1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਹੈਲਥ ਕੈਨੇਡਾ ਨੇ ਫ਼ਾਈਜ਼ਰ ਦੀ ਅੱਪਡੇਟ ਕੀਤੀ ਕੋਵਿਡ-19 ਵੈਕਸੀਨ ਮਨਜ਼ੂਰ ਕੀਤੀ

ਅੱਪਡੇਟ ਕੀਤੀ ਵੈਕਸੀਨ ਓਮੀਕਰੌਨ ਦੇ XBB.1.5 ਸਬਵੇਰੀਐਂਟ ਨੂੰ ਨਿਸ਼ਾਨਾ ਬਣਾਵੇਗੀ

ਇੱਕ ਵਿਅਕਤੀ Pfizer-BioNTech ਦੁਆਰਾ ਬੱਚਿਆਂ ਲਈ ਬਣਾਈ ਗਈ ਕੋਵਿਡ-19 ਵੈਕਸੀਨ ਦੀ ਇੱਕ ਖੁਰਾਕ ਤਿਆਰ ਕਰਦਾ ਹੋਇਆ।

ਇੱਕ ਵਿਅਕਤੀ Pfizer-BioNTech ਦੁਆਰਾ ਬੱਚਿਆਂ ਲਈ ਬਣਾਈ ਗਈ ਕੋਵਿਡ-19 ਵੈਕਸੀਨ ਦੀ ਇੱਕ ਖੁਰਾਕ ਤਿਆਰ ਕਰਦਾ ਹੋਇਆ।

ਤਸਵੀਰ: Radio-Canada / Jacques Corriveau

RCI

ਹੈਲਥ ਕੈਨੇਡਾ ਨੇ ਛੇ ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਫ਼ਾਈਜ਼ਰ ਦੀ ਅੱਪਡੇਟ ਕੀਤੀ ਵੈਕਸੀਨ ਨੂੰ ਮਨਜ਼ੂਰੀ (ਨਵੀਂ ਵਿੰਡੋ) ਦੇ ਦਿੱਤੀ ਹੈ।

ਫ਼ਾਈਜ਼ਰ-ਬਾਇਓਐਨਟੈਕ ਦੀ ਅੱਪਡੇਟ ਕੀਤੀ ਗਈ ਕੌਮਿਰਨੈਟੀ ਵੈਕਸੀਨ ਓਮੀਕਰੌਨ ਦੇ XBB.1.5 ਸਬਵੇਰੀਐਂਟ ਨੂੰ ਨਿਸ਼ਾਨਾ ਬਣਾਵੇਗੀ।

ਅੱਪਡੇਟ ਕੀਤੀ ਗਈ ਵੈਕਸੀਨ ਪੰਜ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਕਹਿਰੀ ਖ਼ੁਰਾਕ ਵਜੋਂ ਦਿੱਤੀ ਜਾਵੇਗੀ।

ਛੇ ਮਹੀਨੇ ਅਤੇ ਪੰਜ ਸਾਲ ਦੇ ਵਿਚਕਾਰ ਉਮਰ ਦੇ ਬੱਚੇ, ਜਿਨ੍ਹਾਂ ਨੇ ਮੁੱਢਲੀਆਂ ਖ਼ੁਰਾਕਾਂ ਪ੍ਰਾਪਤ ਨਹੀਂ ਕੀਤੀਆਂ ਹਨ, ਨੂੰ ਤਿੰਨ ਖ਼ੁਰਾਕਾਂ ਲੈਣੀਆਂ ਹੋਣਗੀਆਂ।

ਫ਼ਾਈਜ਼ਰ ਕੈਨੇਡਾ ਨੂੰ ਉਮੀਦ ਹੈ ਕਿ ਨਵੀਂ ਤਿਆਰ ਕੀਤੀ ਗਈ ਵੈਕਸੀਨ ਆਉਣ ਵਾਲੇ ਹਫ਼ਤਿਆਂ ਵਿੱਚ ਸਾਹ ਦੇ ਵਾਇਰਸ ਦੇ ਸੀਜ਼ਨ ਦੇ ਸਿਖਰ 'ਤੇ ਪਹੁੰਚਣ ਤੋਂ ਪਹਿਲਾਂ ਉਪਲਬਧ ਹੋਵੇਗੀ।

ਇਸ ਮਹੀਨੇ ਦੇ ਸ਼ੁਰੂ ਵਿੱਚ ਮੌਡਰਨਾ ਵੱਲੋਂ ਅੱਪਡੇਟ ਕੀਤੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਹੈਲਥ ਕੈਨੇਡਾ ਨੇ ਇੱਕ ਬਿਆਨ ਵਿਚ ਕਿਹਾ, ਕੈਨੇਡਾ ਕੋਲ 2023 ਦੇ ਫ਼ੌਲ ਸੀਜ਼ਨ ਦੌਰਾਨ mRNA ਟੀਕਿਆਂ ਦੇ ਨਵੇਂ ਫ਼ਾਰਮੂਲੇ ਦੀ ਭਰਪੂਰ ਸਪਲਾਈ ਹੋਵੇਗੀ

ਹੈਲਥ ਕੈਨੇਡਾ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਓਮੀਕਰੌਨ ਦੇ XBB.1.5 ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਨੋਵਾਵੈਕਸ ਦੇ ਨਵੇਂ ਟੀਕੇ ਦੀ ਵੀ ਸਮੀਖਿਆ ਕਰ ਰਿਹਾ ਹੈ।

ਫ਼ੈਡਰਲ ਅਧਿਕਾਰੀਆਂ ਨੇ ਨਵੇਂ ਟੀਕਿਆਂ ਨੂੰ ਬੂਸਟਰ ਨਹੀਂ ਆਖਿਆ ਅਤੇ ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਅਪਡੇਟ ਕੀਤੀ ਨਵੀਂ ਵੈਕਸੀਨ ਸਾਲਾਨਾ ਫ਼ਲੂ ਸ਼ੌਟ ਦੇ ਸਮਾਨ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ