- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਲਿਬਰਲ ਐਮਪੀ ਗ੍ਰੈਗ ਫ਼ਰਗਸ ਹਾਊਸ ਔਫ਼ ਕੌਮਨਜ਼ ਦੇ ਨਵੇਂ ਸਪੀਕਰ ਬਣੇ
ਗ੍ਰੈਗ ਫ਼ਰਗਸ ਪਹਿਲੇ ਬਲੈਕ ਸਪੀਕਰ ਵੀ ਹਨ

ਲਿਬਰਲ ਐਮਪੀ ਗ੍ਰੈਗ ਫ਼ਰਗਸ ਹਾਊਸ ਔਫ਼ ਕੌਮਨਜ਼ ਦੇ ਨਵੇਂ ਸਪੀਕਰ ਚੁਣ ਲਏ ਗਏ ਹਨ।
ਤਸਵੀਰ: La Presse canadienne
ਲਿਬਰਲ ਐਮਪੀ ਗ੍ਰੈਗ ਫ਼ਰਗਸ ਹਾਊਸ ਔਫ਼ ਕੌਮਨਜ਼ ਦੇ ਨਵੇਂ ਸਪੀਕਰ ਚੁਣ ਲਏ ਗਏ ਹਨ।
ਆਪਣੀ ਉਮੀਦਵਾਰੀ ਦੀ ਦਲੀਲ ਦੌਰਾਨ ਫ਼ਰਗਸ ਨੇ ਹਾਊਸ ਵਿਚ ਸ਼ਾਲੀਨਤਾ ਅਤੇ ਸਲੀਕੇ ਵਿਚ ਸੁਧਾਰ ਕਰਨ ਦਾ ਅਹਿਦ ਕੀਤਾ ਸੀ। ਹਾਲਾਂਕਿ ਪਿਛਲੇ ਕਈ ਸਪੀਕਰ ਅਜਿਹੇ ਅਹਿਦ ਕਰ ਚੁੱਕੇ ਹਨ ਪਰ ਕੋਈ ਵੀ ਇਸ ਵਿਚ ਬਹੁਤਾ ਸਫਲ ਨਹੀਂ ਹੋਇਆ ਹੈ।
ਗ੍ਰੈਗ ਫ਼ਰਸ ਕਿਊਬੈਕ ਦੀ ਹਲ-ਆਈਲਮਰ ਰਾਈਡਿੰਗ ਤੋਂ ਐਮਪੀ ਹਨ ਅਤੇ ਉਹ ਹਾਊਸ ਔਫ਼ ਕੌਮਨਜ਼ ਦੇ ਪਹਿਲੇ ਬਲੈਕ ਸਪੀਕਰ ਵੀ ਹਨ।
ਟ੍ਰੂਡੋ ਨੇ ਕਿਹਾ, ਅਸੀਂ ਤੁਹਾਨੂੰ ਸਾਡੀਆਂ ਬਹਿਸਾਂ ਵਿੱਚ ਸਾਡੇ ਸ਼ਾਲੀਨ ਹੋਣ ਵਿੱਚ ਮਦਦ ਕਰਨ ਲਈ ਚੁਣਿਆ ਹੈ ਅਤੇ ਸਾਨੂੰ ਯਾਦ ਦਿਵਾਉਣ ਲਈ ਕਿ ਅਸੀਂ ਇੱਥੇ ਇੱਕੋ ਕਾਰਨ ਲਈ ਹਾਂ, ਜੋ ਕਿ ਕੈਨੇਡੀਅਨਜ਼ ਦੀ ਸੇਵਾ ਕਰਨਾ ਹੈ
।
3 ਅਕਤੂਬਰ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਰਿਵਾਇਤ ਅਨੁਸਾਰ ਗ੍ਰੈਗ ਫ਼ਰਗਸ ਨੂੰ ਸਪੀਕਰ ਦੀ ਕੁਰਸੀ ਤੱਕ ਲਿਜਾਂਦੇ ਹੋਏ।
ਤਸਵੀਰ: La Presse canadienne / Sean Kilpatrick
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕਿਹਾ ਕਿ ਫ਼ਰਗਸ ਦੀ ਚੋਣ ਇੱਕ ਸ਼ਾਨਦਾਰ ਪ੍ਰਾਪਤੀ
ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਮਾਨਦਾਰ ਰੱਖਣ ਲਈ ਕੈਨੇਡੀਅਨਜ਼ ਫ਼ਰਗਸ 'ਤੇ ਨਿਰਭਰ ਹਨ।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਰਿਵਾਇਤ ਅਨੁਸਾਰ ਗ੍ਰੈਗ ਫ਼ਰਗਸ ਨੂੰ ਖਿੱਚ ਕੇ ਸਪੀਕਰ ਦੀ ਕੁਰਸੀ ਤੱਕ ਲੈਕੇ ਆਏ। ਨਵੇਂ ਸਪੀਕਰ ਨੇ ਆਪਣੀ ਨਿਯੁਕਤੀ ਲਈ ਆਪਣੇ ਸਹਿਕਰਮੀਆਂ ਦਾ ਸ਼ੁਕਰੀਆ ਅਦਾ ਕੀਤਾ।
ਗ਼ੌਰਤਲਬ ਹੈ ਕਿ ਐਂਥਨੀ ਰੋਟਾ ਵੱਲੋਂ ਪਿਛਲੇ ਹਫ਼ਤੇ ਅਸਤੀਫ਼ਾ ਦੇਣ ਮਗਰੋਂ ਸਪੀਕਰ ਦੀ ਸੀਟ ਖ਼ਾਲੀ ਹੋ ਗਈ ਸੀ।
ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਸੰਸਦੀ ਸਮਾਗਮ ਵਿੱਚ ਬੁਲਾਉਣ ‘ਤੇ ਛਿੜੇ ਵਿਵਾਦ ਤੋਂ ਬਾਅਦ ਰੋਟਾ ਨੇ ਸਪੀਕਰ ਦਾ ਅਹੁਦਾ ਛੱਡ ਦਿੱਤਾ ਸੀ।
ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ