1. ਮੁੱਖ ਪੰਨਾ
  2. ਵਾਤਾਵਰਨ
  3. ਜੀਵ ਜੰਤੂ ਅਤੇ ਬਨਸਪਤੀ

ਬੈਂਫ਼ ਨੈਸ਼ਨਲ ਪਾਰਕ ਵਿੱਖੇ ਭਾਲੂ ਦੇ ਹਮਲੇ ਵਿਚ ਦੋ ਜਣੇ ਹਲਾਕ

ਸ਼ੁੱਕਰਵਾਰ ਰਾਤ ਨੂੰ ਵਾਪਰੀ ਘਟਨਾ

ਭਾਲੂ

ਪਾਰਕਸ ਕੈਨੇਡਾ ਨੂੰ ਸ਼ੁੱਕਰਵਾਰ ਰਾਤ ਨੂੰ ਰੈੱਡ ਡੀਅਰ ਰਿਵਰ ਵੈਲੀ ਵਿੱਚ ਇੱਕ GPS ਡਿਵਾਈਸ ਤੋਂ ਭਾਲੂ ਦੇ ਹਮਲੇ ਦੇ ਸੰਕੇਤ ਮਿਲੇ ਸਨ।

ਤਸਵੀਰ: Rick Price Photography

RCI

ਪਾਰਕਸ ਕੈਨੇਡਾ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਐਲਬਰਟਾ ਦੇ ਬੈਂਫ਼ ਨੈਸ਼ਨਲ ਪਾਰਕ ਵਿੱਖੇ ਇੱਕ ਭਾਲੂ ਦੇ ਹਮਲੇ ਵਿਚ ਦੋ ਜੀਆਂ ਦੀ ਮੌਤ ਹੋ ਗਈ ਹੈ।

ਇੱਕ ਪਰਿਵਾਰਕ ਮੈਂਬਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕ ਜੀਅ ਆਪਸ ਵਿਚ ਕੌਮਨ-ਲੌਅ ਪਾਰਟਨਰ ਜੋੜਾ ਸੀ। ਸਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤੇ ਜਾਣ ਤੱਕ ਸੀਬੀਸੀ ਨੇ ਪਰਿਵਾਰਕ ਮੈਂਬਰ ਦਾ ਨਾਮ ਗੁਪਤ ਰੱਖਿਆ ਹੈ। ਇਸ ਜੋੜੇ ਦੇ ਨਾਲ ਇੱਕ ਪਾਲਤੂ ਕੁੱਤਾ ਵੀ ਸੀ ਅਤੇ ਭਾਲੂ ਦੇ ਹਮਲੇ ਵਿਚ ਉਹ ਵੀ ਮਾਰਿਆ ਗਿਆ।

ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਹ ਜੋੜਾ ਲੰਬੇ ਸਮੇਂ ਤੋਂ ਇੱਕ ਦੂਸਰੇ ਦੇ ਨਾਲ ਸੀ ਅਤੇ ਦੋਵੇਂ ਅਕਸਰ ਆਊਟਡੋਰ ਜਾਇਆ ਕਰਦੇ ਸਨ। ਉਸਨੇ ਦੱਸਿਆ ਕਿ ਜੋੜੇ ਨੂੰ ਜੰਗਲੀ ਇਲਾਕਿਆਂ ਵਿਚ ਰਹਿਣ ਦਾ ਖ਼ਾਸਾ ਤਜਰਬਾ ਵੀ ਸੀ।

ਬੈਂਫ਼ ਫ਼ੀਲਡ ਯੂਨਿਟ ਨਾਲ ਜੁੜੀ ਮੈਨੇਜਰ, ਨਟੈਲੀ ਫ਼ੇਅ ਨੇ ਕਿਹਾ ਕਿ ਪਾਰਕਸ ਕੈਨੇਡਾ ਨੂੰ ਸ਼ੁੱਕਰਵਾਰ ਨੂੰ ਰਾਤੀਂ ਕਰੀਬ 8 ਵਜੇ ਦੇ ਕਰੀਬ ਯਾ ਹਾ ਟਿੰਡਾ ਰੈਂਚ ਦੇ ਪੱਛਮ ਵਿਚ ਰੈੱਡ ਡੀਅਰ ਰਿਵਰ ਵੈਲੀ ਵਿਚ ਇੱਕ ਜੀਪੀਐਸ ਡਿਵਾਇਸ ਤੋਂ ਭਾਲੂ ਦੇ ਹਮਲੇ ਦੀ ਜਾਣਕਾਰੀ ਮਿਲੀ।

ਨਟੈਲੀ ਨੇ ਦੱਸਿਆ ਕਿ ਜੰਗਲੀ ਹਮਲਿਆਂ ਸਬੰਧੀ ਸਿਖਲਾਈ ਪ੍ਰਾਪਤ ਟੀਮ ਨੂੰ ਤੁਰੰਤ ਕਾਰਵਾਈ ਲਈ ਭੇਜਿਆ ਗਿਆ ਪਰ ਖ਼ਰਾਬ ਮੌਸਮ ਨੇ ਰਿਸਪਾਂਸ ਸਮਾਂ ਵਧਾ ਦਿੱਤਾ।

ਨਟੈਲੀ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਹੈਲੀਕੌਪਟਰ ਲਈ ਉਡਾਣ ਭਰਨਾ ਸੰਭਵ ਨਹੀਂ ਸੀ ਅਤੇ ਵਿਸ਼ੇਸ਼ ਦਸਤੇ ਨੂੰ ਜ਼ਮੀਨੀ ਰਸਤੇ ਰਾਹੀਂ ਲੋਕੇਸ਼ਨ ‘ਤੇ ਪਹੁੰਚਣਾ ਪਿਆ।

ਰਿਸਪਾਂਸ ਟੀਮ ਦੇਰ ਰਾਤ ਕਰੀਬ 1 ਵਜੇ ਪਹੁੰਚੀ ਅਤੇ ਉਹਨਾਂ ਨੂੰ ਦੋ ਵਿਅਕਤੀਆਂ ਦੀ ਲਾਸ਼ ਮਿਲੀ।

ਭਾਲੂ ਨੂੰ ਖ਼ਤਰਨਾਕ ਘੋਸ਼ਿਤ ਕਰਦਿਆਂ ਪਾਰਕਸ ਕੈਨੇਡਾ ਦੇ ਸਟਾਫ਼ ਨੂੰ ਉਸਨੂੰ ਮੌਕੇ ‘ਤੇ ਹੀ ਢੇਰ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ।

ਐਲਬਰਟਾ ਦੀ ਵਾਈਲਡਲਾਈਫ਼ ਮਾਹਰ ਕਿਮ ਟਿਚਨਰ ਨੇ ਦੱਸਿਆ ਕਿ ਭਾਲੂ ਦੇ ਘਾਤਕ ਹਮਲੇ ਆਮ ਵਰਤਾਰਾ ਨਹੀਂ ਹੈ। ਦੁਨੀਆ ਵਿਚ ਭਾਲੂ ਦੁਆਰਾ ਕੀਤੇ ਹਮਲਿਆਂ ਵਿਚ ਕਰੀਬ 14% ਹੀ ਘਾਤਕ ਸਾਬਤ ਹੁੰਦੇ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ