- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਨਾਜ਼ੀ ਯੂਨਿਟ ਚ ਤੈਨਾਤ ਰਹੇ ਸਾਬਕਾ ਫ਼ੌਜੀ ਨੂੰ ਪਾਰਲੀਮੈਂਟ ਚ ਸੱਦਣ ‘ਤੇ ਟ੍ਰੂਡੋ ਨੇ ਮੁਆਫ਼ੀ ਮੰਗੀ
ਯੈਰੋਸਲੈਵ ਹੁਨਕਾ ਹਿਟਲਰ ਦੀ ਫ਼ੌਜ ਦੀ 1st ਗੈਲੀਸ਼ੀਅਨ ਡਿਵੀਜ਼ਨ ਵਿਚ ਤੈਨਾਤ ਸੀ

27 ਸਤੰਬਰ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਪਾਰਲੀਮੈਂਟ ਹਿੱਲ ਵਿਚ ਇੱਕ ਕੌਕਸ ਮੀਟਿੰਗ ਲਈ ਪਹੁੰਚਦੇ ਹੋਏ।
ਤਸਵੀਰ: (Sean Kilpatrick/Canadian Press)
ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਸੰਸਦੀ ਸਮਾਗਮ ਵਿੱਚ ਬੁਲਾਉਣ ਅਤੇ ਸਨਮਾਨਿਤ ਕਰਨ ‘ਤੇ ਛਿੜੇ ਵਿਵਾਦ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕੈਨੇਡਾ ਦੀ ਤਰਫ਼ੋਂ ਮੁਆਫ਼ੀ ਮੰਗੀ ਹੈ।
ਟ੍ਰੂਡੋ ਨੇ ਕਿਹਾ, ਅਸੀਂ ਸਾਰੇ ਜੋ ਸ਼ੁੱਕਰਵਾਰ ਨੂੰ ਇਸ ਸਦਨ ਵਿੱਚ ਸੀ, ਉਨ੍ਹਾਂ ਸਾਰਿਆਂ ਨੂੰ ਡੂੰਘਾ ਅਫਸੋਸ ਹੈ ਕਿ ਅਸੀਂ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ, ਭਾਵੇਂ ਅਸੀਂ ਸੰਦਰਭ ਤੋਂ ਜਾਣੂ ਨਹੀਂ ਸਾਂ
।
ਟ੍ਰੂਡੋ ਨੇ ਕਿਹਾ ਕਿ ਇਹ ਘਟਨਾ ਯਹੂਦੀ ਘੱਲੂਘਾਰੇ ਵਿਚ ਮਾਰੇ ਗਏ ਲੱਖਾਂ ਲੋਕਾਂ ਦੀ ਯਾਦ ਦੀ ਇੱਕ ਭਿਆਨਕ ਉਲੰਘਣਾ
ਸੀ ਅਤੇ ਯੈਰਸਲੈਵ ਹੁਨਕਾ ਨੂੰ ਸਨਮਾਨਿਤ ਕਰਨਾ ਯਹੂਦੀ, ਪੋਲਜ਼, ਰੋਮਾ, ਸਮਲਿੰਗੀ ਅਤੇ ਹੋਰ ਨਸਲੀ ਭਾਈਚਾਰਿਆਂ ਲਈ ਬੇਹੱਦ ਦਰਦਨਾਕ
ਸੀ ਜਿਨ੍ਹਾਂ ਨੂੰ ਨਾਜ਼ੀ ਸ਼ਾਸਨ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।
ਟ੍ਰੂਡੋ ਨੇ ਇਹ ਵੀ ਦੁਹਰਾਇਆ ਕਿ ਕੈਨੇਡਾ ਜ਼ੈਲੈਂਸਕੀ ਤੋਂ ਵੀ ਬਹੁਤ ਮੁਆਫ਼ੀ ਚਾਹੁੰਦਾ ਹੈ
, ਜਿਸਨੂੰ ਹੁਨਕਾ ਦੀ ਤਾਰੀਫ਼ ਕਰਦੇ ਹੋਏ ਦਿਖਾਇਆ ਗਿਆ ਸੀ - ਇੱਕ ਅਜਿਹੀ ਤਸਵੀਰ ਜਿਸਦਾ ਰੂਸੀ ਪ੍ਰਚਾਰਕਾਂ ਨੇ ਦੁਰਵਰਤੋਂ ਕੀਤੀ।
ਟ੍ਰੂਡੋ ਦੀ ਇਹ ਟਿੱਪਣੀ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਚ ਉਨ੍ਹਾਂ ਕਿਹਾ ਕਿ ਜ਼ੇਲੈਂਸਕੀ ਦੇ ਸੰਸਦ ਵਿੱਚ ਇਤਿਹਾਸਕ ਸੰਬੋਧਨ ਲਈ ਇੱਕ ਯੂਕਰੇਨੀ ਨਾਜ਼ੀ ਸਾਬਕਾ ਫ਼ੌਜੀ ਨੂੰ ਸੱਦਾ ਦੇਣਾ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੂਟਨੀਤਕ ਨਮੋਸ਼ੀ
ਹੈ।
ਅਸਤੀਫ਼ਾ ਦੇ ਚੁੱਕੇ ਸਪੀਕਰ ਐਂਥਨੀ ਰੋਟਾ ਦੇ ਇਹ ਦਾਅਵਾ ਕਰਨ ਦੇ ਬਾਵਜੂਦ ਕਿ ਹੁਨਕਾ ਨੂੰ ਸਦਨ ਵਿਚ ਬੁਲਾਉਣ ਲਈ ਉਹ ਇਕੱਲੇ ਜ਼ਿੰਮੇਵਾਰ ਸਨ, ਪੌਲੀਐਵ ਇਸ ਘਟਨਾ ਦਾ ਇਲਜ਼ਾਮ ਟ੍ਰੂਡੋ ‘ਤੇ ਮੜ੍ਹ ਰਹੇ ਹਨ।
ਪਾਰਲੀਮੈਂਟ ਹਿੱਲ 'ਤੇ ਕੰਜ਼ਰਵੇਟਿਵ ਕੌਕਸ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਪੌਲੀਐਵ ਨੇ ਕਿਹਾ ਕਿ ਜ਼ੈਲੈਂਸਕੀ ਦੀ ਕੈਨੇਡਾ ਫੇਰੀ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਟ੍ਰੂਡੋ ਦੀ ਸੀ - ਅਤੇ ਹੁਨਕਾ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਨਾਲ ਵਿਸ਼ਵ ਪੱਧਰ 'ਤੇ ਕੈਨੇਡਾ ਦੀ ਸਾਖ ਨੂੰ ਠੇਸ ਪਹੁੰਚੀ ਹੈ।
ਪਾਰਲੀਮੈਂਟ ਵਿਚ ਸਮਾਗਮ ਦੌਰਾਨ ਐਂਥਨੀ ਰੋਟਾ ਨੇ ਹੁਨਕਾ ਨੂੰ ਕੈਨੇਡੀਅਨ ਹੀਰੋ ਵੀ ਆਖਿਆ ਸੀ, ਜਿਸ ਤੋਂ ਬਾਅਦ ਹੁਨਕਾ ਨੂੰ ਸਟੈਂਡਿੰਗ ਓਵੇਸ਼ਨ ਮਿਲੀ ਸੀ ਭਾਵ ਲੋਕ ਉਸਦੇ ਸਨਮਾਨ ਵਿਚ ਖੜੇ ਹੋਏ ਸਨ।
ਹਾਊਸ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਰੋਟਾ ਵੱਲੋਂ ਕੀਤੀ ਚੋਣ ਹਾਊਸ ਔਫ਼ ਕੌਮਨਜ਼ ਦੇ ਪ੍ਰੋਟੋਕੋਲ ਦਫ਼ਤਰ ਨੂੰ ਭੇਜੀ ਗਈ ਸੀ ਅਤੇ ਹਾਜ਼ਰੀਨ ਦੀ ਪੁਸ਼ਟੀ ਕੀਤੀ ਸੂਚੀ ਨੂੰ ਕਾਰਪੋਰੇਟ ਸੁਰੱਖਿਆ ਨਾਲ ਸਾਂਝਾ ਕੀਤਾ ਗਿਆ ਸੀ, ਜੋ ਕਿ ਪੱਛਮੀ ਬਲਾਕ ਵਿੱਚ ਕੌਮਨਜ਼ ਚੈਂਬਰ ਸਮੇਤ ਪਾਰਲੀਮੈਂਟ ਦੇ ਅਹਾਤੇ ਵਿੱਚ ਸੁਰੱਖਿਆ ਲਈ ਅੰਸ਼ਕ ਤੌਰ 'ਤੇ ਜ਼ਿੰਮੇਵਾਰ ਹੈ।
ਐਂਥਨੀ ਦੇ ਬੁਲਾਰੇ ਅਨੁਸਾਰ ਸਪੀਕਰ ਦੀ ਮਹਿਮਾਨ ਸੂਚੀ ਪ੍ਰਧਾਨ ਮੰਤਰੀ ਦਫ਼ਤਰ ਜਾਂ ਕਿਸੇ ਹੋਰ ਧਿਰ ਨਾਲ ਸਾਂਝੀ ਨਹੀਂ ਕੀਤੀ ਗਈ ਸੀ।
ਪਰ ਇਸਦੇ ਬਾਵਜੂਦ, ਪੌਲੀਐਵ ਦਾ ਕਹਿਣਾ ਹੈ ਕਿ ਜ਼ੈਲੈਂਸਕੀ ਦੇ ਭਾਸ਼ਣ ਵਰਗੇ ਇਤਿਹਾਸਕ ਸਮਾਗਮ ਬਾਬਤ ਟ੍ਰੂਡੋ ਦੇ ਦਫ਼ਤਰ ਕੋਲ ਕੁਝ ਤਾਂ ਜਾਣਕਾਰੀ ਹੋਣੀ ਚਾਹੀਦੀ ਸੀ ਕਿ ਸਮਾਗਮ ਵਿਚ ਕੌਣ ਕੌਣ ਪਹੁੰਚ ਰਿਹਾ ਹੈ।
ਇਸ ਵਿਵਾਦ ਦੇ ਚਲਦਿਆਂ ਮੰਗਲਵਾਰ ਨੂੂੰ ਐਂਥਨੀ ਰੋਟਾ ਨੇ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਭਾਵੇਂ ਇਸ ਮਾਮਲੇ ਵਿਚ ਐਂਥਨੀ ਰੋਟਾ ਨੇ ਮੁਆਫ਼ੀ ਮੰਗ ਲਈ ਸੀ, ਪਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ।
ਪਹਿਲਾਂ ਵਿਰੋਧੀ ਧਿਰ ਨੇ ਸਪੀਕਰ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ ਪਰ ਮੰਗਲਵਾਰ ਤੋਂ ਇਹ ਮੰਗ ਕਰਨ ਵਾਲਿਆਂ ਵਿਚ ਕੁਝ ਕੈਬਿਨੇਟ ਮੰਤਰੀ ਵੀ ਸ਼ਾਮਲ ਹੋ ਗਏ ਸਨ।
ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ, ਸ਼ੁੱਕਰਵਾਰ ਨੂੰ ਜੋ ਹੋਇਆ ਉਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਇਹ ਸਦਨ ਅਤੇ ਕੈਨੇਡੀਅਨਾਂ ਲਈ ਨਮੋਸ਼ੀ ਵਾਲੀ ਗੱਲ ਸੀ। ਮੈਨੂੰ ਲੱਗਦਾ ਹੈ ਕਿ ਸਪੀਕਰ ਨੂੰ ਸਦਨ ਦੇ ਮੈਂਬਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਅਹੁਦਾ ਛੱਡ ਦੇਣਾ ਚਾਹੀਦਾ ਹੈ
।
ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲਡ, ਇੰਡਸਟਰੀ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਸਣੇ ਕਈ ਸੀਨੀਅਰ ਲਿਬਰਲਾਂ ਨੇ ਵੀ ਰੋਟਾ ਦੇ ਅਸਤੀਫ਼ੇ ਦਾ ਹੀ ਨਜ਼ਰੀਆ ਰੱਖਿਆ ਸੀ।
ਪਰ ਰੋਟਾ ਦੇ ਅਸਤੀਫ਼ੇ ਦੇ ਬਾਵਜੂਦ ਹੁਨਕਾ ਨੂੰ ਪਾਰਲੀਮੈਂਟ ਚ ਸੱਦਣ ਦਾ ਵਿਵਾਦ ਰੁਕਿਆ ਨਹੀਂ ਜਾਪਦਾ।
ਇਕ ਯਹੂਦੀ ਸਮੂਹ, ਬਨਾਈ ਬ੍ਰਿਥ ਦਾ ਕਹਿਣਾ ਹੈ ਕਿ ਸਰਕਾਰ ਨੂੰ ਲਾਜ਼ਮੀ ਤੌਰ 'ਤੇ Deschenes ਕਮਿਸ਼ਨ (ਨਵੀਂ ਵਿੰਡੋ) ਦੀ 1980 ਦੇ ਦਹਾਕੇ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਕੈਨੇਡਾ ਵਿਚ ਯੂਕਰੇਨੀ ਨਾਜ਼ੀ ਗਤੀਵਿਧੀਆਂ ਬਾਰੇ ਪਤਾ ਲੱਗ ਸਕੇ।
ਰਿਪੋਰਟਾਂ (ਨਵੀਂ ਵਿੰਡੋ) ਦੱਸਦੀਆਂ ਹਨ ਕਿ ਬ੍ਰਿਟੇਨ ਦੇ ਕਹਿਣ ‘ਤੇ (ਨਵੀਂ ਵਿੰਡੋ) ਅਡੌਲਫ ਹਿਟਲਰ ਦੇ ਵੈਫੇਨ-ਐਸਐਸ ਦੇ ਲਗਭਗ 2,000 ਯੂਕਰੇਨੀ ਮੈਂਬਰਾਂ ਨੂੰ ਯੁੱਧ ਤੋਂ ਬਾਅਦ ਕੈਨੇਡਾ ਵਿੱਚ ਦਾਖਲ ਕਰਵਾਇਆ ਗਿਆ ਸੀ। ਕਮਿਸ਼ਨ ਦਾ ਕਹਿਣਾ ਹੈ ਕਿ ਸੰਖਿਆ ਸੰਭਾਵਤ ਤੌਰ 'ਤੇ ਇਸ ਤੋਂ ਘੱਟ (ਨਵੀਂ ਵਿੰਡੋ) ਹੈ।
ਪਰ ਯਹੂਦੀ ਸਮੂਹ ਲੰਬੇ ਸਮੇਂ ਤੋਂ ਇਸ ਗੱਲ ਦੀ ਆਲੋਚਨਾ ਕਰਦੇ ਰਹੇ ਹਨ ਕਿ ਕਿਵੇਂ ਇਹਨਾਂ ਲੋਕਾਂ ਨੂੰ ਹਿਟਲਰ ਦੀਆਂ ਫੌਜਾਂ ਵਿੱਚ ਸਵੈ-ਇੱਛਾ ਨਾਲ ਸੇਵਾ ਕਰਨ ਤੋਂ ਬਾਅਦ ਕੈਨੇਡਾ ਵਿੱਚ ਸ਼ਾਂਤੀ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ।
ਬਨਾਈ ਬ੍ਰਿਥ ਦੇ ਸੀਈਓ, ਮਾਈਕਲ ਮੋਸਟਿਨ ਨੇ ਕਿਹਾ ਕਿ ਸ਼ੁੱਕਰਵਾਰ ਦੀ ਘਟਨਾ ਤੋਂ ਬਾਅਦ ਸਰਕਾਰ ਲਈ ਜੰਗ ਦੇ ਦੌਰ ਦੇ ਆਪਣੇ ਰਿਕਾਰਡਾਂ ਨੂੰ ਜਨਤਕ ਕਰਨਾ ਜ਼ਰੂਰੀ ਹੋ ਗਿਆ ਹੈ।
ਰਿਪੋਰਟ ਦੇ ਜਨਤਕ ਕੀਤੇ ਜਾਣ ਬਾਰੇ ਜਸਟਿਸ ਮਿਨਿਸਟਰ ਆਰਿਫ਼ ਵੀਰਾਨੀ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।
ਕਮਿਸ਼ਨ ਦੀ ਰਿਪੋਰਟ ਦਾ ਇੱਕ ਹਿੱਸਾ ਜਨਤਕ ਕੀਤਾ ਗਿਆ ਸੀ, ਜਦਕਿ ਕੈਨੇਡਾ ਵਿਚ ਕਥਿਤ ਨਾਜ਼ੀਆਂ ਦੇ ਨਾਂ ਵਾਲਾ ਹਿੱਸਾ, ਗੁਪਤ ਰੱਖਿਆ ਗਿਆ ਸੀ।
- ਸਾਡੇ ਆਰਕਾਈਜ਼ ਵਿੱਚੋਂ: ਵਿਵਾਦਿਤ ਯੂਕਰੇਨੀ ਰਾਸ਼ਟਰੀ ਨਾਇਕ ਦੇ ਕੈਨੇਡਾ ਸਮਾਰਕ 'ਤੇ ਛਿੜੀ ਬਹਿਸ
ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ