1. ਮੁੱਖ ਪੰਨਾ
  2. ਸਮਾਜ

ਲੰਡਨ ਦੇ ਮੁਸਲਿਮ ਪਰਿਵਾਰ ਨੂੰ ਟਰੱਕ ਥੱਲੇ ਕੁਚਲਣ ਵਾਲਾ ਵਿਅਕਤੀ ਕਤਲ ਅਤੇ ਇਰਾਦਾ ਕਤਲ ਲਈ ਦੋਸ਼ੀ ਕਰਾਰ

ਅਦਾਲਤ ਨੇ ਨੇਥੇਨੀਅਲ ਵੈਲਟਮੈਨ ਨੂੰ ਪਾਇਆ ਦੋਸ਼ੀ

ਲੰਡਨ ਹਮਲੇ ਲਈ ਦੋਸ਼ੀ ਪਾਏ ਗਏ 22 ਸਾਲ ਦੇ ਵਿਅਕਤੀ ਨੇਥੇਨੀਅਲ ਵੈਲਟਮੈਨ ਦਾ ਸਕੈਚ।

ਲੰਡਨ ਹਮਲੇ ਲਈ ਦੋਸ਼ੀ ਪਾਏ ਗਏ 22 ਸਾਲ ਦੇ ਵਿਅਕਤੀ ਨੇਥੇਨੀਅਲ ਵੈਲਟਮੈਨ ਦਾ ਸਕੈਚ।

ਤਸਵੀਰ:  (Pam Davies/CBC)

RCI

ਵਿੰਡਸਰ ਦੀ ਅਦਾਲਤ ਨੇ ਨੇਥੇਨੀਅਲ ਵੈਲਟਮੈਨ ਨੂੰ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ।

22 ਸਾਲ ਦੇ ਵੈਲਟਮੈਨ ਨੂੰ 2021 ਵਿਚ ਓਨਟੇਰਿਓ ਦੇ ਲੰਡਨ ਸ਼ਹਿਰ ਦੇ ਇੱਕ ਮੁਸਲਿਮ ਪਰਿਵਾਰ ਨੂੰ ਟਰੱਕ ਥੱਲੇ ਕੁਚਲਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਸੀ। ਵੈਲਟਮੈਨ ਨੇ ਆਪਣਾ ਜੁਰਮ ਨਹੀਂ ਕਬੂਲਿਆ ਸੀ।

10 ਹਫ਼ਤਿਆਂ ਤੋਂ ਵੀ ਵੱਧ ਸਮੇਂ ਤੱਕ ਚੱਲੇ ਮੁਕੱਦਮੇ ਵਿਚ 12 ਮੈਂਬਰਾਂ ਦੀ ਜਿਊਰੀ ਨੇ ਬੁੱਧਵਾਰ ਨੂੰ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਸੀ ਅਤੇ ਵੀਰਵਾਰ ਦੁਪਹਿਰੇ ਆਪਣਾ ਫ਼ੈਸਲਾ ਸੁਣਾਇਆ।

ਪੁਲਿਸ ਵੱਲੋਂ ਇਸ ਨੂੰ ਹਮਲੇ ਨੂੰ ਮੁਸਲਿਮ ਵਿਰੋਧੀ ਭਾਵਨਾਵਾਂ ਨਾਲ ਸਬੰਧਤ ਨਫ਼ਰਤ ਭਰਿਆ ਅਪਰਾਧ ਕਰਾਰ ਦੇਣ ਤੋਂ ਬਾਅਦ ਇਸ ਹਮਲੇ ਦੀ ਕੈਨੇਡਾ ਅਤੇ ਦੁਨੀਆ ਭਰ ਵਿੱਚ ਨਿੰਦਾ ਹੋਈ ਸੀ। ਫ਼ਸਟ-ਡਿਗਰੀ ਮਰਡਰ (ਪਹਿਲੇ ਦਰਜੇ ਦੇ ਕਤਲ) ਵਿੱਚ 25 ਸਾਲਾਂ ਲਈ ਪੈਰੋਲ ਦੀ ਸੰਭਾਵਨਾ ਦੇ ਬਗ਼ੈਰ ਉਮਰ ਕੈਦ ਦੀ ਸਜ਼ਾ ਹੁੰਦੀ ਹੈ।

46 ਸਾਲਾ ਸਲਮਾਨ ਅਫਜ਼ਲ, ਉਸਦੀ 44 ਸਾਲਾ ਪਤਨੀ ਮਦੀਹਾ ਸਲਮਾਨ, ਉਨ੍ਹਾਂ ਦੀ 15 ਸਾਲਾ ਬੇਟੀ ਯੁਮਨਾ ਸਲਮਾਨ ਅਤੇ ਅਫਜ਼ਲ ਦੀ 74 ਸਾਲਾ ਮਾਂ ਤਲਤ ਅਫਜ਼ਲ ਦੀ ਤਸਵੀਰ।

46 ਸਾਲਾ ਸਲਮਾਨ ਅਫਜ਼ਲ, ਉਸਦੀ 44 ਸਾਲਾ ਪਤਨੀ ਮਦੀਹਾ ਸਲਮਾਨ, ਉਨ੍ਹਾਂ ਦੀ 15 ਸਾਲਾ ਬੇਟੀ ਯੁਮਨਾ ਸਲਮਾਨ ਅਤੇ ਅਫਜ਼ਲ ਦੀ 74 ਸਾਲਾ ਮਾਂ ਤਲਤ ਅਫਜ਼ਲ ਦੀ ਤਸਵੀਰ।

6 ਜੂਨ 2021 ਨੂੰ ਇੱਕ ਮੁਸਲਿਮ ਪਰਿਵਾਰ, ਸ਼ਹਿਰ ਦੇ ਹਾਈਡ ਪਾਰਕ ਰੋਡ ਦੇ ਨਜ਼ਦੀਕ ਤੁਰ ਰਿਹਾ ਸੀ ਅਤੇ ਜਿਸ ਵੇਲੇ ਪਰਿਵਾਰ ਸੜਕ ਦੇ ਦੂਸਰੇ ਪਾਸੇ ਜਾਣ ਲਈ ਇੰਟਰਸੈਕਸ਼ਨ ਉੱਤੇ ਉਡੀਕ ਕਰ ਰਿਹਾ ਸੀ, ਉਦੋਂ ਇੱਕ ਪਿਕ-ਅਪ ਟਰੱਕ ਜਿਸਨੂੰ ਵੈਲਟਮੈਨ ਚਲਾ ਰਿਹਾ ਸੀ, ਨੇ ਉਹਨਾਂ ਨੂੰ ਟੱਕਰ ਮਾਰਕੇ ਗੱਡੀ ਥੱਲੇ ਦਰੜ ਦਿੱਤਾ।

ਇਸ ਘਟਨਾ ਵਿੱਚ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਸੀ ਜਦਕਿ ਇੱਕ ਬੱਚਾ ਜ਼ਖਮੀ ਹੋ ਗਿਆ ਸੀ। ਮ੍ਰਿਤਕਾਂ ਦੀ ਪਛਾਣ 46 ਸਾਲਾ ਸਲਮਾਨ ਅਫਜ਼ਲ, ਉਸਦੀ 44 ਸਾਲਾ ਪਤਨੀ ਮਦੀਹਾ ਸਲਮਾਨ, ਉਨ੍ਹਾਂ ਦੀ 15 ਸਾਲਾ ਬੇਟੀ ਯੁਮਨਾ ਸਲਮਾਨ ਅਤੇ ਅਫਜ਼ਲ ਦੀ 74 ਸਾਲਾ ਮਾਂ ਤਲਤ ਅਫਜ਼ਲ ਵਜੋਂ ਹੋਈ ਸੀ।

22 ਸਾਲਾ ਵੈਲਟਮੈਨ ਨੇ ਹਮਲੇ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਇਸ ਨਾਲ ਸਬੰਧਤ ਦਹਿਸ਼ਤਗਰਦੀ ਦੇ ਦੋਸ਼ਾਂ ਨੂੰ ਕਬੂਲ ਨਹੀਂ ਕੀਤਾ ਸੀ।

ਮੁਕੱਦਮੇ ਦੇ ਦੌਰਾਨ, ਇਸਤਗਾਸਾ ਪੱਖ ਨੇ ਦਲੀਲ ਦਿੱਤੀ ਸੀ ਕਿ ਇਹ ਇੱਕ ਅੱਤਵਾਦੀ ਘਟਨਾ ਸੀ, ਜੋਕਿ ਕ੍ਰਿਮਿਨਲ ਕੋਡ ਵਿੱਚ ਇੱਕ ਸਿਆਸੀ, ਵਿਚਾਰਧਾਰਕ ਜਾਂ ਧਾਰਮਿਕ ਉਦੇਸ਼, ਮਕਸਦ ਜਾਂ ਕਾਰਨ ਦੁਆਰਾ ਪ੍ਰੇਰਿਤ ਕਤਲ ਵਜੋਂ ਪਰਿਭਾਸ਼ਿਤ ਹੈ, ਅਤੇ ਜਿਸਦਾ ਇਰਾਦਾ ਜਨਤਾ ਜਾਂ ਜਨਤਾ ਦੇ ਇੱਕ ਹਿੱਸੇ ਨੂੰ ਡਰਾਉਣ ਦਾ ਸੀ।

ਜਸਟਿਸ ਰੈਨੀ ਪੌਮੈਰੈਂਸ ਨੇ ਜਿਊਰਰਜ਼ ਨੂੰ ਦੱਸਿਆ ਕਿ ਉਹ ਦੋਸ਼ੀ ਨੂੰ ਫ਼ਸਟ-ਡਿਗਰੀ ਮਰਡਰ ਦਾ ਦੋਸ਼ੀ ਪਾ ਸਕਦੇ ਹਨ ਜੇਕਰ ਉਹ ਸਹਿਮਤ ਹੁੰਦੇ ਹਨ ਕਿ ਹਮਲਾ ਯੋਜਨਾਬੱਧ ਅਤੇ ਜਾਣਬੁੱਝ ਕੇ ਕੀਤਾ ਗਿਆ ਸੀ, ਜਾਂ ਜੇ ਇਹ ਇੱਕ ਅੱਤਵਾਦੀ ਕਾਰਵਾਈ ਸੀ, ਜਾਂ ਦੋਵਾਂ ਦਾ ਸੁਮੇਲ ਸੀ। ਕੈਨੇਡੀਅਨ ਕਾਨੂੰਨ ਦੇ ਤਹਿਤ, ਜਿਊਰੀ ਦੇ ਵਿਚਾਰ-ਵਟਾਂਦਰੇ ਅਤੇ ਫੈਸਲੇ ਦੇ ਕਾਰਨ ਗੁਪਤ ਹੁੰਦੇ ਹਨ, ਇਸ ਲਈ ਵਕੀਲਾਂ ਅਤੇ ਜਨਤਾ ਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਜਿਊਰੀ ਆਪਣੇੇ ਫੈਸਲੇ 'ਤੇ ਕਿਵੇਂ ਜਾਂ ਕਿਉਂ ਪਹੁੰਚੀ। ਉਨ੍ਹਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਕੀ ਉਨ੍ਹਾਂ ਦੇ ਫੈਸਲੇ ਵਿਚ ਅੱਤਵਾਦ ਇਕ ਪਹਿਲੂ ਸੀ ਜਾਂ ਨਹੀਂ।

ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ ਨੇ X ‘ਤੇ ਇੱਕ ਪੋਸਟ ਵਿਚ ਲਿਖਿਆ ਕਿ ਓਨਟੇਰਿਓ ਦੇ ਪਰਿਵਾਰ ਨੂੰ ਮਾਰਨ ਵਾਲੇ ਵਿਅਕਤੀ ਦੇ ਦੋਸ਼ੀ ਕਰਾਰ ਦਿੱਤੇ ਜਾਣ ਦੇ ਫ਼ੈਸਲੇ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਅਤੇ ਇਨਸਾਫ਼ ਹੋਇਆ ਹੈ।

ਕੇਟ ਡੁਬਿਨਸਕੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ