- ਮੁੱਖ ਪੰਨਾ
- ਸਮਾਜ
ਵੈਨਕੂਵਰ ਵਿਚ ਟ੍ਰੂਡੋ ਦੀ ਮੌਜੂਦਗੀ ਵਾਲੇ ਰੈਸਟੋਰੈਂਟ ਦਾ ਕਰੀਬ 250 ਪ੍ਰਦਸ਼ਨਕਾਰੀਆਂ ਨੇ ਕੀਤਾ ਘਿਰਾਓ
ਪੁਲਿਸ ਅਨੁਸਾਰ ਮੰਗਲਵਾਰ ਰਾਤ ਪ੍ਰਧਾਨ ਮੰਤਰੀ ਨੂੰ ਰੈਸਟੋਰੈਂਟ ਚੋਂ ਸੁਰੱਖਿਅਤ ਕੱਢਣ ਲਈ 100 ਪੁਲਿਸ ਕਰਮੀ ਚਾਈਨਾਟਾਊਨ ਭੇਜੇ ਗਏ ਸਨ

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਬੀਸੀ ਦੇ ਮੈਪਲ ਰਿਜ ਵਿੱਖੇ ਇੱਕ ਨਿਊਜ਼ ਕਾਨਫ਼੍ਰੰਸ ਕਰਦੇ ਹੋਏ।
ਤਸਵੀਰ: (Darryl Dyck/Canadian Press)
ਵੈਨਕੂਵਰ ਪੁਲਿਸ ਅਨੁਸਾਰ ਸ਼ਹਿਰ ਦੇ ਚਾਈਨਾਟਾਊਨ ਇਲਾਕੇ ਦੇ ਇੱਕ ਰੈਸਟੋਰੈਂਟ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਮੰਗਲਵਾਰ ਰਾਤ ਨੂੰ ਖਾਣਾ ਖਾ ਰਹੇ ਸਨ, ਦੇ ਬਾਹਰ ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਵਿਚ ਇੱਕ ਪੁਲਿਸ ਅਧਿਕਾਰੀ ਜ਼ਖ਼ਮੀ ਹੋਇਆ ਹੈ।
ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਸਾਰਜੈਂਟ ਸਟੀਵ ਐਡੀਸਨ ਨੇ ਇੱਕ ਬਿਆਨ ਵਿਚ ਕਿਹਾ ਕਿ ਰੈਸਟੋਰੈਂਟ ਦੇ ਬਾਹਰ ਘਿਰਾਓ ਕੀਤੇ ਜਾਣ ਦੀ ਸੂਚਨਾ ਤੋਂ ਬਾਅਦ 100 ਪੁਲਿਸ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਸ ਸਮੇਂ ਪ੍ਰਧਾਨ ਮੰਤਰੀ ਟ੍ਰੂਡੋ ਰੈਸਟੋਰੈਂਟ ਵਿਚ ਸਨ ਅਤੇ ਉਨ੍ਹਾਂ ਨੂੰ ਕੱਢ ਕੇ ਲਿਆਉਣ ਅਤੇ ਭੀੜ ‘ਤੇ ਕਾਬੂ ਪਾਉਣ ਵਿਚ ਪੁਲਿਸ ਅਧਿਕਾਰੀਆਂ ਨੇ ਮਦਦ ਕੀਤੀ।
ਐਡੀਸਨ ਅਨੁਸਾਰ ਕਰੀਬ 250 ਪ੍ਰਦਰਸ਼ਨਕਾਰੀਆਂ ਨੇ ਰੈਸਟੋਰੈਂਟ ਦਾ ਘਿਰਾਓ ਕੀਤਾ ਸੀ। ਐਡੀਸਨ ਨੇ ਰੈਸਟੋਰੈਂਟ ਦਾ ਨਾਂ ਨਹੀਂ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਰੈਸਟੋਰੈਂਟ ਮੇਨ ਸਟਰੀਟ ‘ਤੇ ਸਥੀਤ ਹੈ। ਉਨ੍ਹਾਂ ਦੱਸਿਆ ਕਿ 150 ਦੇ ਕਰੀਬ ਲੋਕ ਰੈਸਟੋਰੈਂਟ ਦੇ ਬਾਹਰ ਸਨ ਅਤੇ ਕਰੀਬ 100 ਲੋਕ ਉਨ੍ਹਾਂ ਦੇ ਪਿੱਛੇ ਸਨ।
ਐਡੀਸਨ ਨੇ ਕਿਹਾ ਕਿ ਇਹ ਘਟਨਾ ਇੱਕ ਸੁਰੱਖਿਆ ਮੁੱਦਾ
ਬਣ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨ ਅਚਨਚੇਤ ਸੀ ਅਤੇ ਪੁਲਿਸ ਨੂੰ ਇਸ ਬਾਰੇ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਸੀ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਵੀਡੀਓ (ਨਵੀਂ ਵਿੰਡੋ) ਵਿਚ ਟ੍ਰੂਡੋ ਮੰਗਲਵਾਰ ਨੂੰ ਇੱਕ ਵੱਖਰੇ ਰੈਸਟੋਰੈਂਟ ਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ ਜਿੱਥੇ ਪ੍ਰਦਰਸ਼ਨਕਾਰੀ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗਬੰਦੀ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰ ਰਹੇ ਹਨ।
ਐਡੀਸਨ ਨੇ ਦੱਸਿਆ ਕਿ ਚਾਈਨਾਟਾਊਨ ਦੇ ਪ੍ਰਦਰਸ਼ਨਾਂ ਵਿਚ ਇੱਕ ਪੁਲਿਸ ਕਰਮੀ ਦੇ ਮੂੰਹ ‘ਤੇ ਮੁੱਕੇ ਵੱਜੇ ਅਤੇ ਉਸਦੀ ਅੱਖ ਸੁੱਜ ਗਈ ਹੈ। ਜ਼ਖ਼ਮੀ ਪੁਲਿਸ ਕਰਮੀ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਪੁਲਿਸ ਨੇ ਬੀਸੀ ਦੇ ਕੋਕਿਟਲੈਮ ਦੇ 27 ਸਾਲ ਦੇ ਇੱਕ ਵਿਅਕਤੀ ਅਤੇ ਵੈਨਕੂਵਰ ਦੇ 34 ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਐਡੀਸਨ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਟੇਜ਼ਰ ਅਤੇ ਹੋਰ ਬਲ ਦੀ ਵਰਤੋਂ ਵੀ ਕੀਤੀ ਸੀ।
ਐਡੀਸਨ ਨੇ ਇਹ ਨਹੀਂ ਦੱਸਿਆ ਕਿ ਚਾਈਨਾਟਾਊਨ ਵਿਚ ਪ੍ਰਦਰਸ਼ਨ ਕਿਸ ਵਜ੍ਹਾ ਕਰਕੇ ਸੀ।
ਵੈਨਕੂਵਰ ਪੁਲਿਸ ਨੇ ਸਵੀਕਾਰ ਕੀਤਾ ਕਿ ਮੰਗਲਵਾਰ ਰਾਤੀਂ ਕਰੀਬ 9 ਵਜੇ ਪੋਸਟ ਕੀਤੀ ਇੱਕ ਔਨਲਾਈਨ ਵੀਡੀਓ (ਨਵੀਂ ਵਿੰਡੋ) ਵਿਜ ਨਾਂ ਦੇ ਇੱਕ ਇੰਡੀਅਨ ਰੈਸਟੋਰੈਂਟ ਦੀ ਹੈ ਜਿੱਥੇ ਪ੍ਰਧਾਨ ਮੰਤਰੀ ਟ੍ਰੂਡੋ ਮੌਜੂਦ ਸਨ ਅਤੇ ਪ੍ਰਦਰਸ਼ਨਕਾਰੀਆਂ ਨੇ ਮੱਧ ਪੂਰਬ ਵਿਚ ਜੰਗਬੰਦੀ ਦੀ ਮੰਗ ਵਿਚ ਨਾਅਰੇਬਾਜ਼ੀ ਕੀਤੀ।
ਵੀਡੀਓ ਵਿੱਚ ਟ੍ਰੂਡੋ ਨੂੰ ਲੋਕਾਂ ਅਤੇ ਰੈਸਟੋਰੈਂਟ ਦੇ ਮਾਲਕ ਵਿਕਰਮ ਵਿਜ, ਜੋ ਕਿ ਇੱਕ ਟੀਵੀ ਸ਼ਖਸੀਅਤ ਵੀ ਹੈ, ਨਾਲ ਗੱਲ ਕਰਦੇ ਹੋਏ ਸੁਰੱਖਿਆ ਕਰਮੀਆਂ ਨਾਲ ਬਾਹਰ ਨਿਕਲਦੇ ਵੇਖਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਨੇ ਪੁਸ਼ਟੀ ਕੀਤੀ ਕਿ ਵੈਨਕੂਵਰ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਟ੍ਰੂਡੋ ਤੱਕ ਪਹੁੰਚ ਕੀਤੀ ਗਈ ਸੀ, ਪਰ ਹੋਰ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ।
ਚੈਡ ਪੌਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ