- ਮੁੱਖ ਪੰਨਾ
- ਅਰਥ-ਵਿਵਸਥਾ
ਭੋਜਨ ਕੀਮਤਾਂ ਚ ਸਥਿਰਤਾ ਲਈ ਗ੍ਰੋਸਰੀ ਸੈਕਟਰ ਵਿਚ ਹੋਰ ਮੁਕਾਬਲੇਬਾਜ਼ੀ ਦੀ ਲੋੜ: ਫ਼੍ਰੀਲੈਂਡ
ਤਾਜ਼ਾ ਤਿਮਾਹੀ ਵਿਚ ਗ੍ਰੋਸਰੀ ਕੰਪਨੀਆਂ ਨੂੰ ਹੋਇਆ ਮੋਟਾ ਮੁਨਾਫ਼ਾ

ਮੌਂਟਰੀਅਲ ਦੇ ਇੱਕ ਗ੍ਰੋਸਰੀ ਸਟੋਰ ਦੀ 16 ਨਵੰਬਰ 2022 ਦੀ ਤਸਵੀਰ।
ਤਸਵੀਰ: (THE CANADIAN PRESS/Graham Hughes)
ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਦਾ ਕਹਿਣਾ ਹੈ ਕਿ ਮੁਲਕ ਦੇ ਗ੍ਰੋਸਰੀ ਸੈਕਟਰ ਵਿਚ ਹੋਰ ਮੁਕਾਬਲੇਬਾਜ਼ੀ ਦੀ ਲੋੜ ਹੈ।
ਕਿਊਬੈਕ ਦੇ ਮਾਸਕੂਸ਼ ਵਿਚ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਬੋਲਦਿਆਂ ਫ਼੍ਰੀਲੈਂਡ ਨੇ ਕਿਹਾ ਕਿ ਕੀਮਤਾਂ ਵਿਚ ਸਥਿਰਤਾ ਲਿਆਉਣ ਲਈ ਮੁਲਕ ਦੇ ਕੰਪਟੀਸ਼ਨ ਕਾਨੂੰਨ ਵਿਚ ਅਹਿਮ ਤਬਦੀਲੀਆਂ ਦੀ ਜ਼ਰੂਰਤ ਹੈ।
ਫ਼੍ਰੀਲੈਂਡ ਦੀਆਂ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਕੈਨੇਡਾ ਦੀਆਂ ਦੋ ਵੱਡੀਆਂ ਗ੍ਰੋਸਰੀ ਕੰਪਨੀਆਂ ਨੇ ਤਾਜ਼ਾ ਤਿਮਾਹੀ ਵਿਚ ਮੋਟੀ ਕਮਾਈ ਦਰਜ ਕੀਤੀ ਹੈ।
ਲੌਬਲੌ ਅਤੇ ਮੈਟਰੋ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਸਟੋਰਾਂ ’ਤੇ ਕਾਫ਼ੀ ਛੋਟਾਂ ਲਾਈਆਂ ਹਨ ਅਤੇ ਉਨ੍ਹਾਂ ਦੇ ਪ੍ਰਾਈਵੇਟ-ਲੇਬਲ ਵਾਲੇ ਬ੍ਰਾਂਡਜ਼ ਦੀ ਵਿਕਰੀ ਵਿਚ ਵਾਧਾ ਹੋਇਆ ਹੈ।
ਇਸ ਫ਼ੌਲ ਸੀਜ਼ਨ ਫ਼ੈਡਰਲ ਸਰਕਾਰ ਨੇ ਵੱਡੀਆਂ ਗ੍ਰੋਸਰੀ ਕੰਪਨੀਆਂ ਨੂੰ ਕੀਮਤਾਂ ਵਿਚ ਸਥਿਰਤਾ ਲਿਆਉਣ ਲਈ ਆਖਿਆ ਸੀ। ਪਿਛਲੇ ਮਹੀਨੇ ਇੰਡਸਟਰੀ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸੈਂਪੇਨ ਨੇ ਐਲਾਨਿਆ ਸੀ ਕਿ ਲੌਬਲੌ, ਮੈਟਰੋ, ਐਮਪਾਇਰ, ਵਾਲਮਾਰਟ ਅਤੇ ਕੌਸਟਕੋ ਨੇ ਉਨ੍ਹਾਂ ਕੋਲ ਕੀਮਤ ਸਥਿਰਤਾ ਬਾਬਤ ਯੋਜਨਾਵਾਂ ਪੇਸ਼ ਕੀਤੀਆਂ ਸਨ, ਜਿਹਨਾਂ ਵਿਚ ਛੋਟਾਂ ਅਤੇ ਕੀਮਤ ਵਾਧਿਆਂ ‘ਤੇ ਰੋਕ ਸ਼ਾਮਲ ਸੀ।
ਰਿਟੇਲਰਾਂ ਅਤੇ ਸਪਲਾਇਰਾਂ ਦਰਮਿਆਨ ਵਾਜਬ ਲੈਣ-ਦੇਣ ਦੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ਲਈ ਤਿਆਰ ਕੀਤੀ ਜਾ ਰਹੀ ਗ੍ਰੋਸਰੀ ਆਚਾਰ ਸੰਹਿਤਾ ਵੀ ਮੁਕੰਮਲ ਹੋਣ ਦੇ ਨੇੜੇ ਹੈ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ