1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਕੈਨੇਡਾ ਚ ਮਨਾਇਆ ਗਿਆ ਤੀਸਰਾ ਸਾਲਾਨਾਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ

30 ਸਤੰਬਰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਰਾਂ ਨੂੰ ਯਾਦ ਕਰਨ ਦਾ ਦਿਨ

30 ਸਤੰਬਰ, 2022 ਨੂੰ ਔਟਵਾ ਵਿੱਚ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦੇ ਸਮਾਰੋਹ ਦੀ ਤਸਵੀਰ।

30 ਸਤੰਬਰ, 2022 ਨੂੰ ਔਟਵਾ ਵਿੱਚ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦੇ ਸਮਾਰੋਹ ਦੀ ਤਸਵੀਰ।

ਤਸਵੀਰ:  (Sean Kilpatrick/Canadian Press.)

RCI

30 ਸਤੰਬਰ ਨੂੰ ਕੈਨੇਡਾ ਵਿਚ ਤੀਸਰਾ ਸਾਲਾਨਾ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮਨਾਇਆ ਗਿਆ। ਇਹ ਸਲਾਨਾ ਯਾਦਗਾਰੀ ਦਿਨ ਕੈਨੇਡਾ ਵਿਚ ਚਰਚ ਵੱਲੋਂ ਚਲਾਏ ਗਏ ਅਤੇ ਸਰਕਾਰੀ ਫ਼ੰਡਿੰਗ ਪ੍ਰਾਪਤ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਮਾਰੇ ਗਏ ਬੱਚਿਆਂ, ਪੀੜਤਾਂ, ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਯਾਦ ਕਰਨ ਅਤੇ ਸਨਮਾਨ ਦੇਣ ਦਾ ਦਿਨ ਹੈ।

2021 ਵਿਚ ਫ਼ੈਡਰਲ ਸਰਕਾਰ ਨੇ ਇਸ ਦਿਨ ਨੂੰ ਸਰਕਾਰੀ ਫ਼ੈਡਰਲ ਛੁੱਟੀ ਦਾ ਐਲਾਨ ਕੀਤਾ ਸੀ।

ਮੂਲਨਿਵਾਸੀ ਲੋਕਾਂ ਨਾਲ ਹੋਏ ਵਿਵਹਾਰ ਅਤੇ ਮੁਲਕ ਦੇ ਇਤਿਹਾਸ ਦੀ ਤਰਜਮਾਨੀ ਕਰਦੇ, ਦੇਸ਼ ਭਰ ਵਿਚ ਬਹੁਤ ਸਾਰੇ ਸਮਾਗਮ ਆਯੋਜਿਤ ਕੀਤੇ ਗਏ।

ਇਤਿਹਾਸਕ ਪਿਛੋਕੜ

ਜੂਨ ਮਹੀਨੇ ਵਿਚ, ਬੀਸੀ ਦੇ ਕੈਮਲੂਪਸ ਸ਼ਹਿਰ ਵਿਚ ਸਥਿਤ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਚੋਂ 200 ਤੋਂ ਵੱਧ ਕਬਰਾਂ, ਜੋ ਸੰਭਾਵਿਤ ਤੌਰ ‘ਤੇ ਮੂਲਨਿਵਾਸੀ ਬੱਚਿਆਂ ਦੀਆਂ ਸਨ, ਮਿਲਣ ਤੋਂ ਕੁਝ ਦਿਨਾਂ ਬਾਅਦ, ਫ਼ੈਡਰਲ ਸਰਕਾਰ ਨੇ ਕਾਨੂੰਨ ਪਾਸ ਕਰਕੇ 30 ਸਤੰਬਰ ਨੂੰ ਫ਼ੈਡਰਲ ਸਰਕਾਰੀ ਛੁੱਟੀ ਐਲਾਨਿਆ ਸੀ।

ਕੁਝ ਹਫ਼ਤੇ ਬਾਅਦ ਹੀ, ਸਸਕੈਚਵਨ ਦੇ ਕਾਉਐਸੇਸ ਫ਼ਸਟ ਨੇਸ਼ਨ ਨੂੰ ਇੱਕ ਸਾਬਕਾ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 751 ਕਬਰਾਂ ਦਾ ਪਤਾ ਚੱਲਿਆ ਸੀ। ਇਹ ਕਬਰਾਂ ਨਿਸ਼ਾਨ-ਰਹਿਤ ਸਨ ਭਾਵ ਇਹਨਾਂ ਉੱਤੇ ਕਿਸੇ ਦੇ ਦਫ਼ਨਾਏ ਜਾਣ ਬਾਰੇ ਕੋਈ ਨਾਮ-ਨਿਸ਼ਾਨ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਕੈਨੇਡਾ ਭਰ ਵਿਚ ਸੈਂਕੜੇ ਦਫ਼ਨਾਏ ਜਾਣ ਦੀਆਂ ਥਾਂਵਾਂ ਦਾ ਪਤਾ ਚੱਲਿਆ ਅਤੇ ਖੋਜਾਂ ਅਜੇ ਵੀ ਜਾਰੀ ਹਨ।

ਬਿਨਾ ਸ਼ੱਕ ਕਬਰਾਂ ਮਿਲਣ ਦੀਆਂ ਇਹਨਾਂ ਖ਼ਬਰਾਂ ਨੇ ਲੋਕਾਂ ਨੂੰ ਹੈਰਾਨ-ਪ੍ਰੇਸ਼ਾਨ ਕੀਤਾ ਸੀ ਹੈ ਅਤੇ ਇਹ ਘਟਨਾਵਾਂ ਅੰਤਰਰਾਸ਼ਟਰੀ ਪੱਧਰ 'ਤੇ ਸੋਗ ਅਤੇ ਚਰਚਾ ਦਾ ਵੀ ਕਾਰਨ ਬਣੀਆਂ ਸਨ, ਪਰ ਮੂਲਨਿਵਾਸੀ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਲੰਮੇ ਸਮੇਂ ਤੋਂ ਪਤਾ ਸੀ ਅਤੇ ਇਸ ਬਾਰੇ ਗੱਲ ਵੀ ਹੁੰਦੀ ਰਹੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਕਰਕੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਦਾਖ਼ਲ ਹੋਣ ਲਈ ਮਜਬੂਰ ਕੀਤਾ ਗਿਆ ਸੀ ਉਹਨਾਂ ਵਿਚੋਂ ਕੁਝ ਬੱਚੇ ਕਦੇ ਘਰ ਵਾਪਸ ਨਹੀਂ ਆਏ।

ਕਦੋਂ ਅਤੇ ਕਿਉਂ ਐਲਾਨਿਆ ਗਿਆ ਇਹ ਦਿਨ?

2017 ਵਿਚ, ਸਸਕੈਚਵਨ ਤੋਂ ਮੈਂਬਰ ਪਾਰਲੀਮੈਂਟ ਜੌਰਜੀਨਾ ਜੋਲੀਬੋਇਸ ਨੇ, ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਇੱਕ ਪ੍ਰਾਇਵੇਟ ਮੈਂਬਰ ਬਿਲ ਪੇਸ਼ ਕੀਤਾ ਸੀ।

ਇਸ ਤੋਂ ਦੋ ਸਾਲ ਪਹਿਲਾਂ, ਟ੍ਰੁਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ 2015 ਚ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਅਤੇੇ ਜ਼ੁਲਮ ਦੀ ਦਾਸਤਾਨ ਨੂੰ ਉਜਾਗਰ ਕਰਦਿਆਂ ਕੁਝ ਅਹਿਮ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਇਸ ਕਮੀਸ਼ਨ ਨੇ 94 ਸਿਫ਼ਾਰਸ਼ਾਂ ਕੀਤੀਆਂ ਸਨ ਜਿਹਨਾਂ ਵਿਚੋਂ ਇੱਕ ਸਿਫ਼ਾਰਿਸ਼, ਫ਼ੈਡਰਲ ਪੱਧਰ ਤੇ ਇੱਕ ਦਿਨ ਨੂੰ ਖ਼ਾਸ ਤੌਰ ਤੇ ਮੂਲਨਿਵਾਸੀ ਲੋਕਾਂ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਉਹਨਾਂ ‘ਤੇ ਪ੍ਰਭਾਵ ਬਾਰੇ ਮਨਾਏ ਜਾਣ ਨਾਲ ਸਬੰਧਤ ਸੀ।

2017 ਵਿਚ, ਸਸਕੈਚਵਨ ਤੋਂ ਮੈਂਬਰ ਪਾਰਲੀਮੈਂਟ ਜੌਰਜੀਨਾ ਜੋਲੀਬੋਇਸ ਨੇ, ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਇੱਕ ਪ੍ਰਾਇਵੇਟ ਮੈਂਬਰ ਬਿਲ ਪੇਸ਼ ਕੀਤਾ ਸੀ।

2017 ਵਿਚ, ਸਸਕੈਚਵਨ ਤੋਂ ਮੈਂਬਰ ਪਾਰਲੀਮੈਂਟ ਜੌਰਜੀਨਾ ਜੋਲੀਬੋਇਸ ਨੇ, ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਇੱਕ ਪ੍ਰਾਇਵੇਟ ਮੈਂਬਰ ਬਿਲ ਪੇਸ਼ ਕੀਤਾ ਸੀ।

ਤਸਵੀਰ: (Submitted by Georgina Jolibois)

5 ਜੂਨ 2021 ਨੂੰ, ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਦੀ ਯਾਦ ਵਿਚ ਇੱਕ ਸਰਕਾਰੀ ਛੁੱਟੀ ਸ਼ੁਰੂ ਕਰਨ ਨਾਲ ਸਬੰਧਤ, ਬਿਲ ਸੀ-5 ਨੂੰ, ਸੈਨੇਟ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਜਾਣ ਤੋਂ ਬਾਅਦ, ਰੌਯਲ ਮੰਜ਼ੂਰੀ ਮਿਲ ਗਈ ਸੀ। ਕੈਮਲੂਪਸ ਵਿਚ ਕਬਰਾਂ ਮਿਲਣ ਤੋਂ ਬਾਅਦ ਇਹ ਫ਼ੈਸਲਾ ਤੇਜ਼ੀ ਨਾਲ ਲਿਆ ਗਿਆ ਸੀ।

ਪਹਿਲਾਂ 21 ਜੂਨ ਨੂੰ ਨੈਸ਼ਨਲ ਇੰਡਿਜੀਨਸ ਪੀਪਲਜ਼ ਡੇ ‘ਤੇ ਇਸ ਦਿਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਪਰ ਮੂਲਨਿਵਾਸੀ ਭਾਈਚਾਰਿਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਦੇਸ਼ ਭਰ ਵਿਚ 30 ਸਤੰਬਰ ਦੀ ਤਾਰੀਖ਼ ਇਸ ਖ਼ਾਸ ਦਿਨ ਵਾਸਤੇ ਮੁਕੱਰਰ ਕੀਤੀ ਗਈ।

ਇਸ ਤੋਂ ਪਹਿਲਾਂ 30 ਸਤੰਬਰ ਨੂੰ ਉਰੇਂਜ ਸ਼ਰਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਰਿਹਾ ਹੈ। ਇਹ ਸਿਲਸਿਲਾ 2013 ਵਿਚ ਸ਼ੁਰੂ ਹੋਇਆ ਸੀ। ਇਹ ਦਿਨ ਰੈਜ਼ੀਡੈਂਸ਼ੀਅਲ ਸਕੂਲ ਦੀ ਪੀੜਤ ਫ਼ਿਲਿਸ ਵੈਬਸਟੈਡ ਨੂੰ ਸਤਿਕਾਰ ਅਤੇ ਵਕਾਰ ਦੇਣ ਦੇ ਮਕਸਦ ਨਾਲ ਸ਼ੁਰੂ ਹੋਇਆ ਸੀ। ਰੈਜ਼ੀਡੈਂਸ਼ੀਅਲ ਸਕੂਲ ਦੇ ਪਹਿਲੇ ਦਿਨ ਹੀ ਫ਼ਿਲਿਸ ਕੋਲੋਂ ਉਸਦੀ ਮਨਪਸੰਦ ਉਰੇਂਜ (ਸੰਤਰੀ ਰੰਗ) ਦੀ ਕਮੀਜ਼ ਖੋਹ ਲਈ ਗਈ ਸੀ। ਇਸੇ ਘਟਨਾ ਦੀ ਯਾਦ ਵਿਚ ਉਰੇਂਜ ਸ਼ਰਟ ਡੇ ਮੂਵਮੈਂਟ ਵੀ ਸ਼ੁਰੂ ਹੋਈ ਸੀ ਜੋ ਕੈਨੇਡਾ ਵਿਚ ਮੂਲਨਿਵਾਸੀ ਲੋਕਾਂ ਕੋਲੋਂ ਉਹਨਾਂ ਦੀ ਸ਼ਨਾਖ਼ਤ ਖੋਹ ਲਏ ਜਾਣ ਦੀ ਤਰਜਮਾਨੀ ਕਰਦੀ ਹੈ।

ਕੀ ਹਨ ਰੈਜ਼ੀਡੈਂਸ਼ੀਅਲ ਸਕੂਲ?

1870 ਅਤੇ 1997 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਮੂਲਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਸਰਕਾਰੀ ਫ਼ੰਡਾਂ ਰਾਹੀਂ ਚਰਚ ਵੱਲੋਂ ਚਲਾਏ ਜਾਣ ਵਾਲੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਜਬਰਨ ਦਾਖ਼ਲ ਕੀਤਾ ਗਿਆ ਸੀ।

1894 ਵਿਚ ਇੰਡੀਅਨ ਐਕਟ ਵਿਚ ਸੋਧ ਕੀਤੀ ਗਈ ਸੀ ਜਿਸ ਅਧੀਨ ਜੇ ਸਰਕਾਰ ਨੂੰ ਲੱਗਦਾ ਸੀ ਕਿ ਬੱਚੇ ਦੀ ਸਹੀ ਦੇਖ-ਭਾਲ ਅਤੇ ਸਿੱਖਿਆ ਨਹੀਂ ਹੋ ਰਹੀ ਹੈ ਤਾਂ ਉਹ ਕਿਸੇ ਵੀ ਮੂਲਨਿਵਾਸੀ ਬੱਚੇ ਨੂੰ ਉਸਦੇ ਪਰਿਵਾਰ ਕੋਲੋਂ ਵੱਖ ਕਰਕੇ ਇਹਨਾਂ ਸਕੂਲਾਂ ਵਿਚ ਦਾਖ਼ਲ ਕਰ ਸਕਦੀ ਸੀ। 1920 ਵਿਚ ਦੁਬਾਰਾ ਇਸ ਕਾਨੂੰਨ ਵਿਚ ਸੋਧ ਕਰਕੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਦਾਖ਼ਲਾ ਲਾਜ਼ਮੀ ਕਰ ਦਿੱਤਾ ਗਿਆ ਸੀ।

1939 ਦੀ ਕਿਉਬੈਕ ਦੇ ਇੱਕ ਕੈਥਲਿਕ ਰੈਜ਼ੀਡੈਂਸ਼ੀਅਲ ਸਕੂਲ ਦੀ ਤਸਵੀਰ।

1939 ਦੀ ਕਿਉਬੈਕ ਦੇ ਇੱਕ ਕੈਥਲਿਕ ਰੈਜ਼ੀਡੈਂਸ਼ੀਅਲ ਸਕੂਲ ਦੀ ਤਸਵੀਰ।

ਤਸਵੀਰ: (Deschâtelets Archives)

ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਸੱਭਿਆਚਾਰ ਤੋਂ ਵੱਖ ਕਰਕੇ ਉਹਨਾਂ ਨੂੰ ਜਬਰਨ ਅੰਗ੍ਰੇਜ਼ੀ ਸਿਖਾਈ ਜਾਂਦੀ ਸੀ, ਉਹਨਾਂ ਕੋਲੋਂ ਇਸਾਈ ਧਰਮ ਕਬੂਲ ਕਰਵਾਇਆ ਜਾਂਦਾ ਸੀ ਅਤੇ ਕੈਨੇਡਾ ਦੀ ਗੋਰੀ ਨਸਲ ਵਾਲੀ ਬਹੁਗਿਣਤੀ ਦੇ ਰੀਤੀ ਰਿਵਾਜ ਸਿੱਖਣ ਲਈ ਮਜਬੂਰ ਕੀਤਾ ਜਾਂਦਾ ਸੀ। 

ਟ੍ਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ 2015 ਚ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਇਹਨਾਂ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਜਿਨਸੀ ਸ਼ੋਸ਼ਣ ਦੀ ਦਰਦਨਾਕ ਘਟਨਾਵਾਂ ਵੀ ਉਜਾਗਰ ਹੋਈਆਂ ਸਨ।ਕਮੀਸ਼ਨ ਨੇ ਇਸ ਸਿਸਟਮ ਨੂੰ ਇੱਕ ਸੱਭਿਆਚਾਰਕ ਨਸਲਕੁਸ਼ੀ ਆਖਿਆ ਸੀ ਜਿਸ ਦਾ ਮਕਸਦ ਮੂਲਨਿਵਾਸੀ ਭਾਸ਼ਾ ਅਤੇ ਕਲਚਰ ਦਾ ਖ਼ਾਤਮਾ ਕਰਨਾ ਸੀ।

ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ, ਜਿੱਥੇ ਕਮੀਸ਼ਨ ਵੱਲੋਂ ਇਹਨਾਂ ਸਕੂਲਾਂ ਬਾਰੇ ਇਕੱਠੀ ਕੀਤੀ ਸਮੱਗਰੀ ਜਮ੍ਹਾਂ ਹੈ, ਦੇ ਅਨੁਸਾਰ ਇਸ ਰੈਜ਼ੀਡੈਨਸ਼ੀਅਲ ਸਕੂਲ ਸਿਸਟਮ ਦੌਰਾਨ 4100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ, ਜਿਹਨਾਂ ਵਿਚੋਂ ਜ਼ਿਆਦਾਤਰ ਮੌਤਾਂ ਕੁਪੋਸ਼ਣ ਜਾਂ ਬਿਮਾਰੀ ਕਰਕੇ ਹੋਈਆਂ ਸਨ।

ਕੈਨੇਡਾ ਵਿਚ ਕਿੱਥੇ ਸਨ ਰੈਜ਼ੀਡੈਂਸ਼ੀਅਲ ਸਕੂਲ?

ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸੈਟਲਮੈਂਟ ਅਗਰੀਮੈਂਟ (ਆਈ ਆਰ ਐਸ ਐਸ ਏ) ਨੇ ਕੈਨੇਡਾ ਭਰ ਵਿਚ 139 ਰੈਜ਼ੀਡੈਂਸ਼ੀਅਲ ਸਕੂਲਾਂ ਦੀ ਪਛਾਣ ਕੀਤੀ ਹੈ। ਹਾਲਾਂਕਿ ਇਸ ਗਿਣਤੀ ਵਿਚ ਫ਼ੈਡਰਲ ਮਦਦ ਤੋਂ ਬਿਨਾ ਚਲਾਏ ਜਾਣ ਵਾਲੇ ਸਕੂਲ ਸ਼ਾਮਲ ਨਹੀਂ ਹਨ। ਕੁਝ ਸਕੂਲ ਮੁਕੰਮਲ ਤੌਰ ਤੇ ਧਾਰਮਿਕ ਨਿਰਦੇਸ਼ਾਂ ਜਾਂ ਸੂਬਾ ਸਰਕਾਰਾਂ ਵੱਲੋਂ ਚਲਾਏ ਜਾਂਦੇ ਸਨ। 

ਪ੍ਰਿੰਸ ਐਡਵਰਡ ਆਇਲੈਂਡ, ਨਿਊ ਬ੍ਰੰਜ਼ਵਿਕ, ਨਿਊਫ਼ੰਡਲੈਂਡ ਐਂਡ ਲੈਬਰਾਡੌਰ ਨੂੰ ਛੱਡ ਕੇ ਸਾਰੇ ਕੈਨੇਡੀਅਨ ਸੂਬਿਆਂ ਵਿਚ ਹੀ ਇਹ 139 ਸਕੂਲ ਮੌਜੂਦ ਸਨ। ਨਿਊਫ਼ੰਡਲੈਂਡ ਐਂਡ ਲੈਬਰਾਡੌਰ ਵਿਚ ਰੈਜ਼ੀਡੈਂਸ਼ੀਅਲ ਸਕੂਲ ਸਨ ਪਰ ਉਹ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸੈਟਲਮੈਂਟ ਅਗਰੀਮੈਂਟ ਵਿਚ ਸ਼ਾਮਲ ਨਹੀਂ ਸਨ। 

1931 ਵਿਚ, ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਸਿੱਖਰ ਦੌਰਾਨ, ਮੁਲਕ ਵਿਚ ਤਕਰੀਬਨ 80 ਸਕੂਲ ਚਲਾਏ ਜਾ ਰਹੇ ਸਨ। ਆਖ਼ਰੀ ਸਕੂਲ, ਕਿਵਾਲਿਕ ਹਾਲ,1997 ਵਿਚ ਬੰਦ ਕੀਤਾ ਗਿਆ ਸੀ। ਇਹ ਸਕੂਲ ਰੈਂਕਿਨ ਇਨਲੈਟ, ਨੂਨਾਵੁਟ ਵਿਚ ਸੀ।

2008 ਵਿਚ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਲਈ ਮੂਲਨਿਵਾਸੀ ਲੋਕਾਂ ਕੋਲੋਂ ਕੈਨੇਡਾ ਸਰਕਾਰ ਵੱਲੋਂ ਰਸਮੀ ਤੌਰ ਤੇ ਮੁਆਫ਼ੀ ਮੰਗੀ ਸੀ।

1863 ਤੋਂ 2000 ਦੇ ਦਰਮਿਅਨ,  ਨਿਊਫ਼ੰਡਲੈਂਡ ਐਂਡ ਲੈਬਰਾਡੌਰ ਨੂੰ ਛੱਡ ਕੇ, ਕੈਨੇਡਾ ਦੇ ਹਰੇਕ ਸੂਬੇ ਅਤੇ ਟੈਰੀਟ੍ਰੀ ਵਿਚ 600 ਤੋਂ ਵੱਧ ਅਖੌਤੇ ਇੰਡੀਅਨ ਡੇ ਸਕੂਲ ਚਲਾਏ ਜਾ ਰਹੇ ਸਨ। ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਮੂਲਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਦਿਨ ਵੇਲੇ ਇਹਨਾਂ ਸਕੂਲਾਂ ਵਿਚ ਭੇਜਿਆ ਜਾਂਦਾ ਸੀ ਅਤੇ ਬਾਅਦ ਵਿਚ ਉਹ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਸਨ। ਇਹਨਾਂ ਡੇ ਸਕੂਲਾਂ ਵਿਚ ਜਾਣ ਵਾਲੇ ਕੁਝ ਬੱਚਿਆਂ ਨੇ ਵੀ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਹੁੰਦੇ ਸ਼ੋਸ਼ਣ ਵਰਗੇ ਦੁਰਵਿਵਹਾਰ ਦਾ ਜ਼ਿਕਰ ਕੀਤਾ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ