1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਭਾਰਤ-ਅਧਾਰਤ ਹੈਕਰਜ਼ ਨੇ ਕੈਨੇਡੀਅਨ ਫ਼ੌਜ ਅਤੇ ਪਾਰਲੀਮੈਂਟ ਦੀ ਵੈੱਬਸਾਈਟ ’ਤੇ ਕੀਤਾ ਸਾਈਬਰ ਹਮਲਾ

ਸੋਮਵਾਰ ਸਵੇਰ ਤੋਂ ਹਾਊਸ ਔਫ਼ ਕੌਮਨਜ਼ ਦੀ ਵੈੱਬਸਾਈਟ ਹੌਲੀ-ਹੌਲੀ ਲੋਡ ਹੋ ਰਹੀ ਹੈ

ਲੈਪਟਾਪ 'ਤੇ ਕੈਨੇਡੀਅਨ ਪਾਰਲੀਮੈਂਟ ਦੇ ਵੈੱਬਪੇਜ ਦੀ ਤਸਵੀਰ। ਕੈਨੇਡਾ ਸਰਕਾਰ ਇਸ ਹਫਤੇ ਭਾਰਤ ਅਧਾਰਤ ਹੈਕਰਾਂ ਵੱਲੋਂ ਕੀਤੇ ਸਾਈਬਰ ਹਮਲਿਆਂ ਨਾਲ ਨਜਿੱਠ ਰਹੀ ਹੈ।

ਲੈਪਟਾਪ 'ਤੇ ਕੈਨੇਡੀਅਨ ਪਾਰਲੀਮੈਂਟ ਦੇ ਵੈੱਬਪੇਜ ਦੀ ਤਸਵੀਰ। ਕੈਨੇਡਾ ਸਰਕਾਰ ਇਸ ਹਫਤੇ ਭਾਰਤ ਅਧਾਰਤ ਹੈਕਰਾਂ ਵੱਲੋਂ ਕੀਤੇ ਸਾਈਬਰ ਹਮਲਿਆਂ ਨਾਲ ਨਜਿੱਠ ਰਹੀ ਹੈ।

ਤਸਵੀਰ:  (Adrian Wyld/The Canadian Press)

RCI

ਭਾਰਤ-ਅਧਾਰਤ ਹੈਕਰਜ਼ ਵੱਲੋਂ ਕੈਨੇਡੀਅਨ ਫ਼ੌਜ ਅਤੇ ਪਾਰਲੀਮੈਂਟ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਕੈਨੇਡੀਅਨ ਆਰਮਡ ਫੋਰਸੇਜ਼ ਦਾ ਕਹਿਣਾ ਹੈ ਕਿ ਉਸਦੀ ਵੈੱਬਸਾਈਟ ਬੁੱਧਵਾਰ ਦੁਪਹਿਰ ਨੂੰ ਮੋਬਾਈਲ ਉਪਭੋਗਤਾਵਾਂ ਲਈ ਗ਼ੈਰ-ਉਪਲਬਧ ਹੋ ਗਈ ਸੀ, ਪਰ ਕੁਝ ਘੰਟਿਆਂ ਵਿੱਚ ਹੀ ਇਸਨੂੰ ਠੀਕ ਕਰ ਦਿੱਤਾ ਗਿਆ।

ਫੌਜ ਦਾ ਕਹਿਣਾ ਹੈ ਕਿ ਇਹ ਸਾਈਟ ਹੋਰ ਸਰਕਾਰੀ ਸਾਈਟਾਂ, ਜਿਵੇਂ ਕਿ ਰੱਖਿਆ ਵਿਭਾਗ ਅਤੇ ਅੰਦਰੂਨੀ ਫੌਜੀ ਨੈਟਵਰਕ ਤੋਂ ਵੱਖਰੀ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਫ਼ੌਜ ਦੇ ਬੁਲਾਰੇ ਐਂਡਰੀ-ਐਨ ਪੌਲਿਨ ਦੇ ਇੱਕ ਬਿਆਨ ਨੇ ਕਿਹਾ, ਸਾਡੇ ਕੋਲ ਸਾਡੇ ਸਿਸਟਮਾਂ 'ਤੇ ਵਿਆਪਕ ਪ੍ਰਭਾਵਾਂ ਦਾ ਕੋਈ ਸੰਕੇਤ ਨਹੀਂ ਹੈ

ਇਸ ਦੌਰਾਨ ਹਾਊਸ ਔਫ਼ ਕੌਮਨਜ਼ ਦੀ ਵੈੱਬਸਾਈਟ ਦੇ ਵੱਖ-ਵੱਖ ਪੇਜ ਲਗਾਤਾਰ ਹੋ ਰਹੇ ਸਾਈਬਰ ਹਮਲੇ ਕਾਰਨ ਹੌਲੀ-ਹੌਲੀ ਜਾਂ ਅਧੂਰੇ ਤੌਰ 'ਤੇ ਲੋਡ ਹੋ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੁਝ ਸੋਮਵਾਰ ਸਵੇਰੇ ਸ਼ੁਰੂ ਹੋਇਆ ਸੀ।

ਕੌਮਨਜ਼ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੂੰ ਡਿਸਟ੍ਰੀਬਿਊਟਿਡ ਡਿਨਾਇਲ-ਔਫ-ਸਰਵਿਸ ਹਮਲੇ (DoS) ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਉਦੋਂ ਹੁੰਦਾ ਹੈ ਜਦੋਂ ਇੱਕ ਵੈਬਸਾਈਟ ‘ਤੇ ਇੰਟਰਨੈੱਟ ਰੋਬੋਟ ਰਾਹੀਂ ਬਹੁਤ ਜ਼ਿਆਦਾ ਵਿਜ਼ਿਟਸ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਇਹ ਸਹੀ ਢੰਗ ਨਾਲ ਲੋਡ ਕਰਨਾ ਬੰਦ ਕਰ ਦਿੰਦੀ ਹੈ।

ਸਪੋਕਸਪਰਸਨ ਅਮੇਲੀ ਕਰੌਸਨ ਨੇ ਵੀਰਵਾਰ ਨੂੰ ਇੱਕ ਬਿਆਨ ਵਿਚ ਕਿਹਾ, ਹਾਊਸ ਔਫ਼ ਕੌਮਨਜ਼ ਦੇ ਸਿਸਟਮਾਂ ਨੇ ਸਾਡੇ ਨੈੱਟਵਰਕ ਅਤੇ ਆਈਟੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਯੋਜਨਾ ਅਨੁਸਾਰ ਜਵਾਬ ਦਿੱਤਾ। ਹਾਲਾਂਕਿ, ਕੁਝ ਵੈੱਬਸਾਈਟਾਂ ਥੋੜ੍ਹੇ ਸਮੇਂ ਲਈ ਠੱਪ ਹੋ ਸਕਦੀਆਂ ਹਨ

ਹਾਊਸ ਔਫ਼ ਕੌਮਨਜ਼ ਦੀ ਆਈਟੀ ਸਹਾਇਤਾ ਟੀਮ ਨੇ, ਸਾਡੇ ਭਾਈਵਾਲਾਂ ਦੇ ਸਹਿਯੋਗ ਨਾਲ, ਉਪਾਅ ਲਾਗੂ ਕੀਤੇ ਹਨ ਅਤੇ ਸੇਵਾਵਾਂ ਨੂੰ ਉਚਿਤ ਸੇਵਾ ਪੱਧਰਾਂ 'ਤੇ ਬਹਾਲ ਕੀਤਾ ਹੈ। ਆਈਟੀ ਟੀਮ ਅਜੇ ਵੀ ਅਜਿਹੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ

ਇੰਡੀਅਨ ਸਾਈਬਰ ਫ਼ੋਰਸ ਨਾਮਕ ਇੱਕ ਹੈਕਿੰਗ ਸਮੂਹ ਨੇ ਫੌਜ ਦੀ ਵੈੱਬਸਾਈਟ ਵਾਲੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਹ ਹੈਕਰਜ਼ ਕੈਨੇਡਾ ਵਿੱਚ ਛੋਟੇ ਕਾਰੋਬਾਰਾਂ ਦੀ ਮਲਕੀਅਤ ਵਾਲੀਆਂ ਕੁਝ ਵੈਬਸਾਈਟਾਂ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋਏ ਜਾਪਦੇ ਹਨ।

ਹੈਕਰਾਂ ਦੇ ਸਮੂਹ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ 18 ਸਤੰਬਰ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ਾਂ ਦਾ ਹਵਾਲਾ ਦਿੱਤਾ ਗਿਆ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਚ ਲੱਗਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਦੀ ਜਾਂਚ ਦੀ ਮੰਗ ਕਰਨ ਵਾਲਾ ਇੱਕ ਪੋਸਟਰ। ਟ੍ਰੂਡੋ ਵੱਲੋਂ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧ ਤਣਾਅਪੂਰਨ ਹੋ ਗਏ ਹਨ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਚ ਲੱਗਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਦੀ ਜਾਂਚ ਦੀ ਮੰਗ ਕਰਨ ਵਾਲਾ ਇੱਕ ਪੋਸਟਰ। ਟ੍ਰੂਡੋ ਵੱਲੋਂ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧ ਤਣਾਅਪੂਰਨ ਹੋ ਗਏ ਹਨ।

ਤਸਵੀਰ: (Chris Helgren/Reuters)

ਹੈਕ ਕੀਤੀਆਂ ਵੈੱਬਸਾਈਟਾਂ ‘ਤੇ ਕੈਨੇਡਾ ਨੂੰ ਅੱਤਵਾਦੀਆਂ ਲਈ ਇੱਕ ਸੁਰੱਖਿਅਤ ਸਥਾਨ ਦੱਸਿਆ ਗਿਆ ਅਤੇ ਸਿੱਖ ਵੱਖਵਾਦੀਆਂ ਦਾ ਅਪਮਾਨ ਕੀਤਾ ਗਿਆ।

ਇਸ ਹੈਕਰ ਸਮੂਹ ਨੇ ਇਲੈਕਸ਼ਨਜ਼ ਕੈਨੇਡਾ, ਔਟਵਾ ਹਸਪਤਾਲ ਅਤੇ ਗਲੋਬਲ ਅਫੇਅਰਜ਼ ਕੈਨੇਡਾ ਦੀ ਟ੍ਰੈਵਲ ਐਡਵਾਈਜ਼ਰੀ ਵੈੱਬਸਾਈਟ 'ਤੇ ਹਮਲਾ ਕਰਨ ਦਾ ਦਾਅਵਾ ਵੀ ਕੀਤਾ, ਹਾਲਾਂਕਿ ਇਹ ਵੈੱਬਸਾਈਟਾਂ ਵੀਰਵਾਰ ਸਵੇਰੇ ਆਮ ਤਰੀਕੇ ਨਾਲ ਕੰਮ ਕਰਦੀਆਂ ਨਜ਼ਰੀਂ ਪਈਆਂ।

ਡਾਇਲਨ ਰੌਬਰਟਸਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ