਵਿਚਾਰ ਕਰ ਰਹੀ ਹੈ।

ਗਿਲਬੌ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਕੈਨੇਡੀਅਨਜ਼ ਪਲਾਸਟਿਕ ਨੂੰ ਸਾਡੇ ਵਾਤਾਵਰਣ ਤੋਂ ਦੂਰ ਰੱਖਣ ਲਈ ਕਾਰਵਾਈ ਚਾਹੁੰਦੇ ਹਨ ਅਤੇ ਸਰਕਾਰ ਇਸ ਉਦੇਸ਼ ਲਈ ਲੜਾਈ ਜਾਰੀ ਰੱਖੇਗੀ।

ਫ਼ੈਡਰਲ ਵਾਤਾਵਰਣ ਮੰਤਰੀ ਸਟੀਵਨ ਗਿਲਬੌ

ਫ਼ੈਡਰਲ ਵਾਤਾਵਰਣ ਮੰਤਰੀ ਸਟੀਵਨ ਗਿਲਬੌ

ਤਸਵੀਰ:  (Sean Kilpatrick/The Canadian Press)

ਪਲਾਸਟਿਕ ਦੀਆਂ ਵਸਤੂਆਂ ਨੂੰ ਜ਼ਹਿਰੀਲੇ ਵਜੋਂ ਸੂਚੀਬੱਧ ਕਰਨ ਦਾ ਫ਼ੈਸਲਾ ਇੱਕ ਅਹਿਮ ਕਦਮ ਸੀ ਜਿਸ ਨੇ ਫ਼ੈਡਰਲ ਸਰਕਾਰ ਨੂੰ ਕੁਝ ਸਿੰਗਲ-ਵਰਤੋਂ ਵਾਲੀਆਂ ਪਲਾਸਟਿਕ ਵਸਤੂਆਂ 'ਤੇ ਪਾਬੰਦੀ ਲਾਉਣ ਦੇ ਯੋਗ ਕੀਤਾ ਸੀ। ਉਹ ਨਿਯਮ, 20 ਦਸੰਬਰ ਤੋਂ, ਮੁਲਕ ਵਿੱਚ ਪਲਾਸਟਿਕ ਚੈਕਆਉਟ ਬੈਗ, ਕਟਲਰੀ, ਫੂਡ ਸਰਵਿਸ ਵੇਅਰ, ਸਟਿਰ-ਸਟਿਕਸ ਅਤੇ ਸਟਰੌਅ ਦੀ ਵਿਕਰੀ 'ਤੇ ਪਾਬੰਦੀ ਲਗਾਉਣਗੇ।

ਇਸ ਕੇਸ ਵਿਚ ਵਾਤਾਰਵਣ ਸਮੂਹਾਂ ਦੀ ਤਰਫ਼ੋਂ ਪੇਸ਼ ਹੋਣ ਵਾਲੀ ਵਕੀਲ ਲਿੰਡਸੇ ਬੈਕ ਨੇ ਅਦਾਲਤ ਦੇ ਫ਼ੈਸਲੇ ਨੂੰ ‘ਨਿਰਾਸ਼ਾਜਨਕ’ ਆਖਿਆ।

ਬੈਕ ਨੇ ਸੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ, ਅਸੀਂ ਜਾਣਦੇ ਹਾਂ ਕਿ ਪਲਾਸਟਿਕ ਪ੍ਰਦੂਸ਼ਣ ਸਾਡੇ ਸਮੇਂ ਦੇ ਪ੍ਰਮੁੱਖ ਵਾਤਾਵਰਣ ਸੰਕਟ ਵਿੱਚੋਂ ਇੱਕ ਹੈ ਅਤੇ ਇਹ [ਫ਼ੈਸਲਾ] ਅਸਲ ਵਿੱਚ ਫ਼ੈਡਰਲ ਸਰਕਾਰ ਦੀ ਇਸ ਸੰਕਟ ਨਾਲ ਨਜਿੱਠਣ ਦੀ ਸਮਰੱਥਾ ਵਿੱਚ ਰੁਕਾਵਟ ਪਾਉਂਦਾ ਹੈ

ਵੇਸਟ (ਰਹਿੰਦ-ਖੂੰਹਦ) ਪ੍ਰਬੰਧਨ ਨੂੰ ਨਿਯਮਤ ਕਰਨਾ ਆਮ ਤੌਰ 'ਤੇ ਸੂਬਾਈ ਜ਼ਿੰਮੇਵਾਰੀ ਹੁੰਦੀ ਹੈ। ਫ਼ੈਡਰਲ ਸਰਕਾਰ ਕੇਵਲ ਤਾਂ ਹੀ ਵਾਤਾਵਰਣ ਸੁਰੱਖਿਆ ਲਈ ਪਦਾਰਥਾਂ ਨੂੰ ਨਿਯੰਤ੍ਰਿਤ ਕਰਨ ਦੇ ਯੋਗ ਹੁੰਦੀ ਹੈ ਜੇਕਰ ਉਹ ਪਦਾਰਥ ਕੈਨੇਡੀਅਨ ਵਾਤਾਵਰਣ ਸੁਰੱਖਿਆ ਐਕਟ ਅਧੀਨ ਜ਼ਹਿਰੀਲੇ ਵਜੋਂ ਸੂਚੀਬੱਧ ਕੀਤੇ ਗਏ ਹੋਣ।

ਪਰ ਐਂਜੇਲਾ ਨੇ ਲਿਖਿਆ ਕਿ ਸੂਚੀ ਵਿੱਚ ਪਲਾਸਟਿਕ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਸ਼ਾਮਲ ਕਰਨਾ ਐਕਟ ਦੇ ਨਿਯਮਾਂ ਤੋਂ ਪਰੇ ਹੈ।

ਜੱਜ ਨੇ ਇਹ ਵੀ ਲਿਖਿਆ ਕਿ ਫ਼ੈਡਰਲ ਸਰਕਾਰ ਦਾ ਫੈਸਲਾ ਸੰਘਵਾਦ ਦੇ ਸੰਤੁਲਨ ਲਈ ਖ਼ਤਰਾ ਹੈ ਕਿਉਂਕਿ ਇਸ ਨੇ ਆਪਣੇ ਨਿਯਮਾਂ ਨੂੰ ਉਹਨਾਂ ਪਲਾਸਟਿਕਾਂ ਤੱਕ ਸੀਮਤ ਨਹੀਂ ਰੱਖਿਆ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਰੱਖਦੇ ਹਨ।

ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿੱਥ ਨੇ ਫ਼ੈਡਰਲ ਸਰਕਾਰ ਨੂੰ ਜੱਜ ਦੇ ਫ਼ੈਸਲੇ ਖ਼ਿਲਾਫ਼ ਅਪੀਲ ਨਾ ਕਰਨ ਲਈ ਆਖਿਆ ਹੈ।

ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿੱਥ ਨੇ ਫ਼ੈਡਰਲ ਸਰਕਾਰ ਨੂੰ ਜੱਜ ਦੇ ਫ਼ੈਸਲੇ ਖ਼ਿਲਾਫ਼ ਅਪੀਲ ਨਾ ਕਰਨ ਲਈ ਆਖਿਆ ਹੈ।

ਤਸਵੀਰ:  (Jason Franson/The Canadian Press)

ਅਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਅਤੇ ਉਨ੍ਹਾਂ ਦੀ ਵਾਤਾਵਰਣ ਮੰਤਰੀ ਰੇਬੇਕਾ ਸ਼ੁਲਜ਼ ਨੇ ਕਿਹਾ ਕਿ ਜ਼ਹਿਰੀਲੇ ਪਦਾਰਥਾਂ ਦੀ ਸੂਚੀ ਵਿੱਚ ਪਲਾਸਟਿਕ ਨੂੰ ਸ਼ਾਮਲ ਕਰਨ ਦਾ ਕੈਨੇਡਾ ਸਰਕਾਰ ਦਾ ਸ਼ੁਰੂਆਤੀ ਫੈਸਲਾ ਫ਼ੈਡਰਲ ਓਵਰਰੀਚ ਦੀ ਇੱਕ ਉਦਾਹਰਣ ਸੀ।

ਉਹਨਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, ਇਹ ਫ਼ੈਡਰਲ ਸਰਕਾਰ ਲਈ ਅਦਾਲਤਾਂ ਅਤੇ ਕੈਨੇਡੀਅਨਜ਼ ਦੀ ਗੱਲ ਸੁਣਨ ਦਾ ਸਮਾਂ ਹੈ। ਅਸੀਂ ਉਹਨਾਂ ਨੂੰ ਇਸ ਫ਼ੈਸਲੇ ਦੀ ਅਪੀਲ ਨਾ ਕਰਨ ਅਤੇ [ਜ਼ਹਿਰੀਲੇ ਪਦਾਰਥਾਂ ਦੀ ਸੂਚੀ] ਵਿੱਚੋਂ 'ਪਲਾਸਟਿਕ ਦੀਆਂ ਬਣੀਆਂ ਵਸਤੂਆਂ' ਨੂੰ ਤੁਰੰਤ ਹਟਾਉਣ ਦੀ ਅਪੀਲ ਕਰਦੇ ਹਾਂ

ਇਹ ਮੁਕੱਦਮਾ ਖ਼ਾਸ ਤੌਰ 'ਤੇ ਇੱਕ ਆਰਡਰ-ਇਨ-ਕੌਂਸਲ ਨਾਲ ਸਬੰਧਤ ਸੀ ਜਿਸ ਨੇ ਜ਼ਹਿਰੀਲੇ ਪਦਾਰਥਾਂ ਦੀ ਸੂਚੀ ਵਿੱਚ ਪਲਾਸਟਿਕ ਦੀਆਂ ਨਿਰਮਿਤ ਵਸਤੂਆਂ ਨੂੰ ਸ਼ਾਮਲ ਕੀਤਾ ਸੀ। ਬਿੱਲ ਐਸ-5 ਨੂੰ ਜੂਨ ਵਿੱਚ ਸ਼ਾਹੀ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਚੀਜ਼ਾਂ ਨੂੰ ਕਾਨੂੰਨ ਦੁਆਰਾ ਜ਼ਹਿਰੀਲੇ ਵਜੋਂ ਸੂਚੀਬੱਧ ਕੀਤਾ ਗਿਆ ਸੀ।

ਫ਼ੈਡਰਲ ਸਰਕਾਰ ਨੇ ਇਹ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਕਿ ਜੱਜ ਦੇ ਫੈਸਲੇ ਦਾ ਐਸ-5 ਦੇ ਪਾਸ ਹੋਣ ਕਾਰਨ ਇਸਦੇ ਸਿੰਗਲ-ਯੂਜ਼ ਪਲਾਸਟਿਕ ਬੈਨ (ਨਵੀਂ ਵਿੰਡੋ) ‘ਤੇ ਕੋਈ ਅਸਰ ਨਹੀਂ ਪਵੇਗਾ। ਭਾਵੇਂ ਐਂਜੇਲਾ ਨੇ ਮੂਲ ਆਰਡਰ-ਇਨ-ਕੌਂਸਲ ਨੂੰ ਰੱਦ ਕਰ ਦਿੱਤਾ, ਪਰ ਉਨ੍ਹਾਂ ਨੇ ਐਸ-5 ਦੀ ਸੰਵਿਧਾਨਕ ਵੈਧਤਾ ‘ਤੇ ਫ਼ੈਸਲਾ ਨਹੀਂ ਦਿੱਤਾ।

ਪਰ ਬੈਕ ਨੇ ਕਿਹਾ ਕਿ ਆਰਡਰ-ਇਨ-ਕੌਂਸਲ ਨੂੰ ਰੱਦ ਕਰਕੇ, ਜੱਜ ਨੇ ਐਸ-5 ਦੇ ਤਹਿਤ ਜ਼ਹਿਰੀਲੇ ਪਦਾਰਥਾਂ ਦੀ ਸੂਚੀ ਵਿੱਚ ਪਲਾਸਟਿਕ ਨੂੰ ਸ਼ਾਮਲ ਕਰਨ ਦੇ ਸਰਕਾਰ ਦੇ ਤਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੁੱਸ ਕਰ ਦਿੱਤਾ ਹੈ।

ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ