1. ਮੁੱਖ ਪੰਨਾ
  2. ਸਮਾਜ

ਭਾਰਤ-ਕੈਨੇਡਾ ਤਣਾਅ ਕਾਰਨ ਭਾਰਤ ਨਾਲ ਵਪਾਰ ‘ਤੇ ਨਿਰਭਰ ਬੀਸੀ ਦੇ ਕਾਰੋਬਾਰੀਆਂ ਦੀਆਂ ਚਿੰਤਾਵਾਂ ਵਧੀਆਂ

‘ਇਸ ਨਾਲ ਸਾਡਾ ਗੁਜ਼ਾਰਾ ਚੱਲਦਾ ਹੈ’: ਐਕਸਪੋਰਟਰ ਵਿਵੇਕ ਧੂਮੇ

ਸੰਨੀ ਬਰਾੜ ਆਪਣੇ ਫਾਰਮ ਵਿੱਚ ਬਲੂਬੈਰੀ ਦੀ ਖੇਤੀ ਕਰਦਾ ਹੈ। ਰਾਜਨੀਤਿਕ ਤਣਾਅ ਦੇ ਮੱਦੇਨਜ਼ਰ ਊਸਨੂੰ ਭਾਰਤ ਨਿਰਯਾਤ ਹੋਣ ਵਾਲੀ ਬਲੂ ਬੈਰੀ ਦੀ ਖੇਤੀ ਦੀ ਚਿੰਤਾ ਹੈ।

ਸੰਨੀ ਬਰਾੜ ਆਪਣੇ ਫਾਰਮ ਵਿੱਚ ਬਲੂਬੈਰੀ ਦੀ ਖੇਤੀ ਕਰਦਾ ਹੈ। ਰਾਜਨੀਤਿਕ ਤਣਾਅ ਦੇ ਮੱਦੇਨਜ਼ਰ ਊਸਨੂੰ ਭਾਰਤ ਨਿਰਯਾਤ ਹੋਣ ਵਾਲੀ ਬਲੂ ਬੈਰੀ ਦੀ ਖੇਤੀ ਦੀ ਚਿੰਤਾ ਹੈ।

ਤਸਵੀਰ:  (Gian-Paolo Mendoza/CBC)

RCI

ਭਾਰਤ ਨੂੰ ਆਪਣੇ ਉਤਪਾਦ ਵੇਚਣ ਵਾਲੇ ਬੀਸੀ ਦੇ ਕੁਝ ਬਿਜ਼ਨਸ ਮਾਲਕਾਂ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਭਾਰਤ ਦਰਮਿਆਨ ਚੱਲ ਰਹੇ ਕੂਟਨੀਤਕ ਤਣਾਅ ਕਰਕੇ ਉਹ ਆਪਣੇ ਭਵਿੱਖ ਅਤੇ ਆਪਣੇ ਗੁਜ਼ਾਰੇ ਨੂੰ ਲੈਕੇ ਚਿੰਤਤ ਹਨ।

ਸਨੀ ਬਰਾੜ ਬੀਸੀ ਦੇ ਲਾਂਗਲੇ ਵਿੱਖੇ 40 ਏਕੜ ਫ਼ਾਰਮ ਵਿਚ ਬਲੂ ਬੈਰੀ ਦੀ ਖੇਤੀ ਕਰਦਾ ਹੈ। ਸਨੀ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਵਿਚ ਭਵਿੱਖ ਬਹੁਤ ਡਰਾਉਣਾ ਲੱਗ ਰਿਹਾ ਹੈ।

ਸਨੀ ਨੇ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਵਿਚ ਲੋਕਲ ਵਿਕਰੀ ਵਿਚ ਪਹਿਲੀ ਵਾਰੀ ਕਮੀ ਆਈ ਸੀ, ਪਰ ਉਸਨੇ ਆਪਣੇ ਉਤਪਾਦ ਦਾ ਕਰੀਬ 10% ਵਿਕਰੀ ਲਈ ਭਾਰਤ ਭੇਜ ਦਿੱਤਾ ਸੀ।

ਇਹ ਇੱਕ ਅਜਿਹਾ ਵਿਕਲਪ ਸੀ, ਜਿਸਨੂੰ ਸਨੀ ਜਾਰੀ ਰੱਖਣਾ ਚਾਹੁੰਦਾ ਹੈ।

ਪਰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੁਆਰਾ ਸਰੀ ਦੇ ਇੱਕ ਸਿੱਖ ਕਾਰਕੁਨ ਦੀ ਹੱਤਿਆ ਦੇ ਭਾਰਤ ‘ਤੇ ਦੋਸ਼ ਲਾਉਣ ਤੋਂ ਬਾਅਦ, ਦੋਵਾਂ ਮੁਲਕਾਂ ਵਿਚ ਤਣਾਅ ਵਧ ਗਿਆ ਹੈ ਅਤੇ ਸਨੀ ਨੂੰ ਹੁਣ ਅਗਲੇ ਸਾਲ ਦੀ ਵਿਕਰੀ ਦੀ ਚਿੰਤਾ ਹੋ ਗਈ ਹੈ।

ਸਨੀ ਕਹਿੰਦਾ ਹੈ ਕਿ ਉਸਨੂੰ ਸਮਝ ਨਹੀਂ ਆ ਰਹੀ ਕਿ ਕੀ ਉਸਦਾ ਐਕਸਪੋਰਟ ਵਿਚ ਲਾਇਆ ਪੈਸਾ ਡੁੱਬ ਗਿਆ ਹੈ ਜਾਂ ਨਹੀਂ, ਕਿਉਂਕਿ ਐਕਸਪੋਰਟ ਦਾ ਕੰਮ ਸ਼ੁਰੂ ਕਰਨ ਵਿਚ ਕਈ ਸਾਲਾਂ ਦੀ ਮਿਹਨਤ ਲੱਗਦੀ ਹੈ। ਸਨੀ ਨੂੰ ਨਹੀਂ ਪਤਾ ਕਿ ਇਹ ਤਣਾਅ ਅੱਗੇ ਕਿੰਨਾ ਵਧੇਗਾ। ਉਹ ਕਹਿੰਦਾ ਹੈ ਕਿ ਜੇ ਉਹ ਭਾਰਤ ਵਿਚ ਆਪਣੀਆਂ ਬਲੂ ਬੈਰੀਆਂ ਨਿਰਯਾਤ ਕਰਦੇ ਰਹਿਣ ਦੀ ਯੋਜਨਾ ਨਾਲ ਅੱਗੇ ਵਧਦਾ ਹੈ ਤਾਂ ਉਸਨੂੰ ਉਸ ਦੇ ਅਨੁਕੂਲ ਪਲਾਨ ਕਰਨਾ ਪਵੇਗਾ।

ਸਨੀ ਨੇ ਫ਼੍ਰੂਟਸੀ ਨਾਂ ਦੀ ਸਪਲਾਈ ਚੇਨ ਮੈਨੇਜਮੈਂਟ ਕੰਪਨੀ ਅਤੇ ਐਕਸਪੋਰਟਰ ਨਾਲ ਮਿਲਕੇ ਕੰਮ ਸ਼ੁਰੂ ਕੀਤਾ ਸੀ, ਜਿਸ ਦਾ ਕਹਿਣਾ ਹੈ ਕਿ ਉਹਨਾਂ ਦਾ ਪੂਰਾ ਕਾਰੋਬਾਰ ਭਾਰਤ ਵਿਚ ਇਸ ਫਲ ਦੀ ਮੰਗ ‘ਤੇ ਨਿਰਭਰ ਕਰਦਾ ਹੈ।

ਕੰਪਨੀ ਦੇ ਸਹਿ-ਸੰਸਥਾਪਕ, ਵਿਵੇਕ ਧੂਮੇ ਨੇ ਕਿਹਾ ਕਿ ਭਾਰਤ ਕੋਲ ਹੋਰ ਵਿਕਲਪ ਵੀ ਹਨ ਅਤੇ ਜੇ ਭਾਰਤ ਨੇ ਕਿਹਾ ਕਿ ਉਹ ਹੋਰ ਸਪਲਾਇਰ ਲੱਭ ਲੈਣਗੇ, ਤਾਂ ਇਹ ਸਾਡੇ ਲਈ ਚਿੰਤਾਜਨਕ ਹੈ।

ਵਿਵੇਕ ਦਾ ਕਹਿਣਾ ਹੈ ਕਿ ਇਸ ਗੱਲ ਨੇ ਉਸ ਨੂੰ ਚਿੰਤਾ ਅਤੇ ਉਲਝਣ ਵਿਚ ਪਾ ਦਿੱਤਾ ਹੈ ਕਿ ਉਹ ਆਉਣ ਵਾਲੇ ਸਾਲ ਬਾਰੇ ਕਿਸਾਨਾਂ ਨੂੰ ਕੀ ਦੱਸੇ।

ਐਕਸਪੋਰਟਰ ਵਿਵੇਕ ਧੂਮੇ (ਖੱਬੇ) ਅਤੇ ਸਨੀ ਬਰਾੜ

ਐਕਸਪੋਰਟਰ ਵਿਵੇਕ ਧੂਮੇ (ਖੱਬੇ) ਅਤੇ ਸਨੀ ਬਰਾੜ

ਤਸਵੀਰ:  (Gian-Paolo Mendoza/CBC)

ਸਿਆਸੀ ਤਣਾਅ ਦਾ ਮਾੜਾ ਸਮਾਂ

ਬੀਸੀ ਸਰਕਾਰ ਦੇ ਅੰਕੜਿਆਂ ਅਨੁਸਾਰ ਭਾਰਤ ਬੀਸੀ ਦਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।

2022 ਵਿੱਚ, ਭਾਰਤ ਅਤੇ ਕੈਨੇਡਾ ਦਰਮਿਆਨ ਲਗਭਗ $20 ਬਿਲੀਅਨ ਦੀਆਂ ਵਸਤਾਂ ਅਤੇ ਸੇਵਾਵਾਂ ਦਾ ਰਿਕਾਰਡ ਆਯਾਤ-ਨਿਰਯਾਤ ਹੋਇਆ ਸੀ।

ਕੈਨੇਡਾ ਵੈਸਟ ਫ਼ਾਊਂਡੇਸ਼ਨ ਦੇ ਵਿਸ਼ਲੇਸ਼ਕ, ਕਾਰਲੋ ਡੇਡ ਨੇ ਕਿਹਾ ਕਿ ਇਹ ਸਿਆਸੀ ਤਣਾਅ ਅਜਿਹੇ ਸਮੇਂ ਵਿਚ ਸ਼ੁਰੂ ਹੋਇਆ ਹੈ ਜਦੋਂ ਦੋਵੇਂ ਦੇਸ਼ਾਂ ਦਰਮਿਆਨ ਹਿੰਦ-ਪ੍ਰਸ਼ਾਂਤ ਰਣਨੀਤੀ ਦੇ ਤਹਿਤ ਵਪਾਰਕ ਗੱਲਬਾਤ ਚਲ ਰਹੀ ਸੀ।

ਪ੍ਰਧਾਨ ਮੰਤਰੀ ਟ੍ਰੂਡੋ ਦੇ ਵਿਸਫ਼ੋਟਕ ਬਿਆਨਾਂ ਤੋਂ ਪਹਿਲਾਂ ਵਪਾਰ ਮੰਤਰੀ ਮੈਰੀ ਇੰਗ ਨੇ ਅਕਤੂਬਰ ਵਿਚ ਭਾਰਤ ਭੇਜੇ ਜਾਣ ਵਾਲੇ ਟ੍ਰੇਡ ਮਿਸ਼ਨ ਨੂੰ ਵੀ ਰੱਦ ਕਰ ਦਿੱਤਾ ਸੀ।

ਕਾਰਲੋ ਦਾ ਕਹਿਣਾ ਹੈ ਕਿ ਨਾ ਤਾਂ ਵਪਾਰਕ ਗੱਲਬਾਤ ਅਤੇ ਨਾ ਹੀ ਵਪਾਰ ਮਿਸ਼ਨ, ਦੋਵਾਂ ਤੋਂ ਇੱਕ ਦਮ ਬਾਅਦ ਭਾਵੇਂ ਕੋਈ ਵਪਾਰਕ ਵਾਧਾ ਨਹੀਂ ਹੁੰਦਾ, ਪਰ ਇਸ ਨਾਲ ਵਪਾਰਕ ਦਿਸ਼ਾ ਸਪਸ਼ਟ ਜ਼ਰੂਰ ਹੋ ਜਾਂਦੀ ਹੈ।

ਪਰ ਇਸ ਵੇਲੇ ਅਨਿਸ਼ਚਿਤਤਾ ਹੈ, ਹਾਲਾਂਕਿ ਕਾਰਲੋ ਨੇ ਉਮੀਦ ਜਤਾਈ ਹੈ ਕਿ ਕੈਨੇਡਾ ਅਤੇ ਭਾਰਤ ਦਰਮਿਆਨ ਵਪਾਰ ਉਸੇ ਤਰ੍ਹਾਂ ਜਾਰੀ ਰਹੇਗਾ ਜਿਵੇਂ ਕਿ ਕਈ ਸਾਲ ਪਹਿਲਾਂ ਕੈਨੇਡਾ ਅਤੇ ਚੀਨ ਵਿਚਕਾਰ ਸਬੰਧ ਟੁੱਟਣ ‘ਤੇ ਜਾਰੀ ਰਿਹਾ ਸੀ।

ਬੇਹੱਦ ਨਿਰਾਸ਼ਾਜਨਕ

ਸਰੀ ਬੋਰਡ ਔਫ਼ ਟ੍ਰੇਡ ਦੀ ਸੀਈਓ, ਅਨੀਤਾ ਹੂਬਰਮੈਨ ਨੇ ਕਿਹਾ ਕਿ ਉਹ 2011 ਵਿੱਚ ਭਾਰਤ ਵਿਚ ਆਪਣੇ ਪਹਿਲੇ ਵਪਾਰਕ ਮਿਸ਼ਨ ਤੋਂ ਬਾਅਦ ਆਪਣੀ ਟੀਮ ਨਾਲ ਮਿਲਕੇ ਭਾਰਤ ਨਾਲ ਸਬੰਧ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਤਾਜ਼ਾ ਤਣਾਅ ਤੋਂ ਉਹ ਬੇਹੱਦ ਨਿਰਾਸ਼ ਹੈ।

ਅਨੀਤਾ ਨੇ ਕਿਹਾ ਕਿ ਭਾਰਤ ਵੱਲੋਂ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਕਾਰੋਬਾਰਾਂ ਨੂੰ ਡਾਢੀ ਪ੍ਰੇਸ਼ਾਨੀ ਹੋਈ, ਕਿਉਂਕਿ ਵਪਾਰਕ ਸਬੰਧਤ ਬਣਾਉਣ ਲਈ ਤੁਹਾਨੂੰ ਵਿਅਕਤੀਗਤ ਰੂਪ ਵਿਚ ਜ਼ਮੀਨੀ ਪੱਧਰ ‘ਤੇ ਜਾਣਾ ਪੈਂਦਾ ਹੈ।

ਪਰ ਉਹ ਕਹਿੰਦੀ ਹੈ ਕਿ ਉਸਦੀ ਸੰਸਥਾ ਨੇ ਆਸ ਨਹੀਂ ਛੱਡੀ ਹੈ।

ਉਸਨੇ ਉਮੀਦ ਜਤਾਈ ਹੈ ਕਿ ਦੋਵੇਂ ਸਰਕਾਰਾਂ ਜਲਦੀ ਹੀ ਕੋਈ ਸਕਾਰਾਤਮਕ ਰਸਤਾ ਲੱਭ ਸਕਦੀਆਂ ਹਨ ਤਾਂ ਕਿ ਕੋਈ ਵੀ ਇਸ ਤਣਾਅ ਵਿਚ ਫਸੇ ਨਾ।

ਲੀਏਂਗ ਯੰਗ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ