- ਮੁੱਖ ਪੰਨਾ
- ਸਮਾਜ
ਸਰੀ ਚ ਇੱਕ ਸਿੱਖ ਕਾਰਕੁਨ ਨੂੰ ਕਥਿਤ ਤੌਰ ‘ਤੇ ਪੁਲਿਸ ਨੇ ਦਿੱਤੀ ਉਸਦੀ ਜਾਨ ਨੂੰ ਖ਼ਤਰੇ ਬਾਰੇ ਚਿਤਾਵਨੀ
ਗੁਰਮੀਤ ਸਿੰਘ ਤੂਰ ਵੀ ਉਸੇ ਗੁਰਦੁਆਰੇ ਨਾਲ ਸਬੰਧਤ ਹੈ ਜਿਸ ਨਾਲ ਹਰਦੀਪ ਸਿੰਘ ਨਿੱਝਰ ਸਬੰਧਤ ਸੀ

ਗੁਰਮੀਤ ਸਿੰਘ ਤੂਰ ਨੇ ਕਿਹਾ ਕਿ ਪੁਲਿਸ ਨੇ ਅਗਸਤ ਵਿੱਚ ਉਸ ਦੀ ਜਾਨ ਨੂੰ ਖ਼ਤਰੇ ਬਾਰੇ ਚਿਤਾਵਨੀ ਦੇ ਦਸਤਾਵੇਜ਼ ਦਿੱਤੇ ਸਨ। ਚਿਤਾਵਨੀ ਵਿੱਚ ਖ਼ਤਰੇ ਦੇ ਵੇਰਵੇ ਸ਼ਾਮਲ ਨਹੀਂ ਸਨ।
ਤਸਵੀਰ: (CBC)
ਖ਼ਾਲਿਸਤਾਨ-ਪੱਖੀ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਕੁਝ ਮਹੀਨਿਆਂ ਬਾਅਦ, ਇੱਕ ਸਿੱਖ ਕਾਰਕੁਨ ਨੂੰ ਕਥਿਤ ਤੌਰ ‘ਤੇ ਪੁਲਿਸ ਵੱਲੋਂ ਉਸ ਦੀ ਜਾਨ ਨੂੰ ਖ਼ਤਰੇ ਵਿਚ ਹੋਣ ਬਾਰੇ ਚਿਤਾਵਨੀ ਦਿੱਤੀ ਗਈ ਸੀ।
ਡਿਊਟੀ ਟੂ ਵੌਰਨ
(Duty to Warn) ਦੇ ਸਿਰਲੇਖ ਵਾਲੇ ਨਵੇਂ ਸਾਹਮਣੇ ਆਏ ਦਸਤਾਵੇਜ਼ ਵਿਚ ਗੁਰਮੀਤ ਸਿੰਘ ਤੂਰ ਨੂੰ ਸੰਬੋਧਿਤ ਕੀਤਾ ਗਿਆ ਹੈ ਅਤੇ ਇਹ ਦਸਤਾਵੇਜ਼ ਖ਼ਾਲਿਸਤਾਨ-ਪੱਖੀ ਸਮੂਹ ਸਿੱਖਸ ਫ਼ੌਰ ਜਸਟਿਸ ਨੇ ਜਨਤਕ ਕੀਤਾ ਹੈ।
ਇੱਕ ਅਨੁਵਾਦਕ ਰਾਹੀਂ ਬੋਲਦਿਆਂ, ਗੁਰਮੀਤ ਸਿੰਘ ਤੂਰ ਨੇ ਸੀਬੀਸੀ ਨਿਊਜ਼ ਨੂੰ ਪੁਸ਼ਟੀ ਕੀਤੀ ਕਿ ਸਰੀ ਆਰਸੀਐਮਪੀ ਅਤੇ ਇੰਟੈਗ੍ਰੇਟੇਡ ਨੈਸ਼ਨਲ ਸਿਕਿਓਰਟੀ ਐਨਫ਼ੋਰਸਮੈਂਟ ਟੀਮ (INSET) 24 ਅਗਸਤ ਨੂੰ ਰਾਤੀਂ ਕਰੀਬ 11:30 ਵਜੇ ਉਨ੍ਹਾਂ ਦੇ ਘਰ ਆਈ ਸੀ ਅਤੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਸੀ। ਸੀਬੀਸੀ ਨਿਊਜ਼ ਆਰਸੀਐਮਪੀ ਨਾਲ ਦਸਤਾਵੇਜ਼ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਿਹਾ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਦਸਤਾਵੇਜ਼ ਦੇ ਇੱਕ ਹਿੱਸੇ ਵਿਚ ਲਿਖਿਆ ਹੈ, ਪੁਲਿਸ ਨੇ ਇੱਕ ਜਾਂ ਇੱਕ ਤੋਂ ਵੱਧ ਤਫ਼ਤੀਸ਼ੀ ਤਰੀਕਿਆਂ ਦੁਆਰਾ ਇਹ ਨਿਰਧਾਰਤ ਕੀਤਾ ਹੈ ਕਿ ਤੁਹਾਡੀ ਜ਼ਿੰਦਗੀ ਖ਼ਤਰੇ ਵਿੱਚ ਹੋ ਸਕਦੀ ਹੈ
।
ਇਸ ਸਮੇਂ ਅਸੀਂ ਤੁਹਾਨੂੰ ਖ਼ਤਰੇ ਦੇ ਖ਼ਾਸ ਵੇਰਵੇ ਪ੍ਰਦਾਨ ਕਰਨ ਵਿੱਚ ਅਸਮਰੱਥ ਹਾਂ
।
ਸਿੱਖਸ ਫ਼ੌਰ ਜਸਟਿਸ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਤੂਰ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਇੱਕ ਸੀਨੀਅਰ ਮੈਂਬਰ ਹੈ, ਅਤੇ ਉਹ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ
ਸੀ। ਨਿੱਝਰ ਨੂੰ 18 ਜੂਨ ਨੂੰ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ, ਤੂਰ ਨੇ ਖ਼ਾਲਿਸਤਾਨ ਦੇ ਸਮਰਥਨ ਵਿਚ ਰਾਏਸ਼ੁਮਾਰੀ ਲਈ ਬੀਸੀ ਵਿਚ ਸਰਗਰਮੀ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਤੂਰ ਨੇ ਇੱਕ ਅਨੁਵਾਦਕ ਰਾਹੀਂ ਕਿਹਾ ਕਿ ਦਸਤਾਵੇਜ਼ ਪੇਸ਼ ਕਰਨ ‘ਤੇ, ਆਰਸੀਐਮਪੀ ਨੇ ਉਸ ਨੂੰ ਪੁੱਛਿਆ ਕਿ ਉਹ ਕਿਹੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ, ਪਰ ਅਧਿਕਾਰੀਆਂ ਨੇ ਉਸ ਨੂੰ ਕਥਿਤ ਖ਼ਤਰਿਆਂ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।
ਤੂਰ ਨੇ ਕਿਹਾ ਕਿ ਚਿਤਾਵਨੀ ਮਿਲਣ ਦੇ ਬਾਅਦ ਤੋਂ ਉਹ ਆਪਣੀ ਸੁਰੱਖਿਆ ਲਈ ਚਿੰਤਤ ਹੈ ਅਤੇ ਉਹ ਆਪਣੇ ਆਲੇ ਦੁਆਲੇ ਪ੍ਰਤੀ ਵਧੇਰੇ ਚੌਕਸ ਰਹਿੰਦਾ ਹੈ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੂਆਰੇ ਦੀ 18 ਸਤੰਬਰ ਨੂੰ ਖਿੱਚੀ ਤਸਵੀਰ।
ਤਸਵੀਰ: (Ben Nelms/CBC)
ਭਾਰਤ-ਕੈਨੇਡਾ ਤਣਾਅ
ਹਰਦੀਪ ਸਿੰਘ ਨਿੱਝਰ ਇੱਕ ਕੈਨੇਡੀਅਨ ਨਾਗਰਿਕ ਸੀ ਅਤੇ ਉਹ ਇੱਕ ਸੁਤੰਤਰ ਸਿੱਖ ਰਾਜ, ਖ਼ਾਲਿਸਤਾਨ, ਬਣਾਉਣ ਦਾ ਹਿਮਾਇਤੀ ਸੀ। ਭਾਰਤ ਸਰਕਾਰ ਨੇ ਨਿੱਝਰ ਨੂੰ ਅੱਤਵਾਦੀ
ਐਲਾਨਿਆ ਹੋਇਆ ਸੀ ਅਤੇ ਉਸ ਉੱਪਰ ਇੱਕ ਅੱਤਵਾਦੀ-ਵੱਖਵਾਦੀ ਸਮੂਹ ਦੀ ਅਗਵਾਈ
ਦਾ ਇਲਜ਼ਾਮ ਲਗਾਇਆ ਸੀ। ਨਿੱਝਰ ਦੇ ਸਮਰਥਕ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹਨ।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਪਾਰਲੀਮੈਂਟ ਵਿਚ ਦਿੱਤੇ ਵਿਸਫੋਟਕ ਬਿਆਨਾਂ ਤੋਂ ਦੋ ਹਫ਼ਤੇ ਪਹਿਲਾਂ ਉਕਤ ਦਸਤਾਵੇਜ਼ ਗੁਰਮੀਤ ਸਿੰਘ ਤੂਰ ਨੂੰ ਜਾਰੀ ਕੀਤੇ ਗਏ ਸਨ।
ਟ੍ਰੂਡੋ ਨੇ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਕੈਨੇਡੀਅਨ ਖ਼ੂਫ਼ੀਆ ਤੰਤਰ ਕੋਲ ਇਹ ਮੰਨਣ ਦੇ ਕਾਰਨ ਮੌਜੂਦ ਹਨ ਕਿ ਨਿੱਝਰ ਦਾ ਕਤਲ ਭਾਰਤ ਸਰਕਾਰ ਦੇ ਏਜੰਟਾਂ
ਨੇ ਕੀਤਾ ਹੈ। ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰਧਾਨ ਸੀ।
ਭਾਰਤ ਸਰਕਾਰ ਨੇ ਨਿੱਝਰ ਦੇ ਕਤਲ ਵਿਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਦੋਵੇਂ ਮੁਲਕਾਂ ਦੇ ਸਬੰਧਾਂ ਵਿਚ ਕੜਵਾਹਟ ਆ ਗਈ ਹੈ। ਭਾਰਤ ਅਤੇ ਕੈਨੇਡਾ ਇੱਕ ਦੂਸਰੇ ਦੇ ਸੀਨੀਅਰ ਡਿਪਲੋਮੈਟਾਂ ਨੂੰ ਬਰਖ਼ਾਸਤ ਕਰ ਚੁੱਕੇ ਹਨ ਅਤੇ ਵੀਰਵਾਰ ਤੋਂ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਹਨ।
ਦੋਵਾਂ ਮੁਲਕਾਂ ਦਰਮਿਆਨ ਵਪਾਰਕ ਗੱਲਬਾਤ ਵੀ ਰੁਕ ਗਈ ਹੈ।
ਨਿੱਝਰ ਦੀ ਮੌਤ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।
ਕੈਨੇਡਾ ਵਿੱਚ ਲਗਭਗ 770,000 ਸਿੱਖ ਰਹਿੰਦੇ ਹਨ, ਜੋ ਕਿ ਪੰਜਾਬ ਤੋਂ ਬਾਹਰ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਹੈ। ਸਾਰੇ ਸਿੱਖ ਇੱਕ ਸੁਤੰਤਰ ਖ਼ਾਲਿਸਤਾਨ ਬਣਾਉਣ ਦਾ ਸਮਰਥਨ ਨਹੀਂ ਕਰਦੇ।
ਸਿੱਖ ਹਿੱਤਾਂ ਦੀ ਨੁਮਾਇੰਦਗੀ ਕਰਦੇ ਇੱਕ ਗਰੁੱਪ, ਵਰਲਡ ਸਿੱਖ ਔਰਗੇਨਾਈਜ਼ੇਸ਼ਨ ਔਫ਼ ਕੈਨੇਡਾ (WSO) ਨੇ ਕਿਹਾ ਕਿ ਨਿੱਝਰ ਨੇ ਆਪਣੇ ਕਤਲ ਤੋਂ ਪਹਿਲਾਂ ਆਪਣੀ ਜਾਨ ਨੂੰ ਖ਼ਤਰੇ
ਦੀ ਗੱਲ ਕੀਤੀ ਸੀ, ਅਤੇ ਦਾਅਵਾ ਕੀਤਾ ਸੀ ਕਿ ਉਸਨੂੰ ਭਾਰਤ ਦੀਆਂ ਖ਼ੂਫ਼ੀਆ ਏਜੰਸੀਆਂ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
WSO ਨੇ ਕਿਹਾ ਕਿ ਕਈ ਹੋਰ ਕੈਨੇਡੀਅਨ ਸਿੱਖ ਵੀ ਖ਼ਤਰੇ ਵਿੱਚ
ਹਨ ਅਤੇ ਭਾਰਤ ਦੀ ਹਿੱਟ ਲਿਸਟ
‘ਤੇ ਹਨ।
ਮਿਸ਼ੈਲ ਗੌਸੂਬ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ