1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਰੌਇਲ ਕੈਨੇਡੀਅਨ ਮਿੰਟ ਵੱਲੋਂ ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਸਿੱਕਾ ਜਾਰੀ

ਕੁਝ ਸਿੱਕੇ ਦਸੰਬਰ ਦੇ ਸ਼ੁਰੂ ਵਿਚ ਸਰਕੂਲੇਸ਼ਨ ਵਿਚ ਆ ਜਾਣਗੇ।

ਰੌਇਲ ਕੈਨੇਡੀਅਨ ਮਿੰਟ ਦੀ ਸੀਈਓ ਮੈਰੀ ਲੀਮੇਅ ਅਤੇ ਕੈਨੇਡੀਅਨ ਪੋਰਟਰੇਟ ਕਲਾਕਾਰ ਸਟੀਵਨ ਰੋਜ਼ੇਟੀ 14 ਨਵੰਬਰ 2023 ਨੂੰ ਮਿੰਟ ਦੀ ਵਿਨੀਪੈਗ ਲੋਕੇਸ਼ਨ ਵਿੱਖੇ ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਨਵਾਂ ਸਿੱਕਾ ਜਾਰੀ ਕਰਦੇ ਹੋਏ।

ਰੌਇਲ ਕੈਨੇਡੀਅਨ ਮਿੰਟ ਦੀ ਸੀਈਓ ਮੈਰੀ ਲੀਮੇਅ ਅਤੇ ਕੈਨੇਡੀਅਨ ਪੋਰਟਰੇਟ ਕਲਾਕਾਰ ਸਟੀਵਨ ਰੋਜ਼ੇਟੀ 14 ਨਵੰਬਰ 2023 ਨੂੰ ਮਿੰਟ ਦੀ ਵਿਨੀਪੈਗ ਲੋਕੇਸ਼ਨ ਵਿੱਖੇ ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਨਵਾਂ ਸਿੱਕਾ ਜਾਰੀ ਕਰਦੇ ਹੋਏ।

ਤਸਵੀਰ: Radio-Canada / Anne-Louise Michel

RCI

ਕੈਨੇਡੀਅਨ ਕਰੰਸੀ ਨੂੰ ਛਾਪਣ ਲਈ ਜ਼ਿੰਮੇਵਾਰ ਅਦਾਰੇ, ਰੌਇਲ ਕੈਨੇਡੀਅਨ ਮਿੰਟ ਨੇ ਮੰਗਲਵਾਰ ਨੂੰ ਵਿਨੀਪੈਗ ਵਿੱਚ ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਪਹਿਲਾ ਕੈਨੇਡੀਅਨ ਸਿੱਕਾ ਜਾਰੀ ਕੀਤਾ।

ਕਿੰਗ ਚਾਰਲਜ਼ ਦੇ 75ਵੇਂ ਜਨਮਦਿਨ ਦੇ ਮੌਕੇ ‘ਤੇ ਇਹ ਸਿੱਕਾ ਜਾਰੀ ਕੀਤਾ ਗਿਆ।

ਨਵੇਂ ਸਿੱਕੇ ਵਿਚ ਮਹਾਰਾਣੀ ਐਲੀਜ਼ਾਬੈਥ ਦੀ ਤਸਵੀਰ ਦੀ ਜਗ੍ਹਾ ਬ੍ਰਿਟੇਨ ਦੇ ਨਵੇਂ ਸਮਰਾਟ ਕਿੰਗ ਚਾਰਲਜ਼ ਦੀ ਤਸਵੀਰ ਸ਼ਾਮਲ ਕੀਤੀ ਗਈ ਹੈ।

ਨਵੇਂ ਡਿਜ਼ਾਈਨ ਲਈ 350 ਕਲਾਕਾਰਾਂ ਨੇ ਆਪਣੇ ਆਪਣੇ ਡਿਜ਼ਾਈਨ ਪੇਸ਼ ਕੀਤੇ ਸਨ, ਪਰ ਕੈਨੇਡੀਅਨ ਪੋਰਟਰੇਟ ਕਲਾਕਾਰ ਸਟੀਵਨ ਰੋਜ਼ੇਟੀ ਦੇ ਡਿਜ਼ਾਈਨ ਨੂੰ ਚੁਣਿਆ ਗਿਆ।

ਇਸ ਸਾਲ ਦੇ ਸ਼ੁਰੂ ਵਿਚ ਫ਼ੈਡਰਲ ਸਰਕਾਰ ਨੇ ਬੈਂਕ ਔਫ਼ ਕੈਨੇਡਾ ਨੂੰ 20 ਡਾਲਰ ਦੇ ਨੋਟ ਵਿਚ ਮਹਾਰਾਣੀ ਐਲੀਜ਼ਾਬੈਥ ਦੀ ਤਸਵੀਰ ਦੀ ਜਗ੍ਹਾ ਕਿੰਗ ਚਾਰਲਜ਼ ਦੀ ਤਸਵੀਰ ਸ਼ਾਮਲ ਕਰਨ ਲਈ ਆਖਿਆ ਸੀ। ਇਸੇ ਤਰ੍ਹਾਂ ਰੌਇਲ ਕੈਨੇਡੀਅਨ ਮਿੰਟ ਨੂੰ ਵੀ ਕਿੰਗ ਚਾਰਲਜ਼ ਦੀ ਤਸਵੀਰ ਦਰਸਾਉਂਦੇ ਸਿੱਕੇ ਡਿਜ਼ਾਈਨ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਬੈਂਕ ਔਫ਼ ਕੈਨੇਡਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਨਵੇਂ ਨੋਟ ਲਈ ਡਿਜ਼ਾਈਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਪਰ ਨੋਟ ਜਾਰੀ ਹੋਣ ਵਿਚ ਕਈ ਸਾਲ ਵੀ ਲੱਗ ਸਕਦੇ ਹਨ।

ਸਪੋਕਸਪਰਸਨ ਰੈਬੈਕਾ ਪੈਂਸ ਨੇ ਕਿਹਾ ਕਿ ਇਸ ਵੇਲੇ ਇਸ ਬਾਰੇ ਸਟੀਕ ਕਿਆਸ ਲਗਾਉਣੇ ਜਲਦਬਾਜ਼ੀ ਹੋਵੇਗੀ ਕਿ ਨਵੇਂ ਨੋਟ ਦਾ ਡਿਜ਼ਾਈਨ ਕਦੋਂ ਜ਼ਾਹਰ ਹੋਵੇਗਾ ਅਤੇ ਨਵਾਂ ਨੋਟ ਕਦੋਂ ਜਾਰੀ ਕੀਤਾ ਜਾਵੇਗਾ।

ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਇੱਕ ਡਾਲਰ ਦੀ ਤਸਵੀਰ।

ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਇੱਕ ਡਾਲਰ ਦੀ ਤਸਵੀਰ।

ਤਸਵੀਰ:  (CBC)

ਕਿੰਗ ਚਾਰਲਜ਼ ਦੀ ਤਸਵੀਰ ਇੱਕ ਡਾਲਰ ਦੇ ਸਿੱਕੇ ‘ਤੇ ਛਾਪੀ ਗਈ ਹੈ। ਰੌਇਲ ਕੈਨੇਡੀਅਨ ਮਿੰਟ ਦੇ ਅਨੁਸਾਰ ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਕੁਝ ਸਿੱਕੇ ਦਸੰਬਰ ਦੇ ਸ਼ੁਰੂ ਵਿਚ ਸਰਕੂਲੇਸ਼ਨ ਵਿਚ ਆ ਜਾਣਗੇ।

ਸਤੰਬਰ 2022 ਵਿਚ ਬ੍ਰਿਟਿਸ਼ ਸਮਰਾਟ ਮਹਾਰਾਣੀ ਐਲੀਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਕਿੰਗ ਚਾਰਲਜ਼ ਸ਼ਾਹੀ ਤਖ਼ਤ ਦੇ ਬਿਰਾਜਮਾਨ ਹੋਏ ਸਨ। ਕਿੰਗ ਚਾਰਲਜ਼ ਦੀ ਤਾਜਪੋਸ਼ੀ ਵਿਚ ਦੁਨੀਆ ਭਰ ਦੇ ਨੇਤਾਵਾਂ ਸਮੇਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੀ ਸ਼ਾਮਲ ਹੋਏ ਸਨ।

ਮਹਾਰਾਣੀ ਦੀ ਤਸਵੀਰ ਵਾਰੇ ਸਾਰੇ ਕੈਨੇਡੀਅਨ ਸਿੱਕੇ ਅਜੇ ਵੀ ਕਾਨੂੰਨੀ ਤੌਰ ‘ਤੇ ਵੈਧ ਕਰੰਸੀ ਹੋਵੇਗੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ