- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਸ਼ਾਰਲੇਟਾਊਨ ਤੋਂ ਐਮਪੀ ਸ਼ੌਨ ਕੇਸੀ ਪਾਰਲੀਮੈਂਟਰੀ ਸਪੀਕਰ ਦੇ ਅਹੁਦੇ ਦੇ ਉਮੀਦਵਾਰ
ਮੰਗਲਵਾਰ ਨੂੰ ਹੋਵੇਗੀ ਸਪੀਕਰ ਦੀ ਚੋਣ

ਸ਼ੌਨ ਕੇਸੀ 2011 ਤੋਂ ਸ਼ਾਰਲੇਟਾਊਨ ਰਾਈਡਿੰਗ ਦੀ ਨੁਮਾਇੰਦਗੀ ਕਰ ਰਹੇ ਹਨ।
ਤਸਵੀਰ: (Wayne Thibodeau/CBC)
ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਾਰਲੇਟਾਊਨ ਤੋਂ ਐਮਪੀ ਸ਼ੌਨ ਕੇਸੀ ਨੇ ਕਿਹਾ ਕਿ ਉਹ ਪਾਰਲੀਮੈਂਟਰੀ ਸਪੀਕਰ ਦਾ ਅਹੁਦਾ ਸੰਭਾਲਣ ਦਾ ਇਰਾਦਾ ਰੱਖਦੇ ਹਨ।
ਕੇਸੀ ਨੇ ਵੀਰਵਾਰ ਸਵੇਰੇ ਸ਼ਾਰਲੇਟਾਊਨ ਵਿਚ ਰੇਡੀਓ-ਕੈਨੇਡਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਪੀਕਰ ਦੇ ਅਹੁਦੇ ਲਈ ਆਪਣਾ ਨਾਮ ਪੇਸ਼ ਕਰਨਗੇ।
ਕੇਸੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਇੱਕ ਦਿਨ ਪਹਿਲਾਂ ਹੀ ਆਪਣਾ ਮਨ ਬਣਾਇਆ ਹੈ ਅਤੇ ਉਹ ਸਮਰਥਨ ਪ੍ਰਾਪਤ ਕਰਨ ਲਈ ਐਮਪੀਜ਼ ਕੋਲ ਪਹੁੰਚ ਕਰ ਰਹੇ ਹਨ।
ਸਪੀਕਰ ਪਾਰਲੀਮੈਂਟ ਵਿੱਚ ਬਹਿਸ ਦੀ ਪ੍ਰਧਾਨਗੀ ਕਰਦਾ ਹੈ ਅਤੇ ਉਹ ਨਿਯੰਤਰਿਤ ਕਰਦਾ ਹੈ ਕਿ ਸਦਨ ਵਿਚ ਬੋਲਣ ਦੀ ਕਿਸ ਦੀ ਵਾਰੀ ਹੈ। ਸਦਨ ਦੇ ਨਿਯਮਾਂ ਨੂੰ ਲਾਗੂ ਕਰਨਾ ਅਤੇ ਉਨ੍ਹਾਂ ਨਿਯਮਾਂ ਦੀ ਵਿਆਖਿਆ 'ਤੇ ਫ਼ੈਸਲੇ ਲੈਣਾ ਸਪੀਕਰ ਦੇ ਮੁੱਖ ਕੰਮਾਂ ਵਿਚੋਂ ਹਨ।
ਪਾਰਲਮੈਂਟ ਵਿੱਚ ਹੋਰ ਅਹੁਦਿਆਂ ਦੇ ਉਲਟ, ਸਪੀਕਰ ਨੂੰ ਨਿਰਪੱਖ ਮੰਨਿਆ ਜਾਂਦਾ ਹੈ, ਯਾਨੀ ਨਾ ਉਹ ਸਰਕਾਰ ਅਤੇ ਨਾ ਵਿਰੋਧੀ ਧਿਰ ਦਾ ਹਿੱਸਾ ਹੁੰਦਾ ਹੈ।
ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਸੰਸਦੀ ਸਮਾਗਮ ਵਿੱਚ ਬੁਲਾਉਣ ‘ਤੇ ਛਿੜੇ ਵਿਵਾਦ ਤੋਂ ਬਾਅਦ ਮੰਗਲਵਾਰ ਨੂੰ ਐਂਥਨੀ ਰੋਟਾ ਨੇ ਸਪੀਕਰ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸ਼ੌਨ ਕੇਸੀ 2011 ਤੋਂ ਸ਼ਾਰਲੇਟਾਊਨ ਰਾਈਡਿੰਗ ਦੀ ਨੁਮਾਇੰਦਗੀ ਕਰ ਰਹੇ ਹਨ।
ਨਵੇਂ ਸਪੀਕਰ ਦੀ ਚੋਣ ਮੰਗਲਵਾਰ ਨੂੰ ਨਿਰਧਾਰਿਤ ਕੀਤੀ ਗਈ ਹੈ।
ਕੈਵਿਨ ਯੈਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ